ਪਟਿਆਲਾ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵਿਭਾਗੀ ਮੁਖੀਆਂ ਨੂੰ ਚੋਣ ਜਾਬਤੇ ਦੀ ਪਾਲਣਾ ਸਖ਼ਤੀ ਨਾਲ ਕਰਨ ਦੇ ਆਦੇਸ਼

ਚੋਣ ਜਾਬਤੇ ਦੀ ਉਲੰਘਣਾ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ-ਕੁਮਾਰ ਅਮਿਤ
ਚੋਣ ਜਾਬਤੇ ਦੀ ਪਾਲਣਾ ਸਬੰਧੀਂ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ
ਪਟਿਆਲਾ, 15 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਲੋਕ ਸਭਾ ਚੋਣਾਂ ਸਬੰਧੀਂ ਲਾਗੂ ਹੋਏ ਚੋਣ ਜਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹਨ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਅਤੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ, ਇਸ ਲਈ ਸਮੂਹ ਅਧਿਕਾਰੀ ਇਸ ਪ੍ਰਤੀ ਪੂਰੀ ਸਾਵਧਾਨੀ ਵਰਤਣ।

ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਦੀਆਂ ਚੋਣ ਜਾਬਤੇ ਸਬੰਧੀਂ ਹਦਾਇਤਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਇਸ ਦੀ ਪਾਲਣਾ ਕੀਤੀ ਜਾਵੇ। ਸਰਕਾਰੀ ਇਮਾਰਤਾਂ ਅਤੇ ਸਰਕਾਰੀ ਮਸ਼ੀਨਰੀ ‘ਤੇ ਕਿਸੇ ਵੀ ਕਿਸਮ ਦਾ ਚੋਣ ਪ੍ਰਚਾਰ ਨਾ ਹੋਣ ਦਿੱਤਾ ਜਾਵੇ ਅਤੇ ਜੇਕਰ ਸਰਕਾਰੀ ਇਮਾਰਤਾਂ ਆਦਿ ‘ਤੇ ਕਿਸੇ ਸਿਆਸੀ ਪਾਰਟੀ ਵੱਲੋਂ ਚੋਣ ਪ੍ਰਚਾਰ ਦੀ ਕੋਈ ਸਮੱਗਰੀ ਲਗਾਈ ਜਾਂਦੀ ਹੈ ਤਾਂ ਪ੍ਰਾਪਰਟੀ ਡੀਫੇਸਮੈਂਟ ਐਕਟ ਤਹਿਤ ਕਾਰਵਾਈ ਕਰਕੇ ਐਫ.ਆਈ.ਆਰ. ਦਰਜ ਕਰਵਾਈ ਜਾਵੇ। ਇਸ ਤੋਂ ਬਿਨ੍ਹਾਂ ਇਹ ਵੀ ਸਰਟੀਫਿਕੇਟ ਦਿੱਤਾ ਜਾਵੇ ਕਿ ਸਬੰਧਤ ਦਫ਼ਤਰ ਦੀ ਇਮਾਰਤ ‘ਤੇ ਅਜਿਹੀ ਕੋਈ ਸਮਗਰੀ ਨਹੀਂ ਲੱਗੀ ਹੋਈ। ਜਦੋਂਕਿ ਸਰਕਾਰੀ ਸਕੀਮਾਂ ਆਦਿ ਦੇ ਇਸ਼ਤਿਹਾਰ ਸਮੇਤ ਸਰਕਾਰੀ ਅਹੁਦਿਆਂ ‘ਤੇ ਤਾਇਨਾਤ ਰਾਜਸੀ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਵੀ ਆਪਣੇ ਦਫ਼ਤਰਾਂ ਵਿੱਚੋਂ ਤੁਰੰਤ ਹਟਾਈਆਂ ਜਾਣ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਕੋਈ ਵੀ ਵਿਕਾਸ ਦਾ ਕੰਮ ਨਵਾਂ ਸ਼ੁਰੂ ਨਹੀਂ ਹੋ ਸਕਦਾ ਅਤੇ ਪੁਰਾਣੇ ਤੇ ਚੱਲ ਰਹੇ ਰਹੇ ਕੰਮਾਂ ਦੇ ਪੂਰੇ ਵੇਰਵੇ ਜ਼ਿਲ੍ਹਾ ਚੋਣ ਅਫ਼ਸਰ ਦੇ ਦਫ਼ਤਰ ਤੁਰੰਤ ਪੁਜਦੇ ਕੀਤੇ ਜਾਣ। ਇਸ ਤੋਂ ਬਿਨ੍ਹਾਂ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਹੁਣ ਨਾ ਰਲੀਵ ਹੋ ਸਕੇਗਾ ਤੇ ਨਾਂ ਹੀ ਜੁਆਇਨ ਹੋ ਸਕੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਚੋਣ ਜਾਬਤੇ ਦੀ ਉਲੰਘਣਾ ਹੋਣ ਦੀ ਸੂਰਤ ‘ਚ ਸਬੰਧਤ ਅਧਿਕਾਰੀ ਖ਼ੁਦ ਜਿੰਮੇਵਾਰ ਹੋਵੇਗਾ। ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਸਪਸ਼ਟ ਕੀਤਾ ਕਿ ਚੱਲ ਰਹੇ ਕੰਮ ਅਤੇ ਪਹਿਲਾਂ ਚੱਲ ਰਹੀਆਂ ਸਕੀਮਾਂ ਬੰਦ ਨਹੀਂ ਹੋਣਗੀਆਂ।
ਇਸ ਮੌਕੇ ਮੌਜੂਦ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਵੀ ਚੋਣ ਜਾਬਤੇ ਸਬੰਧੀਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਅਤੇ ਆਦੇਸ਼ ਦਿੱਤੇ ਕਿ ਸਮੂਹ ਅਧਿਕਾਰੀ ਸੁਚੇਤ ਹੋ ਕੇ ਆਪਣੀ ਡਿਊਟੀ ਕਰਨ। ਇਸ ਮੀਟਿੰਗ ਮੌਕੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਇੰਪਰੂਵਮੈਂਟ ਟਰਸਟ ਦੀ ਚੇਅਰਪਰਸਨ ਸ੍ਰੀਮਤੀ ਸੁਰਭੀ ਮਲਿਕ, ਸਹਾਇਕ ਕਮਿਸ਼ਨਰ (ਯੂ.ਟੀ.) ਸ੍ਰੀ ਰਾਹੁਲ ਸਿੰਧੂ, ਮੁੱਖ ਡਾਕਘਰ ਦੇ ਸੀਨੀਅਰ ਸੁਪਰਡੈਂਟ ਮਿਸ ਆਰਤੀ ਵਰਮਾ, ਆਰ.ਟੀ.ਏ. ਸ੍ਰੀ ਅਰਵਿੰਦ ਕੁਮਾਰ, ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਇਸਮਤ ਵਿਜੇ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮਿਸ ਇਨਾਇਤ ਗੁਪਤਾ, ਸੰਯੁਕਤ ਕਮਿਸ਼ਨਰ ਨਗਰ ਨਿਗਮ ਮਿਸ ਹਰਕੀਰਤ ਕੌਰ, ਚੋਣ ਤਹਿਸੀਲਦਾਰ ਸ੍ਰੀ ਰਾਮਜੀ ਲਾਲ, ਚੋਣ ਕਾਨੂੰਗੋ ਵਿਜੇ ਕੁਮਾਰ ਵੀ ਮੌਜੂਦ ਸਨ।

Leave a Reply

Your email address will not be published. Required fields are marked *