ਖਾਣ ਪੀਣ ਵਾਲੀਆ ਵਸਤਾਂ ਦੇ ਭਰੇ ਸੈਂਪਲ, ਗਲੇ ਸੜੇ ਫ਼ਲ ਨਸ਼ਟ ਕਰਵਾਏ
ਪਾਤੜਾਂ (ਪਟਿਆਲਾ), 22 ਜੂਨ (ਮਧੂਸਾਰ ਬਿਊਰੋ) ਲੋਕਾਂ ਨੂੰ ਮਿਆਰੀ ਅਤੇ ਸਾਫ ਸੁਥਰੇ ਖਾਧ ਪਦਾਰਥ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਸਿਹਤ ਅਫਸਰ ਡਾ. ਕ੍ਰਿਸ਼ਨ ਸਿੰਘ ਅਤੇ ਫੂਡ ਸੇਫਟੀ ਅਫ਼ਸਰ ਪੁਨੀਤ ਸ਼ਰਮਾ ਦੀ ਟੀਮ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਚੰਗੀ ਸਿਹਤ ਚੰਗੀ ਸੋਚ ਤਹਿਤ ਪਾਤੜਾਂ, ਖਨੌਰੀ ਅਤੇ ਅਰਨੋ ਵਿਖੇ ਖਾਣ ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰ ਕੇ ਲੈਬੋਰੇਟਰੀ ਵਿੱਚ ਜਾਂਚ ਲਈ ਭੇਜੇ ਗਏ। ਇਸ ਤੋਂ ਇਲਾਵਾ ਪਿੰਡ ਅਰਨੋ ਵਿਖੇ ਰੇਹੜੀਆਂ ਅਤੇ ਦੁਕਾਨਾਂ ‘ਤੇ ਵਿਕ ਰਹੇ ਗਲੇ ਸੜੇ ਫਲ਼ ਵੀ ਨਸ਼ਟ ਕਰਵਾਏ ਗਏ।
ਜਿਲਾ ਸਿਹਤ ਅਫਸਰ ਡਾ. ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੇ ਪਹਿਲਾ ਪਾਤੜਾਂ ਵਿਖੇ ਇੱਕ ਡੇਅਰੀ ਤੋਂ ਦਹੀ, ਪਾਤੜਾਂ-ਖਨੌਰੀ ਰੋਡ ‘ਤੇ ਸਥਿਤ ਇੱਕ ਢਾਬੇ ਤੋਂ ਦਾਲ ਅਤੇ ਅਰਨੋ ਵਿਖੇ ਈਜੀ ਵੇਅ ਪਲਾਜਾ ਤੋਂ ਭੁਜੀਆ, ਸਰੋਂ ਦਾ ਤੇਲ, ਚਾਹ ਅਤੇ ਇੱਕ ਹੋਰ ਜਰਨਲ ਸਟੋਰ ਤੋਂ ਚਾਹ, ਮਸਾਲਾ ਤੇ ਮੈਗੀ ਆਦਿ ਦੇ ਸੈਂਪਲ ਭਰੇ। ਟੀਮ ਵੱਲੋਂ ਅਰਨੋ ਵਿਖੇ ਰੇਹੜੀਆਂ ਅਤੇ ਦੁਕਾਨਾਂ ‘ਤੇ ਵਿੱਕ ਰਹੇ ਗਲੇ ਸੜੇ ਕੇਲੇ, ਅੰਬ ਅਤੇ ਟਮਾਟਰ ਵੀ ਨਸ਼ਟ ਕਰਵਾਏ ਗਏ। ਟੀਮ ਨੇ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੂੰ ਸਾਫ ਸੁਥਰੇ ਤੇ ਮਿਆਰੀ ਖਾਧ ਪਦਾਰਥ ਹੀ ਵੇਚਣ ਲਈ ਜਾਗਰੂਕ ਕੀਤਾ ਗਿਆ।
ਡਾ. ਕ੍ਰਿਸ਼ਨ ਸਿੰਘ ਨੇ ਦੱਸਿਆਂ ਕਿ ਇਹਨਾਂ ਖਾਣ ਪੀਣ ਵਾਲੇ ਪਦਾਰਥਾਂ ਦੇ ਸੈਂਪਲ ਭਰ ਕੇ ਲੈਬਟਰੀ ‘ਚ ਜਾਂਚ ਲਈ ਭੇਜ ਦਿਤੇ ਗਏ ਅਤੇ ਨਤੀਜੇ ਆਉਣ ‘ਤੇ ਫੂਡ ਸੇਫਟੀ ਐਕਟ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਅੱਜ ਜਿੰਨੀਆਂ ਵੀ ਖਾਣ ਪੀਣ ਵਾਲ਼ੀਆ ਵਸਤਾਂ ਵੇਚਣ ਵਾਲੀਆਂ ਦੁਕਾਨਾਂ ਦਾ ਨਿਰੀਖਣ ਕੀਤਾ ਗਿਆ, ਉਨ੍ਹਾਂ ਦੁਕਾਨਦਾਰਾਂ ਕੋਲ ਫੂਡ ਸੈਫਟੀ ਸਟੈਂਡਰਡ ਐਕਟ ਤਹਿਤ ਨਾ ਲਾਇਸੈਂਸ ਅਤੇ ਨਾ ਉਨ੍ਹਾਂ ਦੀ ਸਿਹਤ ਵਿਭਾਗ ਕੋਲ ਆਪਣੀ ਰਜਿਸ਼ਟਰੇਸ਼ਨ ਮਿਲੀ। ਇਸ ਲਈ ਇਹਨਾਂ ਦੁਕਾਨਦਾਰਾਂ ਨੂੰ ਚੇਤਾਵਨੀ ਦਿਤੀ ਗਈ ਕਿ ਉਹ ਜਲਦ ਹੀ ਫੂਡ ਸਟੈਂਡਰਡ ਸੈਫਟੀ ਐਕਟ ਤਹਿਤ ਆਪਣੇ ਲਾਇਸੈਂਸ ਦਰਜ ਕਰਵਾਉਣ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਉਹਨਾਂ ਵਿਰੁੱਧ ਐਕਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸੇ ਦੌਰਾਨ ਸਿਵਲ ਸਰਜਨ ਡਾ. ਮਲਹੋਤਰਾ ਨੇ ਖਾਧ ਪਦਾਰਥ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ। ਉਨ੍ਹਾਂ ਕਿਹਾ ਕਿ ਇਹ ਸਿਹਤ ਵਿਭਾਗ ਦੀ ਟੀਮ ਦਾ ਇੱਕ ਆਮ ਨਿਰੀਖਣ ਦੌਰਾ ਸੀ ਪਰ ਭਵਿੱਖ ਵਿੱਚ ਵੀ ਮਿਲਾਵਟਖੋਰੀ ਨੂੰ ਠੱਲ੍ਹ ਪਾਉਣ ਲਈ ਖਾਦ ਪਦਾਰਥਾ ਦੀ ਸੈਂਪਲਿੰਗ ਜਾਰੀ ਰਹੇਗੀ।

