ਪੰਜਾਬਪਟਿਆਲਾ

ਨਸ਼ਿਆਂ ਦੀ ਸਪਲਾਈ ਲਾਇਨ ਤੋੜਨ ਮਗਰੋਂ ਡਿਮਾਂਡ ਲਾਇਨ ਵੀ ਖਤਮ ਕੀਤੀ ਜਾਵੇਗੀ-ਬ੍ਰਹਮ ਮਹਿੰਦਰਾ

ਪਟਿਆਲਾ 9 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ)ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਤੇ ਮੈਡੀਕਲ ਖੋਜ ਤੇ ਸਿੱਖਿਆ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਰਾਜ ਅੰਦਰ ਨਸ਼ਿਆਂ ਦੀ ‘ਸਪਲਾਈ ਲਾਇਨ’ ਤੋੜ ਦਿੱਤੀ ਗਈ ਹੈ ਅਤੇ ਹੁਣ ‘ਡਿਮਾਂਡ ਲਾਇਨ’ ਵੀ ਖਤਮ ਕਰਨ ਦੇ ਯਤਨ ਜੰਗੀ ਪੱਧਰ ‘ਤੇ ਅਰੰਭੇ ਗਏ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਨਸ਼ੇ ਦੀ ਲਤ ਦਾ ਸ਼ਿਕਾਰ ਹੋਏ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਕੇ ਹੁਨਰ ਵਿਕਾਸ ਰਾਹੀਂ ਉਨ੍ਹਾਂ ਦੇ ਪੁਨਰ ਵਸੇਬੇ ਲਈ ਸਰਕਾਰੀ ਤੇ ਗ਼ੈਰ ਸਰਕਾਰੀ ਖੇਤਰਾਂ ‘ਚ ਨੌਕਰੀਆਂ ਦੇ ਮੌਕੇ ਵੀ ਮੁਹੱਈਆ ਕਰਵਾਏਗੀ।
ਸ੍ਰੀ ਬ੍ਰਹਮ ਮਹਿੰਦਰਾ ਸਿਹਤ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਚੰਗੀ ਸਿਹਤ ਚੰਗੀ ਸੋਚ ਤਹਿਤ ਮਨਾਏ ਜਾ ਰਹੇ ‘ਤੇਜ ਦਸਤ ਰੋਕੂ ਪੰਦਰਵਾੜੇ’ ਦੀ ਸ਼ੁਰੂਆਤ ਮੌਕੇ ਇਥੇ ਸਰਕਾਰੀ ਮਾਤਾ ਕੌਸ਼ੱਲਿਆ ਹਸਪਤਾਲ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ। ਇਸ ਮੌਕੇ ਸ੍ਰੀ ਬ੍ਰਹਮ ਮਹਿੰਦਰਾ ਨੇ ਸੰਬੋਧਨ ਕਰਦਿਆਂ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਦੇ ਸ਼ਿਕਾਰ ਵਿਅਕਤੀ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਣ ਦੀ ਥਾਂ ਉੁਨ੍ਹਾਂ ਨੂੰ ਇਲਾਜ ਲਈ ਪੰਜਾਬ ਸਰਕਾਰ ਦੇ 88 ਨਸ਼ਾ ਮੁਕਤੀ ਕੇਂਦਰਾਂ ‘ਚ ਇਲਾਜ ਲਈ ਦਾਖਲ ਕਰਵਾਉਣ। ਉਨ੍ਹਾਂ ਕਿਹਾ ਕਿ ਇਹ ਸਾਡੇ ਗੁੰਮਰਾਹ ਹੋਏ ਬੱਚੇ ਹਨ, ਜਿਨ੍ਹਾਂ ਨੂੰ ਨਫ਼ਰਤ ਕਰਨ ਦੀ ਬਜਾਇ ਇਨ੍ਹਾਂ ਦੇ ਇਲਾਜ ਲਈ ਪਰਿਵਾਰਾਂ ਤੇ ਸਮਾਜ ਨੂੰ ਅੱਗੇ ਆਉਣਾ ਚਾਹੀਦਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸੌਂਹ ਪੂਰੀ ਕਰਦਿਆਂ ਸੂਬੇ ਅੰਦਰ ਨਸ਼ਿਆਂ ਦੀ ਸਪਲਾਈ ਲਾਇਨ ਤੋੜਨ ਲਈ ਐਸ.ਟੀ.ਐਫ. ਦਾ ਗਠਨ ਕੀਤਾ ਜਿਸ ਕਰਕੇ ਸਮੱਗਲਰ ਜਾਂ ਸ਼ਹਿਰ ਛੱਡ ਗਏ ਜਾਂ ਜੇਲਾਂ ‘ਚ ਬੰਦ ਹਨ। ਹੁਣ ਨਸ਼ਿਆਂ ਦੀ ਮੰਗ ਵੀ ਖ਼ਤਮ ਕਰਨ ਲਈ ਨਸ਼ਿਆਂ ‘ਚ ਗਲਤਾਨ ਵਿਅਕਤੀਆਂ ਦੇ ਇਲਾਜ ਕੇ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਇਹ ਵੀ ਗ਼ਲਤ ਹੈ ਕਿ ਨਸ਼ਾ ਛੱਡਣ ਵਾਲਾ ਵਿਅਕਤੀ ਨਸ਼ਾ ਛੁਡਾਊ ਗੋਲੀਆਂ ‘ਤੇ ਲੱਗ ਜਾਂਦਾ ਹੈ, ਇਸ ਲਈ ਸਿਹਤ ਵਿਭਾਗ ‘ਜੀਰੋ ਟਾਲਰੈਂਸ’ ਦੀ ਨੀਤੀ ‘ਤੇ ਕੰਮ ਕਰ ਰਿਹਾ ਹੈ, ਜਿਸ ਨਾਲ ਨਸ਼ਿਆਂ ਦੀ ਮੰਗ ਖ਼ਤਮ ਹੋਵੇਗੀ ਤੇ ਚੰਗੇ ਨਤੀਜੇ ਸਾਹਮਣੇ ਆਉਣਗੇ।
ਸਿਹਤ ਮੰਤਰੀ ਨੇ ਪਿਛਲੇ ਦਿਨੀਂ ਹੋਈਆਂ ਕੁਝ ਮੌਤਾਂ ਬਾਬਤ ਕਿਹਾ ਕਿ ਜੀਰਾ ਅਤੇ ਨਵਾਂ ਸ਼ਹਿਰ ‘ਚ ਦੋ-ਦੋ ਮੌਤਾਂ ਦੀ ਨਸ਼ਿਆਂ ਕਰਕੇ ਹੋਣ ਦੀ ਪੁਸ਼ਟੀ ਹੋਈ ਹੈ, ਜਦੋਂ ਕਿ ਬਾਕੀ ਮੌਤਾਂ ਹੈਰੋਇਨ ਜਾਂ ਸਮੈਕ ਆਦਿ ਦੀ ਤੋੜ ਨਾਲ ਹੋਈਆਂ ਹੋ ਸਕਦੀਆਂ ਹਨ ਪਰੰਤੂ ਇਨ੍ਹਾਂ ਨੂੰ ਬਿਨਾਂ ਜਾਂਚ ਨਸ਼ਿਆਂ ਨਾਲ ਨਹੀਂ ਜੋੜਿਆ ਜਾ ਸਕਦਾ ਪਰੰਤੂ ਸਰਕਾਰ ਇਸ ਮਸਲੇ ‘ਤੇ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਕੈਬਿਨੇਟ ਸਬ ਕਮੇਟੀ ਵੱਲੋਂ ਇਨ੍ਹਾਂ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ੇੜੀ ਸ਼ਬਦ ਘ੍ਰਿਣਾ ਪੈਦਾ ਕਰਦਾ ਹੈ ਇਸ ਲਈ ਇਨ੍ਹਾਂ ਲੋਕਾਂ ਨੂੰ ਨਫ਼ਰਤ ਦੀ ਬਜਾਇ ਹਮਦਰਦੀ ਦੇ ਪਾਤਰ ਸਮਝਕੇ ਇਨ੍ਹਾਂ ਦੇ ਇਲਾਜ ਲਈ ਆਮ ਲੋਕਾਂ ਨੂੰ ਅੱਗੇ ਆਉਣਾ ਪਵੇਗਾ ਅਤੇ ਸਿਹਤ ਮਹਿਕਮਾ ਇਨ੍ਹਾਂ ਦੇ ਇਲਾਜ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਸ ਤੋਂ ਪਹਿਲਾਂ ਸਿਹਤ ਮੰਤਰੀ ਨੇ ਦੱਸਿਆ ਕਿ ਸਰਕਾਰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦਾ ਪੁਰਾਣਾ ਰੁਤਬਾ ਬਹਾਲ ਕਰਵਾਏਗੀ ਅਤੇ ਮਾਤਾ ਕੌਸ਼ੱਲਿਆ ਹਸਪਤਾਲ ‘ਚ ਹੋਰ ਸਹੂਲਤਾਂ ਵਧਾਈਆਂ ਜਾਣਗੀਆਂ। ਉਨ੍ਹਾਂ ਨੇ ਆਈ.ਐਮ.ਏ ਤੇ ਪੰਜਾਬ ਦੇ ਸਿਹਤ ਵਿਭਾਗ ਦੇ ਡਾਕਟਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਦੀ ਬਦੌਲਤ ਮੀਜ਼ਲ ਰੁਬੇਲਾ ਟੀਕਾਕਰਨ ਦਾ ਟੀਚਾ 98.51 ਫ਼ੀਸਦੀ ਪੂਰਾ ਕਰ ਲਿਆ ਗਿਆ ਹੈ ਤੇ ਬਹੁਤ ਜਲਦ 100 ਫੀਸਦੀ ਹੋਵੇਗਾ। ਉਨ੍ਹਾਂ ਦੱਸਿਆ ਕਿ ਦਸਤ ਰੋਕੂ ਪੰਦਰਵਾੜੇ ਤਹਿਤ ਬੱਚਿਆਂ ਦੀ ਮੌਤਾਂ ਰੋਕਣ ਲਈ ਘਰ-ਘਰ ਓ.ਆਰ.ਐਸ. ਦੇ ਪੈਕੇਟ ਤੇ ਜਿੰਕ ਦੀਆਂ ਗੋਲੀਆਂ ਪਹੁੰਚਾਈਆਂ ਜਾਣਗੀਆਂ।
ਇਸ ਮੌਕੇ ਸਿਹਤ ਮੰਤਰੀ ਨੇ ਓ.ਆਰ.ਐਸ. ਦੇ ਪੈਕਟ ਵੰਡੇ ਅਤੇ ਹਸਪਤਾਲ ‘ਚ ਓ.ਆਰ.ਐਸ. ਤੇ ਜਿੰਕ ਕੋਨੇ ਦੀ ਸ਼ੁਰੂਆਤ ਕਰਵਾਈ। ਜਦੋਂਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਘਰ-ਘਰ ਹਰਿਆਲੀ ਤਹਿਤ ਬੂਟੇ ਵੀ ਵੰਡੇ ਗਏ। ਇਸ ਮੌਕੇ ਮਾਤਾ ਕੌਸ਼ੱਲਿਆ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਦਸਤ ਰੋਕੂ ਜਾਗਰੂਕਤਾ ਲਈ ਨਾਟਕ ਵੀ ਪੇਸ਼ ਕੀਤਾ।
ਇਸ ਦੌਰਾਨ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਨਰੇਸ਼ ਕਾਂਸਰਾ ਨੇ ਦੱਸਿਆ ਕਿ ਇਸ ਪੰਦਰਵਾੜੇ ਨੂੰ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਸਫ਼ਲ ਬਣਾਇਆ ਜਾਵੇਗਾ। ਇਸ ਪੰਦਰਵਾੜੇ ਦੀ ਨੋਡਲ ਅਫ਼ਸਰ ਤੇ ਸਹਾਇਕ ਡਾਇਰੈਕਟਰ ਡਾ. ਅਨੂ ਦੋਸਾਂਝ ਨੇ ਓ.ਆਰ.ਐਸ. ਘੋਲ ਤੇ ਜਿੰਕ ਦੀਆਂ ਗੋਲੀਆਂ ਦੀ ਮਹੱਤਤਾ ਦੱਸੀ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕਿਹਾ ਕਿ ਜਿਵੇਂ ਮੀਜ਼ਲ ਰੁਬੇਲਾ ਟੀਕਾਕਰਨ ਨੂੰ ਪਟਿਆਲਾ ਜ਼ਿਲ੍ਹੇ ‘ਚ 100 ਫੀਸਦੀ ਪੂਰਾ ਕੀਤਾ ਗਿਆ, ਉਸੇ ਤਰ੍ਹਾਂ ਇਸ ਪੰਦਰਵਾੜੇ ਦੌਰਾਨ ਦਸਤਾਂ ਦੇ ਵਿਰੋਧੀ ਜਾਗਰੂਕਤਾ ਘਰ-ਘਰ ਫੈਲਾਈ ਜਾਵੇਗੀ। ਆਈ.ਐਮ.ਏ. ਦੇ ਪੰਜਾਬ ਪ੍ਰਧਾਨ ਡਾ. ਜਤਿੰਦਰ ਕਾਂਸਲ ਨੇ ਇਸ ਪੰਦਰਵਾੜੇ ਦੌਰਾਨ ਪੰਜਾਬ ਦੇ ਡਾਕਟਰਾਂ ਵੱਲੋਂ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਮਾਤਾ ਕੌਸ਼ੱਲਿਆ ਹਸਪਤਾਲ ਦੇ ਐਮ.ਐਸ. ਡਾ. ਰੇਨੂੰ ਅਗਰਵਾਲ ਨੇ ਧੰਨਵਾਦ ਕੀਤਾ।
ਇਸ ਮੌਕੇ ਪਟਿਆਲਾ ਦੇ ਡਿਪਟੀ ਮੇਅਰ ਸ੍ਰੀਮਤੀ ਵਿੰਤੀ ਸੰਗਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸੰਤ ਬਾਂਗਾ, ਨੰਦ ਲਾਲ ਗੁਰਾਬਾ, ਕੌਂਸਲਰ ਹਰਦੀਪ ਸਿੰਘ ਖਹਿਰਾ, ਹਰਵਿੰਦਰ ਸ਼ੁਕਲਾ, ਅਨਿਲ ਮੋਦਗਿਲ, ਰਜਿੰਦਰ ਰਾਜੂ, ਸੇਵਕ ਸਿੰਘ, ਸੇਵਾ ਸਿੰਘ, ਅਮਨਦੀਪ ਸਿੰਘ, ਮਨੋਜ ਠਾਕੁਰ, ਡੀ.ਕੇ. ਸੂਦ, ਅਮਰਪ੍ਰੀਤ ਬੌਬੀ, ਸੰਜੀਵ ਸ਼ਰਮਾ, ਹਰਮਿੰਦਰਪਾਲ ਸ਼ਰਮਾ, ਭੁਟੋ ਬਾਜਵਾ, ਰਜੇਸ਼ ਗੁਪਤਾ, ਸੁਨੀਲ ਮਹਿਤਾ, ਤਾਰਾ ਦੱਤ ਯੂਥ ਪ੍ਰਧਾਨ, ਅਰੁਣ ਤਿਵਾੜੀ, ਰਜਿੰਦਰਾ ਹਸਪਤਾਲ ਦੇ ਐਮ.ਐਸ. ਡਾ. ਬੀ.ਐਸ. ਬਰਾੜ, ਵੱਡੀ ਗਿਣਤੀ ‘ਚ ਡਾਕਟਰ, ਪੈਰਾ ਮੈਡੀਕਲ ਸਟਾਫ਼, ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ, ਸਿਹਤ ਵਿਭਾਗ ਸਮੇਤ ਹੋਰ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।

Leave a Reply

Your email address will not be published. Required fields are marked *