ਵਾਰਡ ਨੰ: 49 ਵਿੱਚ ਟੁੱਟੇ ਨਾਲੇ ਕਰਕੇ ਲੋਕ ਹੋ ਰਹੇ ਹਾਦਸਿਆਂ ਦਾ ਸ਼ਿਕਾਰ
ਪਟਿਆਲਾ 17 ਜੁਲਾਈ (ਮਧੂਸਾਰ ਬਿਊਰੋ) ਸ਼ਹਿਰ ਦੇ ਵਾਰਡ ਨੰ: 49 ਵਿੱਚ ਕਿਤਾਬਾਂ ਵਾਲਾ ਬਜ਼ਾਰ ਦੇ ਨੇੜੇ, ਸ਼ਿਵ ਮੰਦਿਰ ਦੇ ਕੋਲ, ਖੁਲੇ ਹੋਏ ਨਾਲੇ ਦੇ ਉਪਰ ਮੀਂਹ ਦੇ ਕਾਰਨ ਜਮਾਂ ਹੋਏ ਪਾਣੀ ਦੇ ਕਾਰਨ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਬਚ ਗਿਆ, ਅਤੇ ਪਟਿਆਲਾ ਲੋਕ ਸੇਵਾ ਮੰਚ ਦੇ ਮੈਂਬਰਾਂ ਦੀ ਕੋਸ਼ਿਸ਼ ਨਾਲ ਇਕ ਵਿਅਕਤੀ ਦੀ ਜਾਨ ਵੀ ਬਚ ਗਈ।
ਗੱਲਬਾਤ ਕਰਦਿਆਂ ਹੋਇਆ ਪਟਿਆਲਾ ਲੋਕ ਸੇਵਾ ਮੰਚ ਦੇ ਪ੍ਰਧਾਨ ਸੰਦੀਪ ਬੰਧੂ ਨੇ ਕਿਹਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਵਾਰਡ ਨੰ: 49, ਅਰਨਾ ਬਰਨਾ ਚੌਂਕ, ਮੁਹੱਲਾ ਸਠਘਰਾ ਦੇ ਬਾਹਰ ਸ਼ਿਵ ਮੰਦਿਰ ਦੇ ਕੋਲੋਂ ਲੰਘਣ ਵਾਲੇ ਨਾਲੇ ਦਾ ਇਕ ਵੱਡਾ ਹਿੱਸਾ ਟੁਟਿਆ ਪਿਆ ਹੈ। ਜਦੋਂ ਵੀ ਮੀਂਹ ਪੈਂਦਾ ਹੈ ਤਾਂ ਇਸ ਇਲਾਕੇ ਵਿੱਚ 3 ਤੋਂ 4 ਫੁੱਟ ਤਕ ਪਾਣੀ ਜਮਾਂ ਹੋ ਜਾਂਦਾ ਹੈ। ਜੋ ਕਿ ਨਾਲੇ ਦੇ ਉਪਰ ਤਕ ਆ ਜਾਂਦਾ ਹੈ। ਜਿਸਦੇ ਨਾਲ ਇਹ ਟੁੱਟਿਆ ਹੋਇਆ ਨਾਲੇ ਦਾ ਹਿੱਸਾ ਪਾਣੀ ਦੇ ਨੀਚੇ ਲੁਕ ਜਾਂਦਾ ਹੈ। ਜੋ ਕਿ ਪਾਣੀ ਵਿਚੋਂ ਲੰਘਣ ਵਾਲੇ ਲੋਕਾਂ ਨੂੰ ਦਿਖਾਈ ਨਹੀਂ ਦਿੰਦਾ ਹੈ, ਅਤੇ ਉਹ ਇਸ ਵਿੱਚ ਗਿਰ ਕੇ ਜਖਮੀ ਹੋ ਜਾਂਦੇ ਹਨ। ਅੱਜ ਵੀ ਜਦੋਂ ਸਵੇਰੇ ਮੀਂਹ ਪਿਆ ਤਾਂ ਇਥੇ ਪਾਣੀ ਇਕੱਠਾ ਹੋ ਗਿਆ, ਉਦੋਂ ਪਾਣੀ ਵਿੱਚੋਂ ਲੰਘ ਰਹੇ ਇਕ ਦੁੱਧ ਸਪਲਾਈ ਕਰਨ ਵਾਲਾ ਮਨੋਜ ਕੁਮਾਰ (98155-12817) ਨਾਮ ਦਾ ਵਿਅਕਤੀ ਇਸ ਖੁੱਲੇ ਹੋਏ ਨਾਲੇ ਵਿੱਚ ਆਪਣੇ ਮੋਟਰ ਸਾਈਕਲ ਤੇ ਦੁੱਧ ਦੀਆਂ ਬੋਤਲਾਂ ਦੇ ਭਰੇ ਹੋਏ ਕਰੇਟ ਸਮੇਤ ਇਸ ਵਿੱਚ ਗਿਰ ਗਿਆ।
ਸੰਦੀਪ ਬੰਧੂ ਨੇ ਕਿਹਾ ਕਿ ਉਸ ਵੇਲੇ ਉਥੇ ਖੜੇ ਲੋਕਾਂ ਨੇ ਮਿਲਕੇ ਇਸ ਵਿਅਕਤੀ ਨੂੰ ਨਾਲੇ ਵਿਚੋਂ ਬਾਹਰ ਕੱਢਿਆ ਤੇ ਉਸਦੀ ਜਾਨ ਬਚਾਈ। ਉਸਦਾ ਮੋਟਰ ਸਾਈਕਲ ਵੀ ਪਟਿਆਲਾ ਲੋਕ ਸੇਵਾ ਮੰਚ ਦੇ ਮੈਂਬਰਾਂ ਨੇ ਬਾਹਰ ਕੱਢਿਆ । ਪਰ ਉਸਦੀਆਂ ਸਪਲਾਈ ਕਰਨ ਵਾਲੀਆਂ 50-55 ਦੇ ਕਰੀਬ ਇਕ ਕਿਲੋ ਦੁੱਧ ਵਾਲੀਆਂ ਬੋਤਲਾਂ ਪਾਣੀ ਵਿੱਚ ਰੁੜ ਗਈਆਂ। ਇਕ ਦੁੱਧ ਦੀ ਬੋਤਲ ਦੀ ਕੀਮਤ 65/- ਰੁਪਏ ਦੇ ਕਰੀਬ ਸੀ। ਪਾਣੀ ਨਿਕਲਣ ਤੋਂ ਬਾਅਦ ਪਟਿਆਲਾ ਲੋਕ ਸੇਵਾ ਮੰਚ ਦੇ ਪ੍ਰਧਾਨ ਸੰਦੀਪ ਬੰਧੂ ਨੇ ਨਾਲੇ ਵਿੱਚ ਉਤਰ ਕੇ 18 ਦੇ ਕਰੀਬ ਦੁੱਧ ਦੀ ਬੋਤਲਾਂ ਨੂੰ ਬਾਹਰ ਕੱਢ ਕੇ ਮਨੋਜ ਕੁਮਾਰ ਨੂੰ ਵਾਪਸ ਕੀਤੀਆਂ।
ਸੰਦੀਪ ਬੰਧੂ ਨੇ ਕਿਹਾ ਕਿ ਇਸ ਇਲਾਕੇ ਵਿੱਚ ਪੰਜ ਸਕੂਲ ਵੀ ਪੈਂਦੇ ਹਨ । ਜਿਨ੍ਹਾਂ ਦੇ ਵਿੱਚ ਪੜ੍ਹਦੇ ਬੱਚੇ ਸਕੂਲ ਆਂਦੇ-ਜਾਂਦੇ ਹੋਏ ਇਸ ਰਸਤੇ ਤੋਂ ਹੋ ਕੇ ਲੰਘਦੇ ਹਨ । ਪਰ ਜਦੋਂ ਪਾਣੀ ਇਕੱਠਾ ਹੋ ਜਾਂਦਾ ਹੈ ਤਾਂ ਸਾਨੂੰ ਉਹਨਾਂ ਬੱਚਿਆਂ ਨੂੰ ਇਥੋਂ ਲੰਘਣ ਵਾਸਤੇ ਮਨਾਂ ਕਰਨਾ ਪੈਂਦਾ ਹੈ। ਤਾਂ ਜੋ ਕੋਈ ਵੱਡੀ ਦੁਰਘਟਨਾ ਨਾ ਘਟ ਜਾਵੇ। ਪਿਛਲੇ ਕਾਫੀ ਸਮੇਂ ਤੋਂ ਕਈ ਵਾਰ ਮੇਰੇ ਦੁਆਰਾ ਅਤੇ ਆਮ ਲੋਕਾਂ ਦੁਆਰਾ ਵਾਰਡ ਦੇ ਐਮ ਸੀ, ਮੇਅਰ ਪਟਿਆਲਾ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਸਿਕਾਇਤ ਕਰਕੇ ਕਿਹਾ ਗਿਆ ਕਿ ਨਾਲੇ ਨੂੰ ਕਵਰ ਕਰਕੇ ਜਲਦੀ ਤੋਂ ਜਲਦੀ ਇਸ ਦੇ ਉਪਰ ਸੜਕ ਬਣਾਈ ਜਾਵੇ ਜੀ। ਤਾਂ ਜੋ ਇਲਾਕੇ ਦੇ ਆਮ ਲੋਕਾਂ ਅਤੇ ਇਥੋਂ ਲੰਘਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਕਿਸੇ ਦੁਰਘਟਨਾ ਤੋਂ ਵੀ ਬਚਾ ਹੋ ਸਕੇ। ਪਰ ਨਿਗਮ ਦੁਆਰਾ ਸਿਰਫ ਲਾਲੀਪੋਪ ਹੀ ਦਿੱਤੇ ਗਏ। ਕਾਰਵਾਈ ਕੋਈ ਨਹੀਂ ਹੋਈ।
ਸੰਦੀਪ ਬੰਧੂ ਨੇ ਕਿਹਾ ਕਿ ਅੱਜ ਜੋ ਮਨੋਜ ਕੁਮਾਰ ਦਾ ਨਗਰ ਨਿਗਮ ਕਰਕੇ ਜੋ ਨੁਕਸਾਨ ਹੋਇਆ ਹੈ ਉਸਦੀ ਭਰਪਾਈ ਕੋਣ ਕਰੇਗਾ । ਕੀ ਨਗਰ ਨਿਗਮ ਪਟਿਆਲਾ ਨੂੰ ਸਿਰਫ ਟੈਕਸ ਲੈਣ ਦੇ ਨਾਲ ਮਤਲਬ ਹੈ। ਸ਼ਹਿਰ ਦੇ ਆਮ ਲੋਕਾਂ ਨੂੰ ਸਹੂਲਤਾਂ ਦੇਣ ਦਾ ਉਸਦਾ ਕੋਈ ਫਰਜ਼ ਨਹੀਂ ਹੈ। ਨਗਰ ਨਿਗਮ ਪਟਿਆਲਾ ਅਜਕਲ ਧਰਨੇ ਪ੍ਰਦਰਸ਼ਨ ਦੇ ਆਧਾਰ ਤੇ ਕੰਮ ਕਰਨ ਲੱਗਾ ਹੋਇਆ। ਜੋ ਲੋਕ ਧਰਨਾ ਪ੍ਰਦਰਸ਼ਨ ਕਰ ਦੇਣ ਉਸਦਾ ਕੰਮ ਕਰ ਦਿਓ। ਨਹੀਂ ਤਾਂ ਮਰਨ ਦਿਓ ਜਨਤਾ ਨੂੰ, ਅਫਸਰ ਲੋਕ ਏ ਸੀ ਕਮਰਿਆਂ ਵਿੱਚ ਬੈਠ ਕੇ ਆਰਾਮ ਕਰਦੇ ਰਹਿੰਦੇ ਹਨ।
ਸੰਦੀਪ ਬੰਧੂ ਨੇ ਕਿਹਾ ਕਿ ਨਗਰ ਨਿਗਮ ਪਟਿਆਲਾ ਅਤੇ ਮੇਅਰ ਸਾਹਿਬ ਕਿਸੀ ਵੱਡੀ ਦੁਰਘਟਨਾ ਦਾ ਇੰਤਜ਼ਾਰ ਕਰ ਰਹੇ ਹਨ। ਅੱਜ ਤਾਂ ਕੁਝ ਲੋਕਾਂ ਦੀ ਕੋਸ਼ਿਸ਼ ਨਾਲ ਇਹ ਹਾਦਸਾ ਟਲ ਗਿਆ। ਜੇਕਰ ਕਲ ਨੂੰ ਕੋਈ ਸਕੂਲ ਆਂਦੇ ਯਾ ਜਾਂਦੇ ਹੋਏ ਕੋਈ ਛੋਟਾ ਬੱਚਾ ਇਸ ਵਿੱਚ ਗਿਰ ਗਿਆ ਅਤੇ ਕੋਈ ਵੱਡੀ ਦੁਖਦਾਈ ਘਟਨਾ ਵਾਪਰ ਗਈ ਤਾਂ ਉਸਦਾ ਜਿੰਮੇਵਾਰ ਕੌਣ ਹੋਵੇਗਾ। ਬੰਧੂ ਨੇ ਕਿਹਾ ਕਿ ਜੇਕਰ ਨਗਰ ਨਿਗਮ ਪਟਿਆਲਾ ਵਲੋਂ ਜਲਦ ਤੋਂ ਜਲਦ ਇਸ ਨਾਲੇ ਨੂੰ ਕਵਰ ਕਰਕੇ ਸੜਕ ਨਾ ਬਣਾਈ ਗਈ ਤਾਂ ਪਟਿਆਲਾ ਲੋਕ ਸੇਵਾ ਮੰਚ ਆਪਣੇ ਸਾਰੇ ਮੈਂਬਰਾਂ ਅਤੇ ਇਲਾਕੇ ਦੀ ਜਨਤਾ ਨੂੰ ਨਾਲ ਲੈ ਕੇ ਨਗਰ ਨਿਗਮ ਪਟਿਆਲਾ ਦੇ ਖਿਲਾਫ ਸ਼ੰਘਰਸ਼ ਸ਼ੁਰੂ ਕਰੇਗਾ। ਇਸ ਮੌਕੇ ਉਹਨਾਂ ਨਾਲ ਕੌਰਸੈਨ, ਮਹੀਪਾਲ, ਰਾਹੁਲ, ਸੋਨੂੰ ਖਤਰੀ, ਸਤੀਸ਼ ਕੁਮਾਰ ਆਦਿ ਮੰਚ ਮੈਂਬਰ ਮੋਜੂਦ ਸਨ।

