ਕੈਨੇਡਾਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬਪਟਿਆਲਾ

ਬੇਅਦਬੀ ਕਾਂਡ : ਸਬੂਤਾਂ ਦੀ ਘਾਟ ਕਾਰਨ ਜਾਂਚ ਹਵਾ ‘ਚ ਲਟਕੀ

ਮੌੜ ਬੰਬ ਕਾਂਡ ਮਗਰੋਂ ਬੇਦਅਬੀ ਮਾਮਲੇ ਨੂੰ ਲੈ ਕੇ ਛਾਪੇਮਾਰੀ, ਡੇਰਾ ਪ੍ਰੇਮੀ ਸਹਿਮੇ
ਸਰਕਾਰ ਨੇ ਮੰਗੀ ਰਿਪੋਰਟ, ਖੁਫ਼ੀਆਂ ਏਜੰਸੀਆਂ ਦੀ ਡੇਰਾ ਪ੍ਰੇਮੀਆਂ ਦੀ ਹਰ ਗਤੀਵਿਧੀ ‘ਤੇ ਨਜ਼ਰ

ਪਟਿਆਲਾ 20 ਜੂਨ (ਕੰਵਰ ਬੇਦੀ) ਕੈਪਟਨ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸ੍ਰੀ ਗੁਰੂ ਗੰਰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦਾ ਮਾਮਲਾ ਹੱਲ ਕਰ ਲਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜਾਂਚ ਸੀ.ਬੀ.ਆਈ. ਦੇ ਹੱਥਾਂ ‘ਚ ਹੋਣ ਮਗਰੋਂ ਵੀ ਮਾਮਲਾ ਕਿਸੇ ਤੱਣ-ਪੱਤਣ ਲੱਗਦਾ ਵਿਖਾਈ ਨਹੀਂ ਦੇ ਰਿਹਾ ਹੈ ਅਤੇ ਸਬੂਤਾਂ ਦੀ ਘਾਟ ਕਾਰਨ ਮਾਮਲੇ ਦੀ ਜਾਂਚ ਹਵਾ ‘ਚ ਲਟਕਦੀ ਵਿਖਾਈ ਦੇ ਰਹੀ ਹੈ।

ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਤੱਕ ਪਹੁੰਚ ਕਰਦਿਆਂ ਪੰਜਾਬ ਪੁਲਿਸ ਨੇ ਮਹਿੰਦਰਪਾਲ ਸਿੰਘ ਬਿੱਟੂ ਅਤੇ ਸਾਥੀਆਂ ਦੀ ਫੜੋ-ਫੜੀ ਕੀਤੀ, ਪਰ ਠੋਸ ਸਬੂਤ ਹੱਥ ਨਾ ਲੱਗਣ ਕਾਰਨ ਇਹ ਮਾਮਲਾ ਹੋਰ ਵੀ ਪੇਚੀਦਾ ਬਣ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬਰਾਮਦਗੀ ਨਾ ਹੋਣਾ ਜਿਥੇ ਪੰਜਾਬ ਪੁਲਿਸ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ, ਉਥੇ ਸਬੂਤਾਂ ਦੀ ਘਾਟ ਜਾਂਚ ਮੁਕੰਮਲ ਹੋਣ ਦੇ ਰਾਹ ‘ਚ ਵੱਡਾ ਰੋੜਾ ਸਾਬਤ ਹੋ ਰਹੀ ਹੈ।
ਅਕਾਲੀ ਸਰਕਾਰ ਸਮੇਂ ਮੌੜ ਬੰਬ ਕਾਂਡ ਦੀ ਉਂਗਲੀ ਵੀ ਡੇਰਾ ਸਿਰਸਾ ਪ੍ਰੇਮੀਆਂ ‘ਤੇ ਉਂਗਲ ਉਠੀ ਸੀ, ਜਿਸ ਨੂੰ ਮੁੜ ਬੇਅਦਬੀ ਕਾਂਡ ਨਾਲ ਜੋੜ ਕੇ ਵੇਖੇ ਜਾਣ ਨਾਲ ਸੂਬੇ ਭਰ ਦੇ ਡੇਰਾ ਪ੍ਰੇਮੀ ਵੀ ਸਹਿਮੇ ਹੋਏ ਨਜ਼ਰ ਆ ਹਨ। ਬਿੱਟੂ ਨੂੰ ਜੁਡੀਸ਼ੀਅਲ ਹਿਰਾਸਤ ‘ਚ ਲਏ ਜਾਣ ਮਗਰੋਂ ਪੁਲਿਸ ਵੱਲੋਂ ਸਰੂਪਾਂ ਦੀ ਬਰਾਮਦਗੀ ਨੂੰ ਲੈ ਕੇ ਜਿਥੇ ਛਾਪੇਮਾਰੀ ਜਾਰੀ ਹੈ, ਉਥੇ ਡੇਰੇ ਦੇ ਸਰਗਰਮ ਪ੍ਰੇਮੀਆਂ ਦੀ ਹਰ ਗਤੀਵਿਧੀ ‘ਤੇ ਫੋਕਸ ਰੱਖਦਿਆਂ ਖੁਫ਼ੀਆਂ ਏਜੰਸੀਆਂ ਨੇ ਵੀ ਆਪਣੀ ਪੈਨੀ ਨਜ਼ਰ ਬਣਾਕੇ ਰੱਖੀ ਹੋਈ ਹੈ ਕਿਉਂਕਿ ਸਾਲ 2011 ਦੌਰਾਨ ਡੇਰਾ ਸਿਰਸਾ ਪ੍ਰੇਮੀਆਂ ਨੇ ਸਾੜ ਫੂਕ ਕਰਕੇ ਜਨਤਕ ਜਾਇਦਾਦ ਨੂੰ ਕਾਫੀ ਨੁਕਸਾਨ ਪਹੁੰਚਾਇਆ ਸੀ।
ਸੂਬੇ ਭਰ ‘ਚ ਡੇਰਾ ਮੁਖੀ ਪ੍ਰਤੀ ਆਸਥਾ ਰੱਖਣ ਵਾਲੇ ਸਰਗਰਮ ਡੇਰਾ ਪ੍ਰੇਮੀਆਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਸਰਕਾਰ ਨੇ ਡੇਰਾ ਪ੍ਰੇਮੀਆਂ ਦੀਆਂ ਲਿਸਟਾਂ ਤਿਆਰ ਕਰਨ ਲਈ ਕਿਹਾ ਹੈ, ਜਿਸ ਨੂੰ ਲੈ ਕੇ ਜਿਥੇ ਖੁਫ਼ੀਆਂ ਏਜੰਸੀਆਂ ਵੱਲੋਂ ਭੱਜ-ਨੱਠ ਕੀਤੀ ਜਾ ਰਹੀ ਹੈ, ਉਥੇ ਹੀ ਡੇਰਾ ਪ੍ਰੇਮੀ ਪ੍ਰਭਾਵਤ ਇਲਾਕਿਆਂ ‘ਚ ਬੀ.ਐਸ.ਐਫ. ਨੂੰ ਤਾਇਨਾਤ ਕੀਤਾ ਗਿਆ, ਤਾਂ ਜੋ ‘ਲਾਅ ਐਂਡ ਆਰਡਰ’ ਨੂੰ ਕਾਇਮ ਰੱਖਿਆ ਜਾ ਸਕੇ।
ਸ੍ਰੀ ਗੁਰੂ ਗੰਥ ਸਾਹਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਮਾਮਲੇ ਨੂੰ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ, ਪਰ ਪਾਵਨ ਸਰੂਪਾਂ ਦੀ ਬਰਾਮਦਗੀ ਨਾ ਹੋਣਾ, ਠੋਸ ਸਬੂਤ ਨਾ ਮਿਲਣ ਨਾਲ ਜਿਥੇ ਦੋਸ਼ੀ ਬਾਇਜ਼ਤ ਬਰੀ ਹੁੰਦੇ ਵਿਖਾਈ ਦੇ ਰਹੇ ਹਨ, ਉਥੇ ਹੀ ਦਾਅਵਿਆਂ ਦੀ ਫੂਕ ਨਿਕਲ ਜਾਣ ਨਾਲ ਮੌਜੂਦਾ ਸਰਕਾਰ ਲਈ ਬੇਅਦਬੀ ਮਾਮਲਾ ਸਿਰਦਰਦੀ ਬਣਿਆ ਹੀ ਰਹੇਗਾ।
ਜ਼ਿਕਰਯੋਗ ਹੈ ਕਿ 2015-16 ਵਿਚ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆਏ ਸਨ। ਬੇਅਦਬੀ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਨ ਲਈ ਉਸ ਸਮੇਂ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ 3 ਕੇਸਾਂ ਦੀ ਜਾਂਚ (ਐਫ.ਆਈ.ਆਰ. ਨੰਬਰ 63/2015, 117/2105 ਅਤੇ 128/2015 ਪੁਲਿਸ ਥਾਣਾ ਬਾਜਾਖਨਾ, ਜ਼ਿਲ•ਾ ਫ਼ਰੀਦਕੋਟ) ਪੰਜਾਬ ਸਰਕਾਰ ਵਲੋਂ ਨਵੰਬਰ 2015 ਦੌਰਾਨ ਸੀ ਬੀ ਆਈ ਹਵਾਲੇ ਕੀਤੀ ਗਈ ਸੀ। ਸੀ ਬੀ ਆਈ ਨੇ ਐਫ.ਆਈ.ਆਰ. ਨੰ. ਆਰਸੀ 13 (ਐਸ) / 2015 / ਐਸਸੀ- 3/, ਐਨ.ਡੀ., ਆਰਸੀ -14 (ਐਸ) / 2015 / ਐਸਸੀ- 3 / ਐਨ.ਡੀ. ਅਤੇ ਆਰ.ਸੀ -15 (ਐਸ) / 2015 / ਐਸਸੀ- 3 / ਐਨਡੀ ਮਿਤੀ 13.11.2015, ਪੁਲਿਸ ਥਾਨਾ ਐਸ. -3/ ਐਨ ਡੀ, ਨਵੀਂ ਦਿੱਲੀ ਦਰਜ ਕਰਨ ਤੋਂ ਬਾਅਦ ਇਨ੍ਹਾਂ ਤਿੰਨਾਂ ਕੇਸਾਂ ਦੀ ਜਾਂਚ ਆਪਣੇ ਹੱਥ ਲਈ ਸੀ।
ਜੂਨ ’84 ਵਾਂਗ ਬੇਅਦਬੀ ਦਾ ਮਾਮਲਾ ਵੀ ਅਕਾਲੀਆਂ ਲਈ ਕਲੰਕ ਬਣਿਆ
ਜੂਨ ’84 ਸਿੱਖ ਕਤਲੇਆਮ ਘਟਨਾਕ੍ਰਮ ਨੂੰ ਵਾਪਰੇ 34 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ, ਪਰ ਅਜੇ ਵੀ ਕਾਂਗਰਸ ਪ੍ਰਤੀ ਸਿੱਖਾਂ ‘ਤੇ ਢਾਹੇ ਕਹਿਰ ਦੀ ਕਹਾਣੀ ਕਿਸੇ ਤੋਂ ਭੁੱਲ ਨਹੀਂ ਹੁੰਦੀ। ਜੂਨ 1984 ਦਾ ਸਾਕਾ ਅਜਿਹਾ ਘਟਨਾਕ੍ਰਮ ਹੈ, ਜਿਸ ਨੂੰ ਦੇਸ਼ ਅਤੇ ਵਿਦੇਸ਼ ‘ਚ ਬੈਠੀ ਸਿੱਖ ਸੰਗਤ ਕਦੇ ਵੀ ਭੁਲਾ ਨਹੀਂ ਸਕਦੀ। ਅੱਜ ਤੱਕ ਇਸ ਮਾਮਲੇ ਦੀ ਸੱਚਾਈ ਤੱਕ ਸਰਕਾਰਾਂ ਅਤੇ ਏਜੰਸੀਆਂ ਨਹੀਂ ਪਹੁੰਚ ਸਕੀਆਂ।
ਇਸੇ ਤਰ੍ਹਾਂ ਸਾਲ 2015-16 ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆਏ, ਜਿਸ ਦੀ ਸੱਚਾਈ ਅੱਜ ਤੱਕ ਸਾਹਮਣੇ ਨਾ ਆਉਣ ਨਾਲ ਇਹ ਮਾਮਲਾ ਜਿਥੇ ਸਰਕਾਰ, ਪੁਲਿਸ ਅਤੇ ਸੀਬੀਆਈ ਲਈ ਚੁਣੌਤੀ ਬਣ ਗਿਆ ਹੈ, ਉਥੇ ਹੀ ਮਾਮਲਾ ਰਹਿੰਦੇ ਸਮੇਂ ਤੱਕ ਅਕਾਲੀਆਂ ਲਈ ਕਲੰਕ ਬਣਿਆ ਰਹੇਗਾ, ਜਿਨ੍ਹਾਂ ਦੀ ਸਰਕਾਰ ਹੁੰਦਿਆਂ ਸ੍ਰੀ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੁੱਕੇ ਗਏ ਅਤੇ ਬੇਅਦਬੀ ਕੀਤੀ ਗਈ, ਜਿਸ ਮਗਰੋਂ ਸੂਬੇ ਦੇ ਨਿਰਾਸ਼ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ।
ਬੇਅਦਬੀ ਮਾਮਲੇ ਦੇ ਹੱਲ ਲਈ ਡੀ.ਆਈ.ਜੀ. ਖੱਟੜਾ ਤੋਂ ਸਿੱਖ ਜਗਤ ਨੂੰ ਵੱਡੀ ਆਸ
ਬੇਅਦਬੀ ਕਾਂਡ ਨੂੰ ਹੱਲ ਕੀਤੇ ਜਾਣ ਦੇ ਡੀ.ਆਈ.ਜੀ. (ਰੇਂਜ) ਸ. ਰਣਬੀਰ ਸਿੰਘ ਖੱਟੜਾ ਵੱਲੋਂ ਦਾਅਵੇ ਤਾਂ ਕੀਤੇ ਜਾ ਰਹੇ ਹਨ, ਪਰ ਸਬੂਤਾਂ ਦੀ ਘਾਟ ਕਾਰਨ ਮਾਮਲੇ ਦੀ ਸੱਚਾਈ ਅਜੇ ਵੀ ਲੁਕੀ ਨਜ਼ਰ ਆ ਰਹੀ ਹੈ। ਸਮਾਜ ਵਿਰੋਧੀ ਤੱਤਾਂ ਖਿਲਾਫ਼ ਅਪ੍ਰੇਸ਼ਨ ਚਲਾਉਣ ਵਾਲੇ ਰਣਬੀਰ ਸਿੰਘ ਖੱਟੜਾ ਨੇ ਕਿਹਾ ਹੈ ਕਿ ਬੇਅਦਬੀ ਮਾਮਲਾ ਹੱਲ ਹੋਣ ਕਿਨਾਰੇ ਹੈ ਅਤੇ ਦੋਸ਼ੀ ਪੁਲਿਸ ਦੀ ਹਿਰਾਸਤ ‘ਚ ਹਨ, ਜਿਨਾਂ ਸਪੱਸ਼ਟ ਕੀਤਾ ਸੀ ਕਿ ਪਾਵਨ ਸਰੂਪਾਂ ਦੀ ਬੇਅਦਬੀ ਪਿੱਛੇ ਡੇਰਾ ਪ੍ਰੇਮੀਆਂ ਦਾ ਹੱਥ ਰਿਹਾ ਹੈ। ਅਜਿਹਾ ਕਾਰਵਾਈ ਦੇ ਚੱਲਦਿਆਂ ਸ. ਖੱਟੜਾ ਤੋਂ ਸਿੱਖ ਜਗਤ ਨੂੰ ਬਹੁਤ ਆਸਾਂ ਹਨ ਕਿ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਕਟਹਿਰੇ ‘ਚ ਹੋਣਗੇ ਅਤੇ ਅਜਿਹੇ ਸ਼ਰਾਰਤੀ ਅਨਸਰਾਂ ਪਿਛੇ ਉਹ ਕਿਹੜੀਆਂ ਤਾਕਤਾਂ ਹਨ, ਜਿਨ੍ਹਾਂ ਦਾ ਚਿਹਰਾ ਵੀ ਬੇਨਕਾਬ ਹੋਵੇਗਾ।

Leave a Reply

Your email address will not be published. Required fields are marked *