ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮਾਜਕ ਊਣਤਾਈਆਂ ਅਤੇ ਪਾਖੰਡਵਾਦ ਦੀ ਧਾਰਨਾ ਨੂੰ ਤੋੜਿਆ : ਪ੍ਰੋ. ਬਡੂੰਗਰ
ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ
ਪਟਿਆਲਾ 17 ਜੂਨ (ਮਧੂਸਾਰ ਬਿਊਰੋ) ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਸ਼ਹੀਦਾਂ ਦੇ ਸਿਰਤਾਜ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਹੈਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਰਾਗੀ ਜਥੇ ਭਾਈ ਸੁਖਬੀਰ ਸਿੰਘ ਨੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ।
ਇਸ ਉਪਰੰਤ ਗ੍ਰੰਥੀ ਸਿੰਘ ਭਾਈ ਕੁਲਦੀਪ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚੋਂ ਵਾਕ ਲਿਆ ਅਤੇ ਸੰਗਤਾਂ ਨੂੰ ਸ਼ਹੀਦੀ ਪੁਰਬ ਦੀ ਮਹੱਤਤਾ ਬਾਰੇ ਜਾਣੂੰ ਕਰਵਾਕੇ ‘ਸ਼ਬਦ ਗੁਰੂ’ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ।
ਇਸ ਦੌਰਾਨ ਸ਼ਹੀਦੀ ਪੁਰਬ ‘ਤੇ ਚਾਨਣਾ ਪਾਉਂਦਿਆਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦਾ ਸਿਰਤਾਜ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਗੁਰੂ ਜੀ ਨੇ ਇਨਕਲਾਬੀ ਅਤੇ ਕ੍ਰਾਂਤੀਕਾਰੀ ਤਰੀਕੇ ਨਾਲ ਸਮਾਜਕ ਊਣਤਾਈਆਂ ਅਤੇ ਪਾਖੰਡਵਾਦ ਦੀ ਧਾਰਨਾ ਨੂੰ ਤੋੜਿਆ।
ਪ੍ਰੋ. ਬਡੂੰਗਰ ਨੇ ਕਿਹਾ ਕਿ ਧਰਮ ਦੀ ਰਾਖੀ, ਮਾਨਵਤਾ ਦਾ ਭਲਾ ਅਤੇ ਸਮਾਜਕ ਬਰਾਬਰੀ ਲਈ ਆਪਣਾ ਬਲਿਦਾਨ ਦਿੱਤਾ, ਜੋ ਸਾਨੂੰ ਇਸ ਗੱਲ ਲਈ ਸੁਚੇਤ ਕਰਦਾ ਹੈ ਕਿ ਅਸੀਂ ਉਨ੍ਹਾਂ ਸ਼ਕਤੀਆਂ ਦਾ ਖਾਤਮਾ ਕਰੀਏ, ਜੋ ਖਾਲਸਾ ਪੰਥ ਦੇ ਸਿਧਾਂਤ ਨੂੰ ਨੁਕਸਾਨ ਪਹੁੰਚਾਉਣ ਦੀ ਤਾਕ ‘ਚ ਹਨ। ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਸ਼ਹੀਦੀ ਦਿੱਤੀ ਅਤੇ ‘ਤੇਰਾ ਬਾਣਾ ਮੀਠਾ ਲਾਗੈ’ ਦਾ ਸਿਧਾਂਤ ਦੇ ਕੇ ਮਨੁੱਖ ਨੂੰ ਪ੍ਰਮਾਤਮਾ ਦੇ ਲੜ ਲੱਗਣ ਦੀ ਜੁਗਤ ਦਿੱਤੀ, ਜੋ ਗੁਰਬਾਣੀ ਦੇ ਉਤਮ ਸੰਦੇਸ਼ ਨਾਲ ਜੋੜਨ ਦੀ ਧਾਰਨਾ ਨਾਲ ਜੋੜਦਾ ਹੈ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਸ਼ਵਿੰਦਰ ਸਿੰਘ ਸੱਭਰਵਾਲ, ਬੀ.ਸੀ. ਵਿੰਗ ਦਿਹਾਤੀ ਦੇ ਪ੍ਰਧਾਨ ਗੁਰਦੀਪ ਸਿੰਘ ਸੇਖੂਪੁਰਾ, ਮੈਨੇਜਰ ਕਰਨੈਲ ਸਿੰਘ, ਐਡੀਸ਼ਨਲ ਮੈਨੇਜਰ ਕਰਮ ਸਿੰਘ, ਰਣਜੀਤ ਸਿੰਘ ਗਾਜੀਪੁਰ, ਪ੍ਰਚਾਰਕ ਪਰਵਿੰਦਰ ਸਿੰਘ, ਅਮਰਪਾਲ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਅਧਿਕਾਰੀ ਅਤੇ ਸਟਾਫ ਹਾਜ਼ਰ ਸਨ।

