ਸਬਜ਼ੀ ਵਿਕਰੇਤਾ ਮਨਮਰਜ਼ੀ ਨਾਲ ਵਸੂਲੀ ਜਾ ਰਹੀ ਫੀਸ ਵਿਰੁੱਧ ਭੜਕੇ
ਸੀ.ਐਮ. ਰਿਹਾਇਸ਼ ‘ਤੇ ਮਿਲਿਆ ਮੂੰਹ ਜ਼ੁਬਾਨੀ ਕਾਰਵਾਈ ਦਾ ਭਰੋਸਾ
ਪਟਿਆਲਾ, 4 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਏਸ਼ੀਆ ਦੀ ਸਭ ਤੋਂ ਵੱਡੀ ਆਧੁਨਿਕ ਸਹੂਲਤਾਂ ਨਾਲ ਲੈਸ ਸਨੌਰ ਅਤੇ ਰਾਘੋਮਾਜਰਾ ਸਬਜ਼ੀ ਮੰਡੀ ਦੇ ਸਬਜ਼ੀ ਵਿਕਰੇਤਾਵਾਂ ਨੇ ਮਾਰਕੀਟ ਕਮੇਟੀ ਅਧਿਕਾਰੀਆਂ ਵੱਲੋਂ ਮਨਮਰਜ਼ੀ ਨਾਲ ਵਸੂਲੀ ਜਾ ਰਹੀ ਫੀਸ ਦੇ ਵਿਰੋਧ ‘ਚ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਤੇ ਆਪਣਾ ਰੋਸ ਲੈ ਕੇ ਪੁੱਜੇ, ਜਿਥੇ ਉਨ੍ਹਾਂ ਨੂੰ ਮੂੰਹ ਜ਼ੁਬਾਨੀ ਭਰੋਸੇ ਤੋਂ ਇਲਾਵਾ ਕੁਝ ਨਹੀਂ ਮਿਲਿਆ।
ਮੋਤੀ ਮਹਿਲ ਤੋਂ ਨਿਰਾਸ਼ ਪਰਤੇ ਸਬਜ਼ੀ ਵਿਕਰੇਤਾਵਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਬਜ਼ੀ ਵਿਕਰੇਤਾਵਾਂ ਤੋਂ ਪ੍ਰਾਈਵੇਟ ਫੀਸ ਕਹਿਕੇ ਮਨਮਰਜ਼ੀ ਨਾਲ ਫੀਸ ਵਸੂਲੀ ਕਰਕੇ ਉਨ੍ਹਾਂ ਦੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫੀਸ ਵਸੂਲੀ ਨੂੰ ਲੈ ਕੇ ਕੀਤੀ ਜਾ ਰਹੀ ਲੁੱਟ ਦਾ ਸਿਲਸਿਲਾ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਜਿਸ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫੀਸ ਰੇਟ ਇਕ ਹੋਣਾ ਚਾਹੀਦਾ ਹੈ, ਜਦਕਿ ਵੱਖ ਵੱਖ ਰੇਟ ਤੈਅ ਰਕੇ ਫੀਸ ਦੀ ਵੱਧ ਵਸੂਲੀ ਕਰਕੇ ਅਧਿਕਾਰੀ ਸਾਡੀ ਕਿਰਤ ਨੂੰ ਲੁੱਟਣਾ ਚਾਹੁੰਦੇ ਹਨ। ਵਿਕਰੇਤਾਵਾਂ ਨੇ ਦੱਸਿਆ ਕਿ ਫੀਸ ਵਸੂਲੀ ਨਾਲ ਕੀਤੀ ਜਾ ਰਹੀ ਲੁੱਟ ਦੇ ਰੋਸ ਵਜੋਂ ਅੱਜ ਸਬਜ਼ੀ ਵਿਕਰੇਤਾਵਾਂ ਦਾ ਵਫ਼ਦ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਉਨ੍ਹਾਂ ਦੇ ਓਐਸਡੀ ਨੂੰ ਮਿਲਿਆ ਅਤੇ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੱਤੀ, ਜਿਨਾਂ ਨੇ ਮੂੰਹ ਜ਼ੁਬਾਨੀ ਭਰੋਸਾ ਦੇ ਕੇ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ, ਪਰ ਮਾਮਲਾ ਕਿਸੇ ਵੀ ਤਣ ਪੱਤਣ ਲੱਗਦਾ ਵਿਖਾਈ ਦਿੱਤਾ। ਵਫ਼ਦ ‘ਚ ਰੋਸ ਪ੍ਰਗਟ ਕਰਨ ਵਾਲੇ ਵਿਕਰੇਤਾਵਾਂ ਨ ਚਿਤਾਵਨੀ ਦਿੰਦਿਆਂ ਕਿਹਾ ਮਾਰਕੀਟ ਕਮੇਟੀ ਅਧਿਕਾਰੀਆਂ ਵੱਲੋਂ ਮਨਮਰਜ਼ੀ ਨਾਲ ਫੀਸ ਵਸੂਲੀ ਦੇ ਵਿਰੋਧ ‘ਚ ਕੰਮ ਠੱਪ ਕਰਕੇ ਹੜਤਾਲ ਕੀਤੀ ਜਾਵੇਗੀ।

