ਪੰਜਾਬੀ ਯੂਨੀਵਰਸਿਟੀ ਠੇਕੇਦਾਰੀ ਸਿਸਟਮ ਦੇ ਕਾਮਿਆਂ ਦਾ ਸੰਘਰਸ਼ ਭਖਿਆ: ਭੁੱਖ ਹੜਤਾਲ ਸ਼ੁਰੂ
ਪਟਿਆਲਾ 9 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪਿਛਲੇ ਪੰਜ ਦਿਨਾਂ ਤੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਯੂਨੀਵਰਸਿਟੀ ਅਥਾਰਿਟੀ ਖਿਲਾਫ ਕੰਮ ਬੰਦ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਠੇਕੇਦਾਰੀ ਸਿਸਟਮ ਤਹਿਤ ਕੰਮ ਕਰਨ ਵਾਲੇ ਸਫਾਈ ਸੇਵਕਾਂ, ਸੇਵਾਦਾਰਾਂ ਅਤੇ ਸੁਰੱਖਿਆ ਕਰਮਚਾਰੀਆਂ ਦਾ ਰੋਸ ਧਰਨਾ ਸੋਮਵਾਰ ਛੇਵੇਂ ਦਿਨ ਵਿਚ ਦਾਖਿਲ ਹੋ ਗਿਆ।
ਵਾਈਸ ਚਾਂਸਲਰ ਡਾ. ਬੀ.ਐਸ.ਘੁੰਮਣ ਪੰਜਾਬ ਸਰਕਾਰ ਨਾਲ ਮੀਟਿੰਗ ਕਰਨ ਲਈ ਚੰਡੀਗੜ ਗਏ ਅਤੇ ਕੈਂਪਸ ਵਿਖੇ ਯੂਨੀਵਰਸਿਟੀ ਅਥਾਰਿਟੀ ਦੇ ਆਲਾ ਅਧਿਕਾਰੀ ਵੀ ਸਿਰਫ ਮੀਟਿੰਗਾਂ ਵਿਚ ਹੀ ਵਿਅਸਤ ਰਹੇ, ਪਰ ਕਰਮਚਾਰੀਆਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਨਿਕਲ ਸਕਿਆ। ਛੇਵੇਂ ਦਿਨ ਠੇਕਾ ਸਿਸਟਮ ਤਹਿਤ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਪ੍ਰਤੀਨਿਧਤਵ ਕਰਨ ਵਾਲੇ ਜਤਿੰਦਰ ਧਾਲੀਵਾਲ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ।ਜੋ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੀ। ਇਸ ਮੌਕੇ ਕਰਮਚਾਰੀਆਂ ਨੇ ਕੈਂਪਸ ਦੇ ਅੰਦਰ ਰੋਸ ਮਾਰਚ ਕਰਦਿਆਂ ਵਾਈਸ ਚਾਂਸਲਰ ਦਫਤਰ ਦੇ ਬਾਹਰ ਵੀ ਰੋਸ ਪ੍ਰਦਰਸ਼ਨ ਕੀਤਾ। ਪਿਛਲੇ ਦਿਨ ਰੋਸ ਧਰਨੇ ਵਿਚ ਕਰਮਚਾਰੀਆਂ ਦਾ ਸਾਥ ਦੇ ਰਹੀ ਇਕ ਮਹਿਲਾ ਕਰਮਚਾਰੀ ਨੂੰ ਦਿਨ ਦਾ ਦੌਰਾ ਪੈ ਗਿਆ ਜਿਸ ਕਾਰਣ ਮਹਿਲਾ ਹਸਪਤਾਲ ਵਿਚ ਜੇਰੇ ਇਲਾਜ ਹੈ। ਇਸ ਮੌਕੇ ਕਰਮਚਾਰੀਆਂ ਦੇ ਰੋਸ ਧਰਨੇ ਦਾ ਡਟਵਾਂ ਸਮਰਥਨ ਕਰ ਰਹੇ ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਪੰਜਾਬੀ ਯੂਨੀਵਰਸਿਟੀ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਯੂਨੀਵਰਸਿਟੀ ਪ੍ਰਸ਼ਾਸ਼ਨ ਦਹਾਕੇ ਤੋਂ ਵੱਧ ਸਮੇਂ ਤੋਂ ਠੇਕਾ ਸਿਸਟਮ ਤਹਿਤ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਹੱਲ ਕਰਨ ਦੀ ਬਜਾਏ ਸਲਾਹ ਮਸ਼ਵਰਿਆਂ ਵਿਚ ਸਮਾਂ ਟਪਾ ਰਿਹਾ ਹੈ।ਇੰਨਾਂ ਗਰੀਬ ਮਿਹਨਤਕਸ਼ਾਂ ਦੀ ਯੂਨੀਵਰਸਿਟੀ ਅਥਾਰਿਟੀ ਨੂੰ ਬਿਨਾ ਦੇਰੀ ਕੀਤਿਆਂ ਸਾਰ ਲੈਣੀ ਚਾਹੀਦੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਜਤਿੰਦਰ ਧਾਲੀਵਾਲ, ਸੰਦੀਪ ਕੁਮਾਰ, ਇਕਬਾਲ ਮੀਰ, ਅਜੈ ਅਰੋੜਾ, ਰਾਜੇਸ਼ ਕੁਮਾਰ, ਅਰਵਿੰਦਰ ਸਿੰਘ ਅਤੇ ਅੰਗਰੇਜ ਸਿੰਘ ਨੇ ਕਿਹਾ ਕਿ ਜੇਕਰ ਯੂਨੀਵਰਸਿਟੀ ਅਥਾਰਿਟੀ ਨੇ ਜਲਦ ਹੀ ਸਾਡੇ ਹੱਕ ਵਿਚ ਕੋਈ ਫੈਸਲਾ ਨਾ ਲਿਆ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸਦੀ ਜਿੰਮੇਵਾਰੀ ਯੂਨੀਵਰਸਿਟੀ ਅਥਾਰਿਟੀ ਦੀ ਹੋਵੇਗੀ। ਆਗੂਆਂ ਨੇ ਕਿਹਾ ਕਿ ਭੁੱਖਣ ਭਾਣੇ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਕਰਮਚਾਰੀਆਂ ਦਾ ਜੇ ਕਿਸੇ ਵੀ ਤਰਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਯੂਨੀਵਰਸਿਟੀ ਅਥਾਰਿਟੀ ਜਿੰਮੇਵਾਰ ਹੋਵੇਗੀ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕਰਮਚਾਰੀਆਂ ਦੀ ਮੰਗ ਪੂਰੀ ਨਹੀਂ ਹੁੰਦੀ ਉਹ ਰੋਸ ਧਰਨਾ ਨਹੀਂ ਚੁੱਕਣਗੇ। ਅੱਜ ਦੇ ਰੋਸ ਧਰਨੇ ਵਿਚ ਹਲਕਾ ਘਨੌਰ ਤੋਂ ਪਰਮਜੀਤ ਸਿੰਘ ਮੱਟੂ, ਦਲਿਤ ਆਗੂ ਕਰਮਜੀਤ ਸਿੰਘ ਲਚਕਾਣੀ, ਡੀ.ਐਸ.ਓ ਤੋਂ ਅਜੈਬ ਸਿੰਘ, ਅਮਰਜੀਤ ਸਿੰਘ ਤੋਂ ਇਲਾਵਾ ਕਈ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ।

