ਚੀਫ ਇੰਜਨੀਅਰ ਦੀ ਰਿਵਰਸ਼ਨ ਨੂੰ ਲੈ ਕੇ ਐਸ.ਸੀ ਕਮਿਸ਼ਨ ਹੋਇਆ ਸਖਤ
– ਐਸ.ਸੀ ਕਮਿਸ਼ਨ ਵਲੋਂ ਪਾਵਰਕੌਮ ਨੂੰ ਪੀੜਿਤ ਅਧਿਕਾਰੀ ਦੀ ਪਦਉੱਨਤੀ ਕਰਨ ਦੇ ਹੁਕਮ ਜਾਰੀ
– ਪਾਵਰਕੌਮ ‘ਤੇ ਲਟਕੀ ਐਸ.ਸੀ/ਐਸ.ਟੀ ਐਕਟ ਦੀ ਤਲਵਾਰ
ਪਟਿਆਲਾ 22 ਮਾਰਚ (ਮਧੂਸਾਰ ਬਿਊਰੋ) ਪਾਵਰਕੌਮ ਦੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਚੀਫ ਇੰਜਨੀਅਰ ਹਰਮੇਸ਼ ਕੁਮਾਰ ਨੂੰ ਅਦਾਲਤੀ ਹੁਕਮਾਂ ਦੀ ਆੜ ਵਿਚ ਰਿਵਰਟ ਕੀਤੇ ਜਾਣ ਤੋਂ ਬਾਅਦ ਐਸ.ਸੀ ਕਮਿਸ਼ਨ ਪਾਵਰਕੌਮ ਖਿਲਾਫ ਸਖਤੀ ਦੇ ਮੂਡ ਵਿਚ ਹੈ।
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੀਤੀ ਗਈ ਜਾਂਚ ਪੜਤਾਲ ਅਤੇ ਦੋਨਾਂ ਪੱਖਾਂ ਦੀ ਸੁਣਵਾਈ ਤੋਂ ਬਾਅਦ ਪਾਵਰਕੌਮ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਦੋਸ਼ੀ ਮੰਨਦਿਆਂ ਅਨੁਸੂਚਿਤ ਜਾਤੀ ਨਾਲ ਸਬੰਧਿਤ ਚੀਫ ਇੰਜਨੀਅਰ ਹਰਮੇਸ਼ ਕੁਮਾਰ ਨੂੰ ਰਿਵਰਟ ਕੀਤੀ ਮਿਤੀ ਤੋਂ ਰਿਵਰਸ਼ਨ ਆਦੇਸ਼ ਵਾਪਿਸ ਲੈ ਕੇ ਇੰਜਨੀਅਰ ਹਰਮੇਸ਼ ਕੁਮਾਰ ਨੂੰ ਉਸੇ ਤਾਰੀਖ ਤੋਂ ਪਦਉਨਤ ਕੀਤੇ ਜਾਣ ਦੇ ਆਦੇਸ਼ ਦਿੱਤੇ ਹਨ। ਇੰਜਨੀਅਰ ਹਰਮੇਸ਼ ਕੁਮਾਰ ਨਾਲ ਹੋਈ ਧੱਕੇਸ਼ਾਹੀ ਖਿਲਾਫ ਸੰਘਰਸ਼ ਲੜ ਰਹੀ ਪੀ.ਐਸ.ਈ.ਬੀ ਐਸ.ਸੀ ਪਾਵਰ ਇੰਜਨੀਅਰ ਐਸੋਸੀਏਸ਼ਨ, ਪੰਜਾਬ ਵਲੋਂ ਇਸੇ ਸਬੰਧੀ ਪਟਿਆਲਾ ਦੇ ਸਰਹੰਦ ਰੋਡ ਸਥਿਤ ਅੰਬੇਡਕਰ ਊਰਜਾ ਭਵਨ ਵਿਖੇ ਕੀਤੀ ਗਈ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਕਰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਇੰਜਨੀਅਰ ਐਫ.ਸੀ ਜੱਸਲ ਨੇ ਕਿਹਾ ਕਿ ਪਾਵਰਕੌਮ ਮੈਨੇਜਮੈਂਟ ਵਲੋਂ ਇਕ ਸਾਜਿਸ਼ ਦੇ ਤਹਿਤ ਅਦਾਲਤੀ ਹੁਕਮਾਂ ਦੀ ਆੜ ਵਿਚ ਜਾਣ ਬੁੱਝ ਕੇ ਚੀਫ ਇੰਜਨੀਅਰ ਹਰਮੇਸ਼ ਕੁਮਾਰ ਨੂੰ ਰਿਵਰਟ ਕੀਤਾ ਗਿਆ। ਉਨਾਂ ਕਿਹਾ ਕਿ ਐਸ.ਸੀ ਕਮਿਸ਼ਨ ਨੇ ਆਪਣੇ ਹੁਕਮਾਂ ਵਿਚ ਸਪੱਸ਼ਟ ਕੀਤਾ ਹੈ ਕਿ ਪੀੜਿਤ ਇੰਜਨੀਅਰ ਨੂੰ ਪਾਵਰਕੌਮ ਵਲੋਂ ਉਨਾਂ ਇੰਜਨੀਅਰਾਂ ਤੋਂ ਵੀ ਸੀਨੀਆਰਤਾ ਸੂਚੀ ਵਿਚ ਹੇਠਾਂ ਦਰਸਾ ਦਿੱਤਾ ਹੈ ਜੋ ਕਿ ਸ਼ਿਕਾਇਤਰਤਾ ਤੋਂ ਕਈ ਬੈਚ ਨਿਯੁਕਤੀ ਵਿਚ ਬਾਅਦ ਵਿਚ ਆਏ ਹਨ। ਕਮਿਸ਼ਨ ਨੇ ਕਿਹਾ ਹੈ ਕਿ ਅਦਾਲਤ ਦੇ ਨਿਰਣੇ ਨੂੰ ਤੋੜ ਮਰੋੜ ਕੇ ਕਿਸੇ ਅਨੁਸੂਚਿਤ ਜਾਤੀ ਦੇ ਕਰਮਚਾਰੀ ਨੂੰ ਉਸ ਹੁਕਮ ਦੀ ਆੜ ਵਿਚ ਰਿਵਰਟ ਕਰਨਾ ਕੇਂਦਰੀ ਅਤੇ ਰਾਜ ਸਰਕਾਰ ਦੇ ਐਕਟ ਅਤੇ ਹਦਾਇਤਾਂ ਮਿਤੀ 17-06-1983 ਦੀ ਘੋਰ ਉਲੰਘਣਾ ਹੈ। ਇਸ ਲਈ ਇੰਜਨੀਅਰ ਹਰਮੇਸ਼ ਕੁਮਾਰ ਦੀ ਰਿਵਰਸ਼ਨ ਦੇ ਹੁਕਮ ਤੁਰੰਤ ਵਾਪਿਸ ਲਏ ਜਾਣ ਅਤੇ ਤਰੱਕੀ ਦਾ ਲਾਭ ਪਟੀਸ਼ਨਰਾਂ ਅਤੇ ਰਿਸਪੋਡੈਂਟ ਇੰਜਨੀਅਰਾਂ ਦੀ ਸੀਨੀਆਰਤਾ ਨੂੰ ਉਨਾਂ ਦੀ ਸਹਾਇਕ ਕਾਰਜਕਾਰੀ ਇੰਜਨੀਅਰ ਦੀ ਨਿਰਧਾਰਿਤ ਤਾਰੀਖ ਤੋਂ ਪਦਉੱਨਤੀ ਦਿੱਤੀ ਜਾਵੇ।ਇੰਜ: ਐਫ.ਸੀ.ਜੱਸਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਸ ਤਰਾਂ ਦਾ ਜਾਤੀ ਵਿਤਕਰਾ ਕਰਨ ਵਾਲੇ ਅਤੇ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਚੱਲਣ ਵਾਲੇ ਅਧਿਕਾਰੀਆਂ ਨੂੰ ਤੁਰੰਤ ਚੱਲਦਾ ਕਰੇ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜਰ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਸਾਡੇ ਸਮਾਜ ਦੇ ਅਧਿਕਾਰੀ ਨੂੰ ਜਾਤੀ ਵਿਤਕਰੇ ਦਾ ਸ਼ਿਕਾਰ ਬਣਾਇਆ ਗਿਆ ਹੈ।ਐਸ.ਸੀ ਕਮਿਸ਼ਨ ਦੀ ਜਾਂਚ ਵਿਚ ਸਾਰਾ ਮਾਮਲਾ ਸਾਫ ਹੋ ਗਿਆ ਹੈ। ਉਨਾਂ ਕਿਹਾ ਕਿ ਕਮਿਸ਼ਨ ਵਲੋਂ ਪਾਵਰਕੌਮ ਨੂੰ 27 ਮਾਰਚ 2019 ਤੱਕ ਇੰਨਾਂ ਹੁਕਮਾਂ ਨੂੰ ਲਾਗੂ ਕਰਨ ਦੀ ਤਾਕੀਦ ਕੀਤੀ ਗਈ ਹੈ। ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਜੇਕਰ ਪਾਵਰਕੌਮ ਨੇ ਇੰਨਾਂ ਹੁਕਮਾਂ ਨੂੰ ਲਾਗੂ ਨਾ ਕੀਤਾ ਤਾਂ ਧੱਕੇਸ਼ਾਹੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਐਟਰੋਸਿਟੀ ਐਕਟ ਤਹਿਤ ਮੁਕੱਦਮਾ ਦਰਜ ਕਰਵਾਇਆ ਜਾਵੇਗਾ। ਇਸ ਮੌਕੇ ਹਾਜਰ ਨੁਮਾਇੰਦਿਆਂ ਵਿਚ ਡਾ. ਜਤਿੰਦਰ ਸਿੰਘ ਮੱਟੂ, ਇੰਜ: ਕੁਲਰਾਜ ਸਿੰਘ, ਇੰਜ: ਹਰਮੇਸ਼ ਕੁਮਾਰ, ਇੰਜ: ਸਮਸ਼ੇਰ ਸਿੰਘ, ਇੰਜ: ਕਰਮ ਸਿੰਘ, ਇੰਜ: ਹਰਪਾਲ ਸਿੰਘ, ਸ. ਸੋਹਣ ਸਿੰਘ, ਇੰਜ: ਰਾਮ ਸਿੰਘ, ਇੰਜ: ਪਰਮਜੀਤ ਸਿੰਘ, ਇੰਜ: ਮੋਹਿਤ ਵਾਲੀਆ, ਇੰਜ: ਬੀ.ਐਸ.ਬਾਗੀ, ਸ੍ਰੀ ਓਮ ਪ੍ਰਕਾਸ਼ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜਰ ਸਨ।

