ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਨੇ ਮਨਾਇਆ 59ਵਾਂ ਸਥਾਪਨਾ ਦਿਵਸ

ਪਟਿਆਲਾ 18 ਜੁਲਾਈ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵੱਲੋਂ ਆਪਣੇ 59ਵੇਂ ਸਥਾਪਨਾ ਦਿਵਸ ਨੂੰ ਅਰਦਾਸ ਦਿਵਸ ਦੇ ਰੂਪ ਵਿਚ ਮਨਾਇਆ ਗਿਆ। ਇਸ ਮੌਕੇ ਇਲਾਈ ਬਾਣੀ ਦਾ ਕੀਰਤਨ ਕਰਨ ਉਪਰੰਤ ਕਾਲਜ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਗਈ।

ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸਾਰਿਆਂ ਨੂੰ ਸੰਬੋਧਿਤ ਹੁੰਦੇ ਹੋਏ ਕਾਲਜ ਦੇ ਸੰਸਥਾਪਕ ਡਾ. ਗੰਡਾ ਸਿੰਘ ਅਤੇ ਪਦਮ ਸ੍ਰੀ ਡਾ. ਖੁਸ਼ਦੇਵਾ ਸਿੰਘ ਨੂੰ ਯਾਦ ਕਰਦਿਆਂ ਕਾਲਜ ਦੀਆਂ ਮਾਣਮੱਤੀਆਂ ਪ੍ਰਾਪਤੀਆਂ ‘ਤੇ ਮਾਣ ਮਹਿਸੂਸ ਕੀਤਾ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਸੰਸਥਾ ਦੇ ਪੂਰਵਜਾਂ ਦੇ ਸੁਪਨੇ ਪੂਰੇ ਕਰਨ ਲਈ ਹੋਰ ਸ਼ਰਧਾ ਅਤੇ ਵਚਨਬੱਧਤਾ ਨਾਲ ਕੰਮ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ ਤਾਂ ਜੋ ਸੰਸਥਾ ਦਾ ਮਿਆਰ ਵਿਸ਼ਵੀ ਪੱਧਰ ਦਾ ਹੋ ਸਕੇ। ਡਾ. ਉੱਭਾ ਨੇ ਪ੍ਰੇਰਣਾ ਸ੍ਰੋਤ ਬਣਦੇ ਹੋਏ ਕਿਹਾ ਕਿ ਸਾਨੂੰ ਅੰਤਰ-ਸੰਵਾਦ ਕਰਕੇ ਨਿੱਜੀ ਹਿੱਤਾਂ ਨੂੰ ਦੂਰ ਕਰਦੇ ਹੋਏ ਸੰਸਥਾ ਨੂੰ ਗੁਣਾਂਤਮਕ ਪੱਖ ਤੋਂ ਉੱਚਾ ਚੁੱਕਣ ਲਈ ਦ੍ਰਿੜਤਾ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਅਧਿਆਪਨ ਕਿੱਤੇ ਨੂੰ ਅਜਿਹਾ ਪਵਿੱਤਰ ਕਿੱਤਾ ਕਿਹਾ ਜੋ ਵਿਦਿਆਰਥੀਆਂ ਨੂੰ ਨਿਰਧਾਰਤ ਪਾਠਕ੍ਰਮ ਤੋਂ ਬਿਨ੍ਹਾਂ ਵਿਦਿਆਰਥੀਆਂ ਨੂੰ ਵਿਸ਼ਵੀ ਪੱਧਰ ਦਾ ਗਿਆਨ ਦਿੰਦਾ ਹੈ ਅਤੇ ਉਨ੍ਹਾਂ ਦੀ ਸਖ਼ਸ਼ੀਅਤ ਉਸਾਰੀ ਕਰਦਾ ਹੋਇਆ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਦਾ ਹੈ। ਡਾ. ਉੁੱਭਾ ਨੇ ਇਹ ਵੀ ਕਿਹਾ ਕਿ ਇਹ ਇਸ ਸੰਸਥਾ ਦੇ ਅਧਿਆਪਕਾਂ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਇਸ ਸੰਸਥਾ ਵਿਚ ਹਰ ਸੈਸ਼ਨ ਦੌਰਾਨ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੈਸ਼ਨ ਦੌਰਾਨ ਵੀ ਵਿਦਿਆਰਥੀਆਂ ਵਿਚ ਖ਼ਾਲਸਾ ਕਾਲਜ ਪਟਿਆਲਾ ਵਿਖੇ ਦਾਖ਼ਲੇ ਲੈਣ ਦਾ ਭਾਰੀ ਉਤਸ਼ਾਹ ਹੈ ਜਿਹੜਾ ਕਿ ਇਸ ਸੰਸਥਾ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ।
ਸਮਾਗਮ ਦੌਰਾਨ ਡਾ. ਗੁਰਮੀਤ ਸਿੰਘ ਸਿੱਧੂ­ ਪ੍ਰੋਫੈਸਰ ਅਤੇ ਮੁਖੀ­ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ­ ਪੰਜਾਬੀ ਯੂਨੀਵਰਸਿਟੀ­ ਪਟਿਆਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ‘ਗੁਰਮਤਿ ਸਿਧਾਂਤਾਂ ਦੇ ਪਰਿਪੇਖ ਤੋਂ ਵਿਦਿਆ ਦਾ ਸੰਕਲਪ’ ਵਿਸ਼ੇ ਨਾਲ ਸਬੰਧਤ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਗੁਰਮਤਿ ਸਿਧਾਤਾਂ ਨਾਲ ਜੁੜ ਕੇ ਗ੍ਰਹਿਣ ਕੀਤੀ ਸਿਖਿਆ ਗਿਆਨ ਵਰਧਕ ਹੁੰਦੀ ਹੈ ਜੋ ਅੰਤਰ-ਆਤਮਾ ਨੂੰ ਖੋਜੀ ਬਿਰਤੀ ਦੀ ਧਾਰਨਾ ਬਣਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਆਧੁਨਿਕ ਸਿੱਖਿਆ ਕੁਝ ਹੱਦ ਤੱਕ ਭੌਤਿਕਵਾਦੀ ਹੈ ਪ੍ਰੰਤੂ ਗੁਰਮਤਿ ਸਿਧਾਤਾਂ ਤੋਂ ਗ੍ਰਹਿਣ ਕੀਤੀ ਸਿੱਖਿਆ ਮਨ ‘ਤੇ ਕਾਬੂ ਪਾਉਂਦੀ ਹੋਈ ਧਿਆਨ ਕੇਂਦਰਿਤ ਕਰਨ ਵਿਚ ਸਹਾਈ ਹੁੰਦੀ ਹੈ। ਡਾ. ਸਿੱਧੂ ਨੇ ਇਹ ਵੀ ਕਿਹਾ ਕਿ ਸਾਨੂੰ ਆਉਣ ਵਾਲੇ ਸਮੇਂ ਵਿਚ ਪੂਰੇ ਸੁਚੇਤ ਮਨ ਨਾਲ ਅਜਿਹਾ ਗਿਆਨ ਗ੍ਰਹਿਣ ਕਰਨਾ ਪਏਗਾ ਜਿਸ ਨੂੰ ਗ੍ਰਹਿਣ ਕਰਕੇ ਅਸੀਂ ਸਮਾਜ ਦੇ ਸੱਚੇ ਸੇਵਾਦਾਰ ਬਣ ਸਕਾਂਗਾ ਅਤੇ ਆਪਣੇ ਘਰ­ ਸਮਾਜ­ ਕੌਮ ਅਤੇ ਦੇਸ਼ ਦੀ ਸੇਵਾ ਕਰ ਸਕਾਂਗਾ। ਕਾਲਜ ਦੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਗੁਰਮਤਿ ਸੁਸਾਇਟੀ ਦੇ ਕਨਵੀਨਰ ਪ੍ਰੋ. ਸੁਖਮੋਹਨ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਟੇਜ ਦਾ ਸੰਚਾਲਨ ਡਾ. ਗੁਰਵੀਰ ਸਿੰਘ­ ਮੁਖੀ­ ਧਰਮ ਅਧਿਐਨ ਵਿਭਾਗ­ ਨੇ ਕੀਤਾ। ਇਸ ਮੌਕੇ ਕਾਲਜ ਦੇ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਹਾਜ਼ਰ ਸਨ। ਇਸ ਖੁਸ਼ੀ ਦੇ ਮੌਕੇ ‘ਤੇ ਕਾਲਜ ਵਿਚ ਲੱਡੂ ਵੰਡੇ ਗਏ।

Leave a Reply

Your email address will not be published. Required fields are marked *