ਪੰਜਾਬਪਟਿਆਲਾ

ਕੈਪਟਨ ਸਰਕਾਰ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹ ਤੋਂ ਪੁੱਟੇਗੀ, ਖੁਸ਼ਹਾਲੀ ਦੇ ਰਾਖੇ ਨਿਭਾਉਣਗੇ ਅਹਿਮ ਭੂਮਿਕਾ-ਲੈਫ. ਜਨਰਲ ਸ਼ੇਰਗਿੱਲ

ਸ਼ੇਰਗਿੱਲ ਵੱਲੋਂ ਭ੍ਰਿਸ਼ਟਾਚਾਰ ਮੁਕਤ ਤੇ ਬਿਹਤਰ ਪ੍ਰਸ਼ਾਸ਼ਨ ਲਈ ਵੀ ਜੀ.ਓ.ਜੀਜ ਨੂੰ ਅਹਿਮ ਭੂਮਿਕਾ ਨਿਭਾਉਣ ਦਾ ਸੱਦਾ
ਲੈਫ. ਜਨਰਲ ਸ਼ੇਰਗਿੱਲ ਵੱਲੋਂ ਸ਼ੁਤਰਾਣਾ ਤੇ ਸਮਾਣਾ ਦੇ ਖੁਸ਼ਹਾਲੀ ਦੇ ਰਾਖਿਆਂ ਨਾਲ ਮੀਟਿੰਗ
ਸ਼ੁਤਰਾਣਾ/ਪਾਤੜਾਂ, 17 ਜੁਲਾਈ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੀਨੀਅਰ ਸਲਾਹਕਾਰ ਅਤੇ ਪੰਜਾਬ ਸਰਕਾਰ ਦੀ ਫਲੈਗਸ਼ਿਪ ਸਕੀਮ ‘ਗਾਰਡੀਅਨਜ ਆਫ਼ ਗਵਰਨੈਂਸ’ ਦੇ ਸੀਨੀਅਰ ਵਾਇਸ ਚੇਅਰਮੈਨ ਲੈਫ਼ਟੀਨੈਂਟ ਜਨਰਲ (ਸੇਵਾ ਮੁਕਤ) ਟੀ.ਐਸ. ਸ਼ੇਰਗਿੱਲ, ਪੀ.ਵੀ.ਐਸ.ਐਮ. ਨੇ ਕਿਹਾ ਹੈ ਕਿ ਕੈਪਟਨ ਸਰਕਾਰ ਪੰਜਾਬ ਵਿੱਚੋਂ ਨਸ਼ਿਆਂ ਦੀ ਜੜ੍ਹ ਪੁੱਟਣ ਲਈ ਵਚਨਬੱਧ ਹੈ ਅਤੇ ਇਸ ਕੰਮ ਲਈ ਖੁਸ਼ਹਾਲੀ ਦੇ ਰਾਖੇ ਅਹਿਮ ਭੂਮਿਕਾ ਨਿਭਾਉਣਗੇ।
ਲੈਫ. ਜਨਰਲ ਸ਼ੇਰਗਿੱਲ ਅੱਜ ਹਲਕਾ ਸ਼ੁਤਰਾਣਾ ਤੇ ਸਮਾਣਾ ਦੇ 142 ਪਿੰਡਾਂ ‘ਚ ਤਾਇਨਾਤ 58 ਖੁਸ਼ਹਾਲੀ ਦੇ ਰਾਖਿਆਂ ਨਾਲ ਮੀਟਿੰਗ ਕਰਨ ਲਈ ਸ਼ੁਤਰਾਣਾ ਵਿਖੇ ਪੁੱਜੇ ਹੋਏ ਸਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸ਼ੇਰਗਿੱਲ ਨੇ ਕਿਹਾ ਕਿ ਸਰਕਾਰ ਨੇ ਨਸ਼ਿਆਂ ਦੀ ਸਪਲਾਈ ਲਾਇਨ ਤਾਂ ਕੱਟ ਦਿੱਤੀ ਹੈ ਅਤੇ ਹੁਣ ਇਸ ਸਮੱਸਿਆ ਨੂੰ ਜੜ੍ਹ ਤੋਂ ਪੁੱਟ ਸੁੱਟਿਆ ਜਾਵੇਗਾ ਅਤੇ ਨਾਲ ਹੀ ਨਸ਼ਿਆਂ ਦੀ ਮੰਗ ਖ਼ਤਮ ਕਰਨ ਲਈ ਗੁੰਮਰਾਹ ਹੋਏ ਸਾਡੇ ਨੌਜਵਾਨਾਂ ਨੂੰ ਵੀ ਸੰਭਾਲਣ ਦੀ ਲੋੜ ਹੈ, ਜਿਸ ਲਈ ਸਰਕਾਰ ਦੇ ਨਸ਼ਾ ਮੁਕਤੀ ਤੇ ਸਿਹਤ ਕੇਂਦਰਾਂ ਦੀਆਂ ਸੇਵਾਵਾਂ ਦਾ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਖੁਸ਼ਹਾਲੀ ਦੇ ਰਾਖੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਗੇ ਕਿ ਨਸ਼ੇ ਦੀ ਗ੍ਰਿਫ਼ਤ ‘ਚ ਆਏ ਇਨ੍ਹਾਂ ਨੌਜਵਾਨਾਂ ਨੂੰ ਨਫ਼ਰਤ ਨਾਲ ਨਹੀਂ ਬਲਕਿ ਪਿਆਰ ਨਾਲ ਸੰਭਾਲਿਆ ਜਾਵੇ। ਉਨ੍ਹਾਂ ਕਿਹਾ ਕਿ ਜੀ.ਓ.ਜੀ. ਖ਼ੁਦ ਡੇਪੋ ਵਲੰਟੀਅਰ ਹਨ ਤੇ ਇਸ ਲਈ ਕੰਮ ਕਰ ਰਹੇ ਹਨ।
ਇਸ ਤੋਂ ਪਹਿਲਾਂ ਸ੍ਰੀ ਸ਼ੇਰਗਿੱਲ ਨੇ ਜੀ.ਓ.ਜੀ. ਸਕੀਮ ਨੂੰ ਸ਼ੁਰੂ ਕਰਨ ਪਿੱਛੇ ਮੁੱਖ ਮੰਤਰੀ ਦੀ ਸੋਚ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਲੋਕਾਂ ਦੇ ਮਨਾਂ ਅੰਦਰ ਇਮਾਨਦਾਰੀ ਅਤੇ ਜਿੰਮੇਦਾਰੀ ਦੀ ਭਾਵਨਾ ਪੈਦਾ ਕਰਨਾ ਚਾਹੁੰਦੇ ਹਨ, ਤਾਂ ਜੋ ਪੰਜਾਬ ਨੂੰ ਮੁੜ ਤੋਂ ਇੱਕ ਨੰਬਰ ਦਾ ਸੂਬਾ ਬਣਾਇਆ ਜਾ ਸਕੇ। ਜਦੋਂਕਿ ਪੰਜਾਬ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਬਿਹਤਰ ਪ੍ਰਸ਼ਾਸ਼ਨ ਦੇ ਨਾਲ-ਨਾਲ 26 ਦੇ ਕਰੀਬ ਲੋਕ ਭਲਾਈ ਸਕੀਮਾਂ ਦਾ ਲਾਭ ਅਸਲ ਲਾਭਪਾਤਰੀਆਂ ਤੱਕ ਯਕੀਨੀ ਤੌਰ ‘ਤੇ ਦਿਵਾਉਣ ਲਈ ਇਨ੍ਹਾਂ ਖੁਸ਼ਹਾਲੀ ਦੇ ਰਾਖਿਆਂ ਦੀ ਭੂਮਿਕਾ ਨੂੰ ਅਹਿਮ ਬਣਾਇਆ ਗਿਆ ਹੈ।
ਲੈਫ਼ਟੀਨੈਂਟ ਜਨਰਲ (ਸੇਵਾ ਮੁਕਤ) ਟੀ.ਐਸ. ਸ਼ੇਰਗਿੱਲ ਨੇ ਦੱਸਿਆ ਕਿ ‘ਖੁਸ਼ਹਾਲੀ ਦੇ ਰਾਖੇ’ ਸਰਕਾਰ ਦੇ ‘ਅੱਖਾਂ ਅਤੇ ਕੰਨ’ ਬਣਕੇ ਲੋਕ ਭਲਾਈ ਸਕੀਮਾਂ ‘ਤੇ ਬਰੀਕੀ ਨਾਲ ਨਜ਼ਰ ਰੱਖਦੇ ਹਨ ਤੇ ਇਸ ਦੀ ਹਾਂ ਪੱਖੀ ਜਾਂ ਕਮੀਆਂ ਪੇਸ਼ੀਆਂ ਦੀ ਸੁਤੰਤਰ ਰਿਪੋਰਟ ਇੱਕ ਐਪ ਜਰੀਏ ਮੁੱਖ ਮੰਤਰੀ ਦਫ਼ਤਰ ‘ਚ 24 ਘੰਟੇ ਕਾਰਜਸ਼ੀਲ ਕੰਟਰੋਲ ਰੂਮ ਤੱਕ ਪਹੁੰਚਾਉਂਦੇ ਹਨ। ਇਸ ਦੀ ਮੋਨੀਟਰਿੰਗ ਮੁੱਖ ਮੰਤਰੀ ਖ਼ੁਦ ਅਤੇ ਉਹ ਕਰਦੇ ਹਨ, ਜਿਸ ਦੀ ਸੂਚਨਾ ਸਬੰਧਤ ਡਿਪਟੀ ਕਮਿਸ਼ਨਰ ਅਤੇ ਹੋਰਨਾਂ ਅਧਿਕਾਰੀਆਂ ਨੂੰ ਵੀ ਮਿਲਦੀ ਹੈ, ਜਿਸ ਨਾਲ ਇਸ ਸਕੀਮ ਦਾ ਆਮ ਲੋਕਾਂ ਨੂੰ ਬਹੁਤ ਲਾਭ ਮਿਲਣ ਦੇ ਨਾਲ-ਨਾਲ ਸਰਕਾਰ ਤੱਕ ਜਮੀਨੀ ਪੱਧਰ ਦੀ ਫੀਡਬੈਕ ਵੀ ਪੁੱਜ ਰਹੀ ਹੈ।
ਜਨਰਲ ਸ਼ੇਰਗਿੱਲ ਨੇ ਖੁਸ਼ਹਾਲੀ ਦੇ ਰਾਖਿਆਂ ਨੂੰ ਪ੍ਰੇਰਿਤ ਕੀਤਾ ਕਿ ਉਨ੍ਹਾਂ ਲਈ ਜਿਵੇਂ ਫ਼ੌਜ ‘ਚ ਨੌਕਰੀ ਦੌਰਾਨ ਦੇਸ਼ ਦੀ ਸੇਵਾ ਨੂੰ ਪਹਿਲ ਦੇਣ ਦੀ ਕਸਮ ਖਾਧੀ ਸੀ, ਉਸੇ ਤਰ੍ਹਾਂ ਉਹ ਹੁਣ ਸੇਵਾਮੁਕਤੀ ਮਗਰੋਂ ਸਟੀਕ ਤੇ ਤੱਥਪੂਰਨ ਸੂਚਨਾ ਮੁਹੱਈਆ ਕਰਵਾ ਕੇ ਆਮ ਲੋਕਾਂ ਨੂੰ ਪ੍ਰਸ਼ਾਸਨਿਕ ਖੱਜਲ ਖੁਆਰੀ ਤੋਂ ਬਚਾਉਣ ਅਤੇ ਸਰਕਾਰੀ ਸਕੀਮਾਂ ਲੋਕਾਂ ਤੱਕ ਪਹੁੰਚਾਉਣ ‘ਚ ਆਪਣਾ ਯੋਗਦਾਨ ਪਾਉਣ, ਇਸ ‘ਤੇ ਹਾਜ਼ਰ ਖੁਸ਼ਹਾਲੀ ਦੇ ਰਾਖਿਆਂ ਨੇ ਇੱਕ ਅਵਾਜ ‘ਚ ਜੋਸ਼ ਤੇ ਜ਼ਜਬੇ ਨਾਲ ਹਾਂ ਪੱਖੀ ਹੁੰਗਾਰਾ ਦਿੱਤਾ।
ਇਸ ਸਮੇਂ ਸਕੀਮ ਦੇ ਜ਼ਿਲ੍ਹਾ ਮੁਖੀ ਬ੍ਰਿਗੇਡੀਅਰ (ਸੇਵਾ ਮੁਕਤ) ਡੀ.ਐਸ. ਗਰੇਵਾਲ ਨੇ ਵੀ ਸੰਬੋਧਨ ਕੀਤਾ। ਜਦੋਂਕਿ ਐਸ.ਡੀ.ਐਮ. ਪਾਲਿਕਾ ਅਰੋੜਾ ਤੇ ਐਸ.ਡੀ.ਐਮ. ਸਮਾਣਾ ਸ੍ਰੀ ਅਰਵਿੰਦ ਗੁਪਤਾ ਨੇ ਪ੍ਰਸ਼ਾਸਨ ਵੱਲੋਂ ਵਿਸ਼ਵਾਸ਼ ਦੁਆਇਆ ਕਿ ਖੁਸ਼ਹਾਲੀ ਦੇ ਰਾਖਿਆਂ ਵੱਲੋਂ ਜਿਹੜੀ ਵੀ ਸੂਚਨਾ ਉਨ੍ਹਾਂ ਕੋਲ ਆਵੇਗੀ, ਉਸ ‘ਤੇ ਪੂਰੀ ਇਮਾਨਦਾਰੀ ਨਾਲ ਤੁਰੰਤ ਕਾਰਵਾਈ ਕਰਕੇ ਨਿਪਟਾਰਾ ਕੀਤਾ ਜਾਵੇਗਾ। ਮੀਟਿੰਗ ‘ਚ ਬ੍ਰਿਗੇਡੀਅਰ ਡੀ.ਐਸ. ਗਰੇਵਾਲ ਜ਼ਿਲ੍ਹਾ ਮੁਖੀ, ਸਹਾਇਕ ਜ਼ਿਲ੍ਹਾ ਮੁਖੀ ਕਰਨਲ ਐਨ.ਐਸ. ਸਿੱਧੂ, ਪਾਤੜਾਂ ਤਹਿਸੀਲ ਮੁਖੀ ਕਰਨਲ ਕੁਲਵਰਨ ਸਿੰਘ, ਸਮਾਣਾ ਤਹਿਸੀਲ ਮੁਖੀ ਸੂਬੇਦਾਰ ਮੇਜਰ ਸ਼ਿਆਮ ਸਿੰਘ (ਸਾਰੇ ਸੇਵਾ ਮੁਕਤ), ਡੀ.ਐਸ.ਪੀ. ਪ੍ਰਿਤਪਾਲ ਸਿੰਘ ਘੁੰਮਣ, ਸਰਕਾਰੀ ਵਿÎਭਾਗਾਂ ਦੇ ਅਧਿਕਾਰੀਆਂ ਸਮੇਤ ਸਰਪੰਚ, ਨੰਬਰਦਾਰ, ਦੋਵਾਂ ਤਹਿਸੀਲਾਂ ਦੇ ਜੀ.ਓ.ਜੀਜ ਤੇ ਹੋਰ ਪਤਵੰਤੇ ਵੀ ਹਾਜਰ ਸਨ।

Leave a Reply

Your email address will not be published. Required fields are marked *