ਪਟਿਆਲਾ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸੀਆਰਆਈਕੇਐਸ ਨਾਲ ਸੰਸਥਾਗਤ ਸਾਂਝ ਪਾਈ

ਪਟਿਆਲਾ 19 ਜੁਲਾਈ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ‘ਚੰਡੀਗੜ੍ਹ ਰੀਜਨ ਨੌਲੇਜ ਐਂਡ ਇਨੋਵੇਸ਼ਨ ਕਲੱਸਟਰ ਸੀਆਰਆਈਕੇਐਸ ਨਾਮੀ ਅਦਾਰੇ ਦਾ ਮੈਂਬਰ ਬਣਦਿਆਂ ਇਸ ਨਾਲ ਆਪਣੀ ਸੰਸਥਾਗਤ ਸਾਂਝ ਪਾਈ ਗਈ ਹੈ। ਜ਼ਿਕਰਯੋਗ ਹੈ ਕਿ ਇਸ ਅਦਾਰੇ ਦੀ ਸਥਾਪਨਾ ਗਿਆਨ ਸੰਬੰਧੀ ਇਕ ਸਾਂਝਾ ਕੇਂਦਰ ਕਾਇਮ ਕਰਨ ਹਿਤ 24 ਨਵੰਬਰ 2012 ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਹੋਈ ਸੀ।

ਇਸ ਅਦਾਰੇ ਦੀ ਸਥਾਪਨਾ ਦਾ ਮੂਲ ਮੰਤਵ ਉਚੇਰੀ ਸਿੱਖਿਆ ਅਤੇ ਖੋਜ ਨਾਲ ਸੰਬੰਧਤ ਚੰਡੀਗੜ੍ਹ ਖੇਤਰ ਦੇ ਅਕਾਦਮਿਕ ਅਦਾਰਿਆਂ ਵਿਚ ਇਕ ਸਾਂਝ ਸਥਾਪਿਤ ਕਰਨਾ ਹੈ, ਜਿਸ ਨਾਲ ਗਿਆਨ ਦੇ ਖੇਤਰ ਵਿਚ ਹੋਰ ਪਹਿਲਕਦਮੀਆਂ ਕੀਤੀਆਂ ਜਾ ਸਕਣ ਅਤੇ ਅਕਾਦਮਿਕ ਖੇਤਰ ਦੀਆਂ ਸੀਮਾਵਾਂ ਨੂੰ ਉਲੰਘਦਿਆਂ ਇਸ ਦੇ ਦਾਇਰੇ ਨੂੰ ਹੋਰ ਵਸੀਹ ਕੀਤਾ ਜਾ ਸਕੇ। ਇਸ ਕਲੱਸਟਰ ਦੇ ਹੁਣ ਤਕ 30 ਸੰਸਥਾਗਤ ਮੈਂਬਰ ਹਨ ਜਿਨ੍ਹਾਂ ਵਿਚ ਪੀ.ਜੀ.ਆਈ.ਐੱਮ.ਈ.ਆਰ. ਚੰਡੀਗੜ੍ਹ, ਪੀ.ਈ.ਸੀ. ਚੰਡੀਗੜ੍ਹ, ਆਈ ਆਈ. ਐੱਸ.ਈ. ਆਰ. ਮੋਹਾਲੀ, ਆਈ. ਆਈ.ਟੀ. ਰੋਪੜ, ਆਈ. ਐੱਮ. ਟੀ. ਈ. ਸੀ. ਐੱਚ. ਚੰਡੀਗੜ੍ਹ, ਐੱਨ.ਆਈ.ਪੀ.ਈ.ਆਰ. ਮੋਹਾਲੀ, ਸੀ.ਐੱਸ.ਆਈ.ਆਰ-ਸੀ.ਐੱਸ.ਆਈ. ਓ. ਚੰਡੀਗੜ੍ਹ, ਆਈ. ਐੱਨ. ਐੱਸ. ਟੀ. ਮੋਹਾਲੀ, ਆਈ. ਐੱਸ.ਬੀ. ਮੋਹਾਲੀ, ਐੱਸ.ਏ.ਐੱਸ.ਈ.-ਡੀ.ਆਰ.ਡੀ.ਓ. ਚੰਡੀਗੜ੍ਹ, ਪੀ.ਐੱਸ.ਸੀ.ਐੱਸ.ਟੀ. ਚੰਡੀਗੜ੍ਹ, ਸੀ-ਡੈਕ ਮੋਹਾਲੀ, ਚੰਡੀਗੜ੍ਹ, ਆਈ.ਡੀ.ਸੀ. ਚੰਡੀਗੜ੍ਹ ਅਤੇ ਸੀ.ਆਰ. ਆਰ. ਆਈ. ਡੀ. ਚੰਡੀਗੜ੍ਹ ਦਾ ਨਾਮ ਮੁੱਖ ਰੂਪ ਵਿਚ ਸ਼ਾਮਿਲ ਹੈ। ਇਸ ਸੰਬੰਧੀ ਬੋਲਦਿਆਂ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐੱਸ. ਘੁੰਮਣ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਇੰਝ ਇਸ ਕਲੱਸਟਰ ਦੀ ਮੈਂਬਰ ਬਣ ਕੇ ਬਾਕੀ ਸਾਥੀ ਮੈਂਬਰ ਅਦਾਰਿਆਂ ਦੀਆਂ ਸਹੂਲਤਾਂ ਦਾ ਲਾਭ ਉਠਾਉਣ ਦੇ ਯੋਗ ਹੋ ਜਾਵੇਗੀ। ਇਸ ਕਦਮ ਨਾਲ ਬਾਕੀ ਮੈਂਬਰਾਂ ਦੀਆਂ ਖੋਜ ਸਹੂ਼ਲਤਾਂ ਦਾ ਲਾਭ ਉਠਾਉਂਦਿਆਂ ਸਾਂਝੇ ਖੋਜ ਪ੍ਰਾਜੈਕਟ ਉਲੀਕੇ ਜਾ ਸਕਦੇ ਹਨ। ਸਾਂਝੇ ਰੂਪ ਵਿਚ ਸੈਮੀਨਾਰਾਂ, ਕਾਨਫਰੰਸਾਂ ਦਾ ਆਯੋਜਨ ਕਰਨ ਤੋਂ ਲੈ ਕੇ ਸਾਂਝੇ ਲਾਇਬਰੇਰੀ ਸ਼ਰੋਤਾਂ ਦਾ ਸਦਉਪਯੋਗ ਕਰਨ ਤਕ ਅਤੇ ਇੰਡਸਟਰੀ ਵੱਲੋਂ ਸਪੌਂਸਰ ਬਹੁਤ ਸਾਰੇ ਪ੍ਰੋਗਰਾਮਾਂ ਵਿਚ ਸ਼ਿਰਕਤ ਕਰਨ ਹਿਤ ਇਹ ਕਦਮ ਕਾਫੀ ਮਹੱਤਵਪੂਰਨ ਹੋਵੇਗਾ। ਦੱਸਣਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਹਿਲਾਂ ਹੀ ਭਾਰਤ ਸਰਕਾਰ ਦੇ ਆਫਿਸ ਆਫ ਪ੍ਰਿੰਸੀਪਲ ਸਾਇੰਟਫਿਕ ਐਡਵਾਈਜ਼ਰ ਵੱਲੋਂ ਸਥਾਪਿਤ ਕੀਤੇ ਹੋਏ ਅਦਾਰੇ ਯੂਨੀਵਰਸਿਟੀ-ਨੈਸ਼ਨਲ ਰਿਸਰਚ ਲੈਬੋਰਟਰੀਜ਼ ਫੋਰਮ (ਨੌਰਥ ਰੀਜ਼ਨ) (”-NRL) ਦੀਆਂ ਚਾਰ ਚੁਣਿੰਦਾ ਯੂਨੀਵਰਸਿਟੀ ਮੈਂਬਰਾਂ ਵਿਚੋਂ ਇਕ ਹੈ।

Leave a Reply

Your email address will not be published. Required fields are marked *