ਸ਼੍ਰੋਮਣੀ ਅਕਾਲੀ ਦਲ ‘ਚ ਮੁੜ ਸ਼ਾਮਲ ਹੋ ਸਕਦੈ ਹਰਮੇਲ ਸਿੰਘ ਟੌਹੜਾ!
‘ਆਪ’ ਦਾ ਵੱਕਾਰ ਖੁਸਦਾ ਵੇਖ ਸਿਆਸੀ ਆਗੂ ਖਿੱਚਣ ਲੱਗੇ ਘਰ ਵਾਪਸੀ ਦੀ ਤਿਆਰੀ!
ਪਟਿਆਲਾ 12 ਜੂਨ (ਕੰਵਰ ਬੇਦੀ) ਸੂਬੇ ‘ਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਵੇਖਕੇ ਕਈ ਸਿਆਸੀ ਆਗੂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਦੇ ਕੇ ਆਪ ਪਾਰਟੀ ‘ਚ ਸ਼ਾਮਲ ਹੋ ਗਏ ਸਨ, ਪਰ ਕਾਂਗਰਸ ਦੇ ਸੱਤਾ ‘ਚ ਆਉਣ ਤੋਂ ਬਾਦ ਆਮ ਆਦਮੀ ਪਾਰਟੀ ਦਾ ਅਸਰ ਦਿਨ ਬ ਦਿਨ ਖ਼ਤਮ ਹੁੰਦਾ ਵੇਖਕੇ ਆਪੋ-ਆਪਣੀ ਪਾਰਟੀ ਨਾਲ ਮੋਹ ਰੱਖਣ ਵਾਲਿਆਂ ਨੇ ਮੁੜ ਘਰ ਵਾਪਸੀ ਦਾ ਮਨ ਬਣਾ ਲਿਆ ਹੈ।
ਇਸ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦੇ ਕੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਸਾਬਕਾ ਵਿਧਾਇਕ ਰਹੇ ਸ. ਹਰਮੇਲ ਸਿੰਘ ਟੌਹੜਾ ਤੋਂ ਹੋ ਸਕਦੀ ਹੈ, ਜਿਨ੍ਹਾਂ ਦੇ ਮੁੜ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਣ ਦਾ ਰਸਮੀ ਐਲਾਨ ਇਕ-ਦੋ ਦਿਨਾਂ ‘ਚ ਹੋਣ ਦੀ ਆਸ ਪ੍ਰਗਟਾਈ ਜਾ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟਾਂ ਦੀ ਵੰਡ ਸਮੇਂ ਟਕਸਾਲੀ ਪਰਿਵਾਰਾਂ ਦੀ ਅਣਦੇਖੀ ਕੀਤੇ ਜਾਣ ਕਾਰਨ ਹੀ ਪੰਥ ਰਤਨ ਸਵ. ਗੁਰਚਰਨ ਸਿੰਘ ਟੌਹੜਾ ਦੇ ਵਾਰਸ ਕਰਕੇ ਜਾਣੇ ਜਾਂਦੇ ਸਾਬਕਾ ਵਿਧਾਇਕ ਹਰਮੇਲ ਸਿੰਘ ਟੌਹੜਾ ਨੇ ਜੱਦੀ ਪਾਰਟੀ ਨਾਲੋਂ ਤੋੜ ਵਿਛੋੜਾ ਕਰਦਿਆਂ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ। ਸਾਬਕਾ ਵਿਧਾਇਕ ਹਰਮੇਲ ਸਿੰਘ ਟੌਹੜਾ ਨੇ ਖੁਦ ਵਿਧਾਨ ਸਭਾ ਦੀ ਚੋਣ ਲੜਨ ਦੀ ਬਜਾਏ ਆਪਣੀ ਧਰਮ ਪਤਨੀ ਬੀਬੀ ਕੁਲਦੀਪ ਕੌਰ ਟੌਹੜਾ ਨੂੰ ਹਲਕਾ ਸਨੌਰ ਤੋਂ ਆਪ ਪਾਰਟੀ ਤੋਂ ਟਿਕਟ ਦਿਵਾਕੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸੀ ਉਮੀਦਵਾਰ ਦੇ ਖਿਲਾਫ਼ ਚੋਣ ਮੈਦਾਨ ‘ਚ ਡਟੇ ਸਨ, ਪਰ ਜਿੱਤ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਹਿੱਸੇ ਆਈ ਸੀ।
ਸ਼ਾਹਕੋਟ ਜ਼ਿਮਨੀ ਚੋਣ ਤੋਂ ਬਾਅਦ ਆਮ ਆਦਮੀ ਪਾਰਟੀ ਪਤਨ ਵੱਲ ਹੋ ਤੁਰੀ ਹੈ, ਜੋ ਸ਼ਾਇਦ ਮੁੜ ਸੂਬੇ ‘ਚ ਪੈਰਾਂ ਸਿਰ ਨਾ ਹੋ ਸਕੇ। ਆਮ ਆਦਮੀ ਪਾਰਟੀ ਦੇ ਦਿਨ ਬ ਦਿਨ ਖੁੱਸਦੇ ਜਾ ਰਹੇ ਵੱਕਾਰ ਨੂੰ ਵੇਖਦਿਆਂ ਆਪ ਪਾਰਟੀ ਦੇ ਬਹੁਤ ਸਾਰੇ ਲੀਡਰ ਜਿਥੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ‘ਚ ਜਾਣ ਲਈ ਪੱਬਾਂ ਭਾਰ ਹਨ, ਉਥੇ ਆਪਣੀ ਮਾਂ ਪਾਰਟੀ ਨੂੰ ਛੱਡਕੇ ਆਪ ‘ਚ ਸ਼ਾਮਲ ਹੋਏ ਸਿਆਸੀ ਆਗੂਆਂ ਨੇ ਆਪਣੀ ਸਿਆਸੀ ਸ਼ਾਖ ਨੂੰ ‘ਜੀਵਤ’ ਰੱਖਣ ਲਈ ਮੁੜ ਆਪੋ-ਆਪਣੀਆਂ ਜੱਦੀ ਪਾਰਟੀਆਂ ‘ਚ ਘਰ ਵਾਪਸੀ ਦੀ ਤਿਆਰੀ ਖਿੱਚਣੀ ਸ਼ੁਰੂ ਕਰ ਦਿੱਤੀ ਹੈ।

