ਤੀਆਂ ਦਾ ਛਰਾਟਾ ‘ਚ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਵਿਸ਼ੇਸ ਰੂਪ ਵਿਚ ਸ਼ਿਰਕਤ
ਪਟਿਆਲਾ 3 ਅਗਸਤ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕਲਾ ਭਵਨ ਵਿਖੇ ‘ਰੇਨਬੋਅ ਕਲੱਬ ਫਾਰ ਸਪੈਸ਼ਲ ਚਿਲਡਰਨ’ ਵੱਲੋਂ ਕਰਵਾਏ ਗਏ ਪ੍ਰੋਗਰਾਮ ‘ਤੀਆਂ ਦਾ ਛਰਾਟਾ’ ਵਿਚ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਵਿਸ਼ੇਸ ਰੂਪ ਵਿਚ ਸ਼ਿਰਕਤ ਕੀਤੀ ਗਈ।
ਇਸ ਮੌਕੇ ਬੋਲਦੇ ਹੋਏ ਉਨ੍ਹਾਂ ਕਿਹਾ ਇਨ੍ਹਾਂ ਬੱਚਿਆਂ ਦੀਆਂ ਪੇਸ਼ਕਾਰੀਆਂ ਦਸਦੀਆਂ ਹਨ ਕਿ ਇਹ ਵਾਕਿਆ ਹੀ ਵਿਸ਼ੇਸ ਬੱਚੇ ਹਨ। ਅਜਿਹੇ ਬੱਚਿਆਂ ਦਾ ‘ਵਿਸ਼ੇਸ ਬੱਚੇ’ ਵਜੋਂ ਹੋਇਆ ਨਾਮਕਰਣ ਪੂਰੀ ਤਰ੍ਹਾਂ ਉੱਚਿਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਨੂੰ ਹਮਦਰਦੀ ਦੀ ਬਜਾਇ ਹੱਲਾਸ਼ੇਰੀ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਵੱਲੋਂ ਐਲਾਨ ਕੀਤਾ ਗਿਆ ਕਿ ਭਵਿੱਖ ਇਨ੍ਹਾਂ ਬੱਚਿਆਂ ਦੇ ਕਿਸੇ ਵੀ ਪ੍ਰੋਗਰਾਮ ਲਈ ਯੂਨੀਵਰਸਿਟੀ ਵੱਲੋਂ ਕਲਾ ਭਵਨ ਦਾ ਹਾਲ ਅਤੇ ਗੈਸਟ ਹਾਊਸ ਦੇ ਲੋੜੀਂਦੇ ਕਮਰੇ ਬਿਨਾ ਕਿਸੇ ਫੀਸ ਤੋਂ ਮੁਫਤ ਮੁਹਈਆ ਕਰਵਾਏ ਜਾਣਗੇ। ਉਨ੍ਹਾਂ ਆਪਣੇ ਵੱਲੋਂ ਨਿੱਜੀ ਤੌਰ ਤੇ ਵਿੱਤੀ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਗਿਆ ਅਤੇ ਹੋਰਨਾਂ ਲੋਕਾਂ ਨੂੰ ਵੀ ਇਸ ਦਿਸ਼ਾ ਵਿਚ ਮਦਦ ਹਿਤ ਅੱਗੇ ਆਉਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਸਮਾਜ ਦੇ ਕਿਸੇ ਵੀ ਪੱਖੋਂ ਵੰਚਿਤ ਤਬਕਿਆਂ ਨਾਲ ਖੜ੍ਹਨਾ ਸਾਡਾ ਸਭ ਦਾ ਫਰਜ਼ ਵੀ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਇਕ ਤਸੱਲੀ ਵੀ ਮਿਲਦੀ ਹੈ। ਉਨ੍ਹਾਂ ਪ੍ਰੋਗਰਾਮ ਦੀ ਕੋਆਰਡੀਨੇਟਰ ਨੈਨਸੀ ਢਿੱਲੋਂ ਦੀ ਅਜਿਹੇ ਪ੍ਰੋਗਰਾਮ ਦੀ ਸਿਰਜਣਾ ਹਿਤ ਸ਼ਲਾਘਾ ਕੀਤੀ ਗਈ।

