ਪੰਜਾਬਪਟਿਆਲਾ

ਜ਼ਿਲ੍ਹੇ ਭਰ ‘ਚ ਮੈਡੀਕਲ ਤੇ ਖਾਦਾਂ ਦੇ ਕੀੜੇਮਾਰ ਦਵਾਈਆਂ ਦੇ ਸਟੋਰਾਂ ਦੀ ਅਚਨਚੇਤ ਪੜਤਾਲ

ਦਵਾਈਆਂ ਤੇ ਕੀਟਨਾਸ਼ਕਾਂ ਦੇ ਨਮੂਨੇ ਇਕੱਤਰ ਕੀਤੇ
ਪਟਿਆਲਾ, 11 ਜੂਨ (ਕੰਵਰ ਬੇਦੀ//ਮਧੂਸਾਰ ਬਿਊਰੋ)ਪੰਜਾਬ ਵਾਸੀਆਂ ਦੀ ਚੰਗੀ ਸਿਹਤ ਅਤੇ ਚੰਗੀ ਸੋਚ ਨੂੰ ਬੜਾਵਾ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ‘ਤੰਦਰੁਸਤ ਪੰਜਾਬ’ ਨੂੰ ਸਫ਼ਲ ਬਨਾਉਣ ਲਈ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਯਤਨਸ਼ੀਲ ਹੈ, ਇਸ ਤਹਿਤ ਅੱਜ ਵੱਖ-ਵੱਖ ਟੀਮਾਂ ਵੱਲੋਂ ਜ਼ਿਲ੍ਹੇ ਭਰ ਅੰਦਰ ਮੈਡੀਕਲ ਸਟੋਰਾਂ ਅਤੇ ਖਾਦ ਤੇ ਕੀਟਨਾਸ਼ਕਾਂ ਦੇ ਸਟੋਰਾਂ ਦੀ ਅਚਨਚੇਤ ਪੜਤਾਲ ਕੀਤੀ ਗਈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦਿੱਤੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਅਚਨਚੇਤ ਪੜਤਾਲ ਦੌਰਾਨ ਕਈ ਦੁਕਾਨਾਂ ਵਿਖੇ ਪਾਈਆਂ ਗਈਆਂ ਊਣਤਾਈਆਂ ਦਾ ਸਖ਼ਤ ਨੋਟਿਸ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿਆਦ ਪੁਗਾ ਚੁੱਕੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਅਤੇ ਕਈ ਥਾਂਈਂ ਨਮੂਨੇ ਵੀ ਭਰ ਗਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਵੀ ਮੌਜੂਦ ਸਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਤੇ ਦਵਾਈਆਂ ਸਮੇਤ ਖਾਣ ਪੀਣ ਦਾ ਮਿਆਰੀ ਸਮਾਨ ਅਤੇ ਸ਼ੁੱਧ ਆਬੋ-ਹਵਾ ਮੁਹੱਈਆ ਕਰਵਾਉਣ ਲਈ ਦਰਜਨ ਦੇ ਕਰੀਬ ਸਰਕਾਰੀ ਵਿਭਾਗਾਂ ਨੂੰ ਨਾਮਜਦ ਕੀਤਾ ਗਿਆ ਹੈ। ਸ੍ਰੀ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਵਿਭਾਗਾਂ ਦੀ ਜ਼ਿਲ੍ਹਾ ਪੱਧਰੀ ਟਾਸਕ ਫ਼ੋਰਸ ਦਾ ਗਠਨ ਉਨ੍ਹਾਂ ਦੀ ਅਗਵਾਈ ਹੇਠ ਕੀਤਾ ਗਿਆ ਹੈ, ਜਿਸ ਵੱਲੋਂ ਅਜਿਹੀ ਅਚਨਚੇਤ ਪੜਤਾਲ ਭਵਿੱਖ ‘ਚ ਵੀ ਜਾਰੀ ਰਹੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ (ਜ) ਸ. ਸੂਬਾ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਪਟਿਆਲਾ ਵਿਖੇ ਕੀਟਨਾਸ਼ਕ ਤੇ ਖਾਦਾਂ ਸਟੋਰਾਂ ਦੀ ਪੜਤਾਲ ਕੀਤੀ, ਜਿਥੇ ਇਸ ਵੱਲੋਂ ਮਿਆਦ ਪੁਗਾ ਚੁੱਕੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਅਤੇ ਕਈ ਦਵਾਈਆਂ ਦੇ ਨਮੂਨੇ ਵੀ ਇਕੱਤਰ ਕੀਤੇ ਗਏ। ਇਸ ਟੀਮ ‘ਚ ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਅਰਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ (ਪਲਾਂਟ ਪ੍ਰੋਟੈਕਸ਼ਨ) ਕੁਲਦੀਪ ਇੰਦਰ ਸਿੰਘ ਢਿੱਲੋਂ ਅਤੇ ਖੇਤੀਬਾੜੀ ਵਿਕਾਸ ਅਫ਼ਸਰ (ਇਨਫੋਰਸਮੈਂਟ) ਅਰਵਿੰਦਰ ਸਿੰਘ ਮਾਨ ਸ਼ਾਮਲ ਸਨ।
ਜਦੋਂਕਿ ਦਵਾਈਆਂ ਦੀਆਂ ਦੁਕਾਨਾਂ ਦੀ ਪੜਤਾਲ ਲਈ ਸਥਾਨਕ ਸਰਕਾਰਾਂ ਵਿਭਾਗ ਦੇ ਪਟਿਆਲਾ ਰੀਜ਼ਨ ਦੇ ਡਿਪਟੀ ਡਾਇਰੈਕਟਰ ਸ੍ਰੀਮਤੀ ਜੀਵਨ ਜੋਤ ਕੌਰ ਤੇ ਜੁਆਇੰਟ ਡਿਪਟੀ ਡਾਇਰੈਕਟਰ ਪਰਵਿੰਦਰ ਸਿੰਘ ਦੀ ਟੀਮ ਸਮੇਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਅਤੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਮਨਪ੍ਰੀਤ ਸਿੰਘ ਦੂਆ ਦੀ ਅਗਵਾਈ ਹੇਠਲੀਆਂ ਟੀਮ ਨੇ ਦਵਾਈਆਂ ਦੀਆਂ ਦੁਕਾਨਾਂ ਦੀ ਪੜਤਾਲ ਕੀਤੀ।
ਇਸ ਮੌਕੇ ਜ਼ਿਲ੍ਹੇ ‘ਚ ਬਾਹਰਲੇ ਜ਼ਿਲ੍ਹਿਆਂ ਦੇ ਡਰੱਗ ਇੰਸਪੈਕਟਰ ਇਨ੍ਹਾਂ ਟੀਮਾਂ ‘ਚ ਸ਼ਾਮਲ ਕੀਤੇ ਗਏ ਸਨ, ਜਿਨ੍ਹਾਂ ‘ਚ ਡਰੱਗ ਇੰਸਪੈਕਟਰ ਸੰਗਰੂਰ ਸ੍ਰੀਮਤੀ ਕਰੁਨਾ ਗੁਪਤਾ, ਪਰਨੀਤ ਕੌਰ, ਰੋਹਤ ਕਾਲੜਾ, ਸੰਤੋਸ਼ ਜਿੰਦਲ, ਅਮਨਦੀਪ, ਨਵਪ੍ਰੀਤ ਸਿੰਘ, ਗੁਨਦੀਪ ਬਾਂਸਲ ਆਦਿ ਸ਼ਾਮਲ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬ ਡਵੀਜਨਾਂ ਸਮਾਣਾਂ, ਨਾਭਾ, ਪਾਤੜਾਂ ਤੇ ਰਾਜਪੁਰਾ ਵਿਖੇ ਵੱਖਰੀਆਂ ਟੀਮਾਂ ਨੇ ਅਚਨਚੇਤ ਪੜਤਾਲ ਕੀਤੀ। ਉੁਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਵੱਲੋਂ ਅੱਜ ਪਾਈਆਂ ਗਈਆਂ ਖਾਮੀਆਂ ਅਤੇ ਊਣਤਾਈਆਂ ਲਈ ਇਨ੍ਹਾਂ ਸਟੋਰਾਂ ਦੇ ਮਾਲਕਾ ਨੂੰ ਨੋਟਿਸ ਕੱਢੇ ਜਾਣਗੇ ਅਤੇ ਇਕੱਤਰ ਕੀਤੇ ਗਏ ਨਮੂਨਿਆਂ ਦੀ ਅਗਲੇਰੀ ਪੜਤਾਲ ਉਪਰੰਤ ਮਿਲਣ ਵਾਲੀ ਰਿਪੋਰਟ ‘ਤੇ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *