ਪੰਜਾਬ

ਸਹਾਰਨਪੁਰ ‘ਚ ਅੰਤਰ-ਰਾਜੀ ਨਸ਼ਾ ਤਸਕਰ ਗਿਰੋਹ ਦਾ ਕੀਤਾ ਪਰਦਾਫਾਸ਼

ਚੰਡੀਗੜ•, 9 ਜੁਲਾਈ (ਮਧੂਸਾਰ ਬਿਊਰੋ) ਨਸ਼ਾ ਤਸਕਰਾਂ ਅਤੇ ਵਪਾਰੀਆਂ ਖਿਲਾਫ਼ ਆਪਣੇ ਸਖ਼ਤ ਵਤੀਰੇ ਨੂੰ ਕਾਇਮ ਰੱਖਦਿਆਂ ਅੱਜ ਪੰਜਾਬ ਪੁਲੀਸ ਨੇ ਯੂ.ਪੀ. ਪੁਲੀਸ ਨਾਲ ਸਾਂਝੇ ਆਪਰੇਸ਼ਨ ਜ਼ਰੀਏ ਅੰਤਰ-ਰਾਜੀ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।

ਐਸ.ਐਸ.ਪੀ. ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਤਿੰਦਰ ਸਿੰਘ ਅਨੁਸਾਰ ਇਹ ਗਿਰੋਹ ਕਥਿਤ ਤੌਰ ‘ਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਸੀ ਜੋ ਕਿ ਪੰਜਾਬ ਵਿੱਚ ਨਸ਼ਾ ਤਿਆਰ ਕਰਕੇ ਵੇਚਦਾ ਸੀ, ਜਿਸਦਾ ਪਤਾ ਹਾਲ ਹੀ ਵਿੱਚ ਨਸ਼ੇ ਨਾਲ ਹੋਈਆਂ ਮੌਤਾਂ ਦੀ ਜਾਂਚ ਤੋਂ ਲੱਗਿਆ ਹੈ।
ਐਸ.ਬੀ.ਐਸ. ਨਗਰ ਪੁਲੀਸ ਅਤੇ ਸਹਰਨਪੁਰ ਪੁਲੀਸ ਵੱਲੋਂ ਚਲਾਏ ਇਸ ਸਾਂਝੇ ਆਪਰੇਸ਼ਨ ਵਿੱਚ ਦੋ ਸਹਾਰਨਪੁਰ ਵਾਸੀਆਂ ਮੁਹੰਮਦ ਬਾਲੀ ਪੁੱਤਰ ਨਾਇਰ ਇਕਬਾਲ ਅਤੇ ਸੋਹੇਲ ਕੁਰੇਸ਼ੀ ਪੁੱਤਰ ਜੇਰਾਰ ਅਹਿਮਦ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲੀਸ ਵੱਲੋਂ ਮੁਹੰਮਦ ਬਾਲੀ ਪਾਸੋਂ 480 ਨਸ਼ੀਲੇ ਅਤੇ ਏਵਿਲ ਦਵਾਈ ਟੀਕੇ ਬਰਾਮਦ ਕੀਤੇ ਗਏ ਹਨ ਜਦੋਂ ਕਿ ਸੋਹੇਲ ਕੁਰੇਸ਼ੀ ਪਾਸੋਂ 1220 ਬੂਪਰੋਨਓਰਪਾਈਨ ਟੀਕੇ, 420 ਅਵਿਲ ਟੀਕੇ, 4400 ਨਸ਼ੀਲੀਆਂ ਗੋਲੀਆਂ ਅਤੇ 900 ਕੈਪਸੂਲਜ਼ ਬਰਾਮਦ ਕੀਤੇ ਗਏ ਹਨ।
ਐਸ.ਐਸ.ਪੀ. ਨੇ ਦੱਸਿਆ ਕਿ ਐਨ.ਡੀ.ਪੀ.ਐਸ. ਐਕਟ ਤਹਿਤ ਇਸ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਕੁੱਝ ਮੁਲਜ਼ਮਾਂ ਪਾਸੋਂ ਜਾਣਕਾਰੀ ਮਿਲਣ ਤੋਂ ਬਾਅਦ ਦੋਵਾਂ ਰਾਜਾਂ ਦੀਆਂ ਪੁਲੀਸ ਟੀਮਾਂ ਵੱਲੋਂ ਇਸ ਸਬੰਧੀ ਸਾਂਝਾ ਆਪਰੇਸ਼ਨ ਕੀਤਾ ਗਿਆ। ਐਸ.ਬੀ.ਐਸ. ਨਗਰ ਪੁਲੀਸ ਵੱਲੋਂ ਕੋਤਵਾਲੀ ਸ਼ਹਿਰ, ਸਹਾਰਨਪੁਰ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21, 22 ਤਹਿਤ ਐਫ.ਆਈ.ਆਰ. ਨੰ. 154 ਦਰਜ ਕਰ ਲਈ ਗਈ ਹੈ।
ਮੁਹੰਮਦ ਬਾਲੀ ਅਤੇ ਸੋਹੇਲ ਕੁਰੇਸ਼ੀ ਤੋਂ ਕੀਤੀ ਪੁੱਛਗਿੱਛ ਦੇ ਅਧਾਰ ‘ਤੇ ਐਸ.ਬੀ.ਐਸ. ਨਗਰ ਪੁਲੀਸ ਨੇ ਸਹਾਰਨਪੁਰ ਪੁਲੀਸ ਨਾਲ ਮਿਲ ਕੇ ਵੈਲਕਮ ਫਾਰਮਾ ਦੇ ਮਾਲਕ ਅਬਦੁਲ ਮਾਰੁਫ਼ ਪੁੱਤਰ ਸਲੀਮ ਖਾਨ ਮਾਰਕੀਟ ਕਿਸ਼ਨਪੁਰਾ, ਸਹਾਰਨਪੁਰ ਵਿਖੇ ਸਥਿਤ ਦਵਾਈਆਂ ਦੀ ਦੁਕਾਨ ਤੇ ਛਾਪਾ ਮਾਰਿਆ। ਛਾਪੇ ਦੌਰਾਨ ਪੁਲੀਸ ਨੂੰ ਸਟੋਰ ਦੇ ਰਿਕਾਰਡ ਵਿੱਚ ਕਈ ਊਣਤਾਈਆਂ ਦਾ ਪਤਾ ਚੱਲਿਆ ਅਤੇ ਪੁਲੀਸ ਵੱਲੋਂ ਅਣਅਧਿਕਾਰਤ ਦਵਾਈਆਂ ਦੇ ਭੰਡਾਰ ਜ਼ਬਤ ਕੀਤੇ ਗਏ ਜਿਸ ਵਿੱਚ 34 ਬੋਤਲਾਂ ਕੋਰੈਕਸ਼ ਸਿਰਪ, 21 ਨਸ਼ੀਲੇ ਟੀਕੇ 10 ਐਮ.ਐਲ. , 390 ਟੀਕੇ 2 ਐਮ.ਐਲ. ਸ਼ਾਮਿਲ ਹਨ। ਬੁਲਾਰੇ ਨੇ ਦੱਸਿਆ ਕਿ ਉਕਤ ਦੁਕਾਨ ਦੇ ਰਿਕਾਰਡ ਜ਼ਬਤ ਕਰ ਲਏ ਗਏ ਹਨ ਅਤੇ ਅਥਾਰਟੀਆਂ ਨੂੰ ਸਟੋਰ ਦੇ ਮਾਲਕ ਦਾ ਲਾਇਸੰਸ ਖਾਰਜ ਕਰਨ ਦੀਆਂ ਸਿਫ਼ਾਰਿਸ਼ਾਂ ਕੀਤੀਆਂ ਗਈਆਂ ਹਨ। ਬੂਪਰੋਨਓਰਪਾਈਨ ਇੱਕ ਓਪੀਓਡ ਡੈਰੀਵੇਟਿਵ ਟੀਕਾ ਹੈ ਅਤੇ ਅਵਿਲ ਇੱਕ ਐਟੀਅਲਰਜਿਕ ਦਵਾਈ ਹੈ। ਜਦੋਂ ਦੋਵਾਂ ਨੂੰ ਮਿਲਾ ਕੇ ਲਿਆ ਜਾਂਦਾ ਹੈ ਤਾਂ ਅਜਿਹੀ ਨਸ਼ੀਲੀ ਦਵਾਈ ਬਣਦੀ ਹੈ ਜਿਸ ਨੂੰ ਵਰਤਣ ਵਾਲਾ ਵਿਅਕਤੀ ਨਸ਼ੇ ਦਾ ਆਦੀ ਬਣ ਜਾਂਦਾ ਹੈ।

Leave a Reply

Your email address will not be published. Required fields are marked *