ਖ਼ਾਲਸਾ ਕਾਲਜ ਪਟਿਆਲਾ ਵਲੋਂ ਕੁਇਜ਼ ਮੁਕਾਬਲੇ ਦਾ ਆਯੋਜਨ
ਪਟਿਆਲਾ 27 ਜੁਲਾਈ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਵੱਲੋਂ ਕੁਇਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿਚ ਵਿਭਾਗ ਦੇ ਅੰਡਰ ਗ੍ਰੈਜੂਏਟ ਕਲਾਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਸਹਿ-ਵਿਦਿਅਕ ਗਤੀਵਿਧੀਆਂ ਵਿਦਿਆਰਥੀਆਂ ਦੀ ਸੰਪੂਰਨ ਸਖ਼ਸ਼ੀਅਤ ਬਣਾਉਣ ਵਿਚ ਸਹਾਈ ਹੁੰਦੀਆਂ ਹਨ। ਉਨ੍ਹਾਂ ਨੇ ਸਹੀ ਜੀਵਨ ਜਾਂਚ ਬਾਰੇ ਜ਼ੋਰ ਦਿੰਦਿਆਂ ਕਿਹਾ ਕਿ ਸਾਰਿਆਂ ਨੂੰ ਆਪਣੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਮੌਲਿਕ ਕਦਰਾਂ ਕੀਮਤਾਂ ਅਤੇ ਸਹੀ ਤਰੀਕਿਆਂ ਨੂੰ ਅਪਨਾਉਣਾ ਚਾਹੀਦਾ ਹੈ।
ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਦੁਆਰਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਜਸਲੀਨ ਕੌਰ ਮੁਖੀ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਸਹਿ ਵਿਦਿਅਕ ਗਤੀਵਿਧੀਆਂ ਵਿਚ ਪੂਰੇ ਉਤਸ਼ਾਹ ਨਾਲ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਬਿਹਤਰ ਭਵਿੱਖ ਦਾ ਨਿਰਮਾਣ ਹੋ ਸਕੇ। ਇਸ ਮੌਕੇ ਤੇ ਡਾ. ਰਵਿੰਦਰਜੀਤ ਸਿੰਘ ਰਜਿਸਟਰਾਰ ਐਂਡ ਕੰਟਰੋਲਰ ਪ੍ਰੀਖਿਆਵਾਂ ਅਤੇ ਡਾ. ਜਗਜੀਤ ਸਿੰਘ ਮੁਖੀ ਸੰਗੀਤ ਵਿਭਾਗ ਵੀ ਹਾਜ਼ਰ ਸਨ।
ਇਹ ਮੁਕਾਬਲਾ ਪੰਜ ਭਾਗਾਂ ਵਿਚ ਵੰਡਿਆ ਹੋਇਆ ਸੀ। ਪਹਿਲੇ ਭਾਗ ਵਿਚ ਕਾਲਜ ਦੇ ਇਤਿਹਾਸ ਅਤੇ ਕੈਂਪਸ ਬਾਰੇ ਪ੍ਰਸ਼ਨ ਪੁੱਛੇ ਗਏ। ਦੂਸਰੇ ਭਾਗ ਵਿਚ ਪੰਜਾਬੀ ਸੱਭਿਆਚਾਰ ਇਤਿਹਾਸ ਅਤੇ ਸਿੱਖ ਇਤਿਹਾਸ ਬਾਰੇ ਪੁੱਛਿਆ ਗਿਆ। ਇਸ ਤੋਂ ਇਲਾਵਾ ਤੀਸਰਾ ਰਾਊਂਡ ਫਿਲਮੀ ਜਗਤ ਬਾਰੇ ਸੀ ਜਿਸ ਵਿਚ ਫਿਲਮਾਂ ਗਾਣਿਆਂ ਅਤੇ ਮੰਨੋਰੰਜਨ ਇੰਡਸਟਰੀ ਬਾਰੇ ਪ੍ਰਸ਼ਨ ਪੁੱਛੇ ਗਏ। ਚੌਥਾ ਭਾਗ ਕਾਮਰਸ ਅਤੇ ਮੈਨੇਜਮੈਂਟ ਦੇ ਮੁੱਢਲੇ ਗਿਆਨ ਬਾਰੇ ਸੀ। ਆਖਿਰ ਵਿਚ ਜਨਰਲ ਗਿਆਨ ਬਾਰੇ ਪ੍ਰਸ਼ਨ ਪੁੱਛੇ ਗਏ। ਇਸ ਵਿਚ ਕੁੱਲ ਪੰਜ ਟੀਮਾਂ ਨੇ ਭਾਗ ਲਿਆ ਅਤੇ ਹਰ ਟੀਮ ਵਿਚ ਚਾਰ ਵਿਦਿਆਰਥੀ ਸਨ। ਇਸ ਮੁਕਾਬਲੇ ਵਿਚ ਬੀ.ਕਾਮ. ਭਾਗ ਦੂਜਾ ਸੈਕਸ਼ਨ ਏ ਦੀ ਟੀਮ ਜੇਤੂ ਰਹੀ।
ਐਮ.ਕਾਮ. ਭਾਗ ਦੂਜਾ ਸਮੂਹ ਵਿਦਿਆਰਥੀਆਂ ਅਤੇ ਵਿਭਾਗ ਦੇ ਅਧਿਆਪਕ ਸਾਹਿਬਾਨ ਦੀ ਮਿਹਨਤ ਸਦਕਾ ਵਿਭਾਗ ਦੇ ਸਮੂਹ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿਚ ਵੱਧ ਚੜ੍ਹ ਕੇ ਭਾਗ ਲਿਆ ਅਤੇ ਸ਼ਮੂਲੀਅਤ ਕੀਤੀ।

