ਕੈਪਟਨ ਵੱਲੋਂ ਗੁਰਪ੍ਰੀਤ ਸਿੰਘ ਤੂਰ ਦੀ ਨਸ਼ਿਆਂ ਵਿੱਚ ਫਸੇ ਲੋਕਾਂ ਨਾਲ ਤਜ਼ਰਬਿਆਂ ‘ਤੇ ਆਧਾਰਿਤ ਕਿਤਾਬ ਰਿਲੀਜ਼
ਚੰਡੀਗੜ੍ਹ, 2 ਜੁਲਾਈ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਆਈ.ਪੀ.ਐਸ. ਅਫ਼ਸਰ ਗੁਰਪ੍ਰੀਤ ਸਿੰਘ ਤੂਰ ਵੱਲੋਂ ਲਿਖੀ ”ਅਲੜ੍ਹ ਉਮਰਾਂ ਤਲਖ਼ ਸੁਨੇਹੇ” ਨਾਂ ਦੀ ਪੰਜਾਬੀ ਕਿਤਾਬ ਰਿਲੀਜ਼ ਕੀਤੀ। ਇਹ ਕਿਤਾਬ ਉਨ੍ਹਾਂ ਦੇ ਨਸ਼ਿਆਂ ਵਿੱਚ ਲਿਪਤ ਲੋਕਾਂ ਨਾਲ ਤਜ਼ਰਬਿਆਂ ਦੇ ਆਧਾਰਿਤ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਕਿਤਾਬ ਤੂਰ ਦੇ ਪੁਲਿਸ ਵਿਭਾਗ ਵਿੱਚ ਵੱਖ-ਵੱਖ ਥਾਵਾਂ ‘ਤੇ ਤਾਇਨਾਤੀਆਂ ਮੌਕੇ ਨਿੱਜੀ ਤਜ਼ਰਬਿਆਂ ਅਤੇ ਨਸ਼ਿਆਂ ਦੇ ਮਾਮਲੇ ਵਿੱਚ ਸ਼ਾਮਲ ਨੌਜਵਾਨਾਂ ਨਾਲ ਪਰਸਪਰ ਪ੍ਰਭਾਵ ‘ਤੇ ਆਧਾਰਿਤ ਹੈ।
ਇਸ ਵੇਲੇ ਲੁਧਿਆਣਾ ਵਿਖੇ ਏ.ਆਈ.ਜੀ. (ਕਾਉਂਟਰ ਇੰਟੈਲੀਜੈਂਸ) ਵਜੋਂ ਤਾਇਨਾਤ ਤੂਰ ਨੇ ਇਸ ਮੌਕੇ ਮੁੱਖ ਮੰਤਰੀ ਨੂੰ ਆਪਣੀ ਕਿਤਾਬ ਬਾਰੇ ਸੰਖੇਪ ਜਾਣਕਾਰੀ ਦਿੱਤੀ ਜੋ ਮੁੱਢਲੇ ਰੂਪ ਵਿੱਚ ਨਸ਼ਿਆਂ ਦੇ ਆਦੀ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਨਿੱਜੀ ਪ੍ਰਭਾਵਾਂ ‘ਤੇ ਕੇਂਦਰਿਤ ਹੈ। ਉਨ੍ਹਾਂ ਨੇ ਇਸ ਵਾਸਤੇ ਵੱਖ-ਵੱਖ ਥਾਵਾਂ, ਜੇਲ੍ਹਾਂ ਅਤੇ ਨਸ਼ਾ ਛੁਡਾਉ ਕੇਂਦਰਾਂ ਦਾ ਦੌਰਾ ਕੀਤਾ ਅਤੇ ਇਸ ਸਮੱਸਿਆ ਦੇ ਧੁਰ ਅੰਦਰ ਝਾਕਣ ਦੀ ਕੋਸ਼ਿਸ਼ ਕੀਤੀ। ਤੂਰ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਕਿਤਾਬ ਦਾ ਉਦੇਸ਼ ਨਸ਼ਿਆਂ ਦੀ ਲਾਹਨਤ ਵਿਰੁੱਧ ਜਾਗਰੂਕਤਾ ਪੈਦਾ ਕਰਨਾ ਹੈ।
ਸੀਨੀਅਰ ਪੁਲਿਸ ਅਧਿਕਾਰੀ ਦੀ ਇਸ ਵਿਲੱਖਣ ਪਹਿਲਕਦਮੀ ਦੀ ਸਰਾਹਣਾ ਕਰਦੇ ਹੋਏ ਮੁੱਖ ਮੰਤਰੀ ਨੇ ਉੱਮੀਦ ਪ੍ਰਗਟ ਕੀਤੀ ਕਿ ਇਹ ਕਿਤਾਬ ਨਸ਼ਿਆਂ ਵਿੱਚ ਫਸੇ ਨੌਜਵਾਨਾਂ ਨੂੰ ਮੁੜ ਆਤਮ-ਸਨਮਾਨ ਵਾਲਾ ਜੀਵਨ ਜਿਊਣ ਲਈ ਪ੍ਰੇਰਿਤ ਕਰੇਗੀ।

