ਬਹਾਦਰਗੜ੍ਹ ਨੇੜੇ ਨਿੱਜੀ ਹਸਪਤਾਲ ‘ਚ ਭਰੂਣ ਟੈਸਟ ਕਰਨ ਵਾਲੇ ਸੈਂਟਰ ਦਾ ਪਰਦਾਫਾਸ਼
ਸਿਵਲ ਸਰਜਨ ਪਟਿਆਲਾ ਅਤੇ ਸਿਵਲ ਸਰਜਨ ਕੈਥਲ ਹਰਿਆਣਾ ਵੱਲੋਂ ਸਾਂਝਾ ਅਪਰੇਸ਼ਨ
ਭਰੂਣ ਸਮੇਤ ਗੈਰ ਕਾਨੂੰਨੀ ਸਾਜੋ ਸਾਮਾਨ ਬਰਾਮਦ
ਪਟਿਆਲਾ 20 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਕਸਬਾ ਬਹਾਦਰਗੜ੍ਹ ਵਿਖੇ ਇਕ ਨਿੱਜੀ ਹਸਪਤਾਲ ਵਾਦਿਤ ਵਿਖੇ ਗੈਰ ਕਾਨੂੰਨੀ ਲਿੰਗ ਨਿਰਧਾਰਨ ਟੈਸਟ ਕਰਨ ਵਾਲੇ ਸੈਂਟਰ ਦਾ ਪਰਦਾਫਾਸ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਸਿਵਲ ਸਰਜਨ ਪਟਿਆਲਾ ਅਤੇ ਸਿਵਲ ਸਰਜਨ ਕੈਥਲ ਹਰਿਆਣਾ ਵੱਲੋਂ ਕੀਤੇ ਸਾਂਝੇ ਅਪ੍ਰੇਸ਼ਨ ਤਹਿਤ ਕੀਤੇ ਪਰਦਾਫਾਸ਼ ‘ਚ ਟੀਮ ਨੂੰ ਗਰਭਪਾਤ ਕਰਨ ਵਾਲੇ ਸਾਜੋ ਸਾਮਾਨ ਸਮੇਤ ਇਕ ਭਰੂਣ ਮਿਲਣ ਦਾ ਦਾਅਵਾ ਵੀ ਕੀਤਾ ਗਿਆ ਹੈ।
ਛਾਪੇਮਾਰੀ ਮਾਰਨ ਵਾਲੀ ‘ਚ ਰਘਬੀਰ ਸਿੰਘ ਜਿਲਾ ਪ੍ਰੋਗਰਾਮ ਮੈਨੇਜਰ, ਡਾ. ਸੁਖਮਿੰਦਰ ਸਿੰਘ ਡੀਐਫਡਬਲਿਊਓ, ਡਾ. ਅੰਜਨਾ ਐਸਐਮਓ ਤ੍ਰਿਪੜੀ, ਡਾ. ਕਿਰਨ ਵਰਮਾ ਐਸਐਮਓ ਕੌਲੀ, ਕ੍ਰਿਸ਼ਨ ਕੁਮਾਰ ਜਿਲਾ ਮਾਸ ਮੀਡੀਆ ਅਫਸਰ, ਅਮਨਦੀਪ ਵਰਮਾ ਅਤੇ ਰੋਹਿਤ ਕਾਲਰਾ ਦੋਵੇਂ ਡਰੱਗ ਇੰਸਪੈਕਟਰ ਤੋਂ ਇਲਾਵਾ ਹੋਰ ਵੀ ਅਧਿਕਾਰੀ ਸ਼ਾਮਲ ਸਨ, ਜਿਨ੍ਹਾਂ ਨੇ ਵਾਦਿਤ ਹਸਪਤਾਲ ਨੂੰ ਸੀਲ ਕਰਕੇ ਮਾਮਲਾ ਪੁਲਿਸ ਨੂੰ ਸੌਂਪ ਦਿੱਤੀ ਹੈ, ਜਦਕਿ ਸਬੰਧਤ ਹਸਪਤਾਲ ਦੇ ਮਾਲਕ ਪਤੀ ਪਤਨੀ ਵੱਲੋਂ ਇਸ ਘਨੌਣੇ ਕੰਮ ਘਰ ਵਿਚ ਅੰਜ਼ਾਮ ਦਿੱਤਾ ਜਾਂਦਾ ਸੀ।
ਛਾਪਮਾਰੀ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਸਾਨੂੰ ਸੂਚਨਾ ਮਿਲੀ ਸੀ ਕਿ ਇਕ ਭਰੂਣ ਟੈਸਟ ਕੀਤਾ ਜਾਣਾ ਹੈ, ਪਹਿਲਾਂ ਤਾਂ ਪਤੀ ਪਤਨੀ ਇਕ ਨਰਸਿੰਗ ਹੋਮ ਵਿਚ ਮਰੀਜ਼ ਤੋਂ ਕਈ ਘੰਟੇ ਉਡੀਕ ਕਰਵਾਈ ਅਤੇ ਫਿਰ ਉਸ ਤੋਂ 15 ਹਜ਼ਾਰ ਰੁਪਏ ਲੈ ਕੇ ਘਰ ਲਿਆਂਦਾ, ਜਦੋਂ ਟੀਮ ਨੇ ਰੇਡ ਕੀਤੀ ਤਾਂ ਮਰੀਜ਼ ਨੂੰ ਬੈਡ ‘ਤੇ ਲਿਟਕਾ ਲੈਪਟਾਪ ‘ਤੇ ਵਿਖਾਇਆ ਜਾ ਰਿਹਾ ਸੀ। ਘਰ ਵਿਚੋਂ ਇਕ ਭਰੂਣ, ਗੈਰਕਾਨੂੰਨੀ ਤੌਰ ‘ਤੇ ਲਿੰਗ ਨਿਰਧਾਰਣ ਕਰਨ, ਐਮਟੀਪੀ ਅਬਾਰਸ਼ਨ ਕਰਨ ਸਬੰਧੀ ਸਾਜੋ ਸਮਾਨ ਅਤੇ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਸਿਵਲ ਸਰਜਨ ਕੈਥਲ ਹਰਿਆਣਾ ਵਲੋਂ ਇਥੇ ਚੱਲ ਰਹੇ ਗੈਰ ਕਾਨੂੰਨੀ ਲਿੰਗ ਨਿਰਧਾਰਣ ਸੈਂਟਰ ਸਬੰਧੀ ਸਿਵਲ ਸਰਜਨ ਪਟਿਆਲਾ ਨਾਲ ਸੰਪਰਕ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਸਾਂਝੀ ਟੀਮ ਗਠਤ ਕਰਕੇ ਸਾਰੇ ਮਾਮਲੇ ਦਾ ਪਰਦਾਫਾਸ਼ ਕੀਤਾ।

