ਬਰਗਾੜੀ ਕਾਂਡ ਦੀ ‘ਗੁਪਤ ਰਿਪੋਰਟ’ ‘ਚ ਕਈ ਗੁੱਝੇ ਭੇਤ ਬੰਦ
ਚੰਡੀਗੜ੍ : ਹਿੰਦੁਸਤਾਨ ਟਾਈਮਜ਼ ਅਖਬਾਰ ਨੇ ਛਾਪਿਆ ਹੈ ਕਿ ਪੰਜਾਬ ਪੁਲਿਸ ਦੀ ਸਿੱਟ ਦੇ ਮੁਖੀ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਜਾਂਚ ਕਮਿਸ਼ਨ ਨੂੰ ਦੱਸਿਆ ਕਿ ਉਨ੍ਹਾਂ ਬਾਦਲ ਸਰਕਾਰ ਮੌਕੇ ਬਰਗਾੜੀ ਬੇਅਦਬੀ ਮਾਮਲੇ ਨੂੰ ਹੱਲ ਕਰ ਲਿਆ ਸੀ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਰੋਕ ਦਿੱਤਾ ਗਿਆ। ਕੁਝ ਸਮਾਂ ਪਹਿਲਾਂ ਇਹ ਖਬਰਾਂ ਵੀ ਸਾਹਮਣੇ ਆਈਆਂ ਸਨ ਕਿ ਸਿੱਟ ਨੇ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਬੇਅਦਬੀ ਮਾਮਲਿਆਂ ਨੂੰ ਹੱਲ ਕਰ ਲਿਆ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੀ ਸਿੱਟ ਨੂੰ ਕਾਰਵਾਈ ਰੋਕ ਦੇਣ ਲਈ ਕਹਿ ਦਿੱਤਾ ਹੈ।
ਪੀਸੀਐਸ ਐਸੋਸੀਏਸ਼ਨ ਪੰਜਾਬ ਦੇ ਵਫ਼ਦ ਨੇ ਬਰਗਾੜੀ ਕਾਂਡ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਬਰਗਾੜੀ ਕਾਂਡ ਦੀ ‘ਗੁਪਤ ਰਿਪੋਰਟ’ ਵਿਚ ਕਈ ਗੁੱਝੇ ਭੇਤ ਬੰਦ ਹਨ, ਜਿਨ੍ਹਾਂ ਦੇ ਡਰੋਂ ਕੈਪਟਨ ਹਕੂਮਤ ਕੋਈ ਭਾਫ਼ ਬਾਹਰ ਨਹੀਂ ਕੱਢ ਰਹੀ। ਬਰਗਾੜੀ ਇਨਸਾਫ਼ ਮੋਰਚੇ ਦੀ ਮੰਗ ਹੈ ਕਿ ਰਿਪੋਰਟ ਜਨਤਕ ਕੀਤੀ ਜਾਵੇ, ਜਦੋਂ ਹੁਣ ਸਰਕਾਰ ‘ਬਰਗਾੜੀ ਰਿਪੋਰਟ’ ਨੂੰ ਜਨਤਕ ਕਰਨ ਤੋਂ ਪਿੱਛੇ ਹਟ ਰਹੀ ਹੈ, ਤਾਂ ਪੰਥਕ ਧਿਰਾਂ ਦੇ ਸ਼ੱਕ ਹੋਰ ਵਧ ਗਏ ਹਨ। ਦਰਅਸਲ ਹੁਣ ਤਕ ਦੀਆਂ ਖਬਰਾਂ ਮੁਤਾਬਕ ਬਰਗਾੜੀ ਕਾਂਡ ਦੀ ਤਾਰ ਸਿੱਧੀ ਡੇਰਾ ਸਿਰਸਾ ਨਾਲ ਜੁੜੀ ਹੈ। ਵੇਰਵਿਆਂ ਅਨੁਸਾਰ ਡੇਰਾ ਮੁਖੀ ਦੇ ਪੀਏ ਰਾਕੇਸ਼ ਦਿੜ੍ਹਬਾ ਦੇ ਇਸ਼ਾਰੇ ‘ਤੇ ਡੇਰੇ ਦੇ ਮੋਹਰੀ ਮੈਂਬਰਾਂ ਨੇ ਸਿੱਖ ਪ੍ਰਚਾਰਕਾਂ ਤੋਂ ਬਦਲਾ ਲੈਣ ਲਈ ਦੋ ਪੜਾਵੀ ਸਾਜ਼ਿਸ਼ ਘੜੀ। ਪਹਿਲੀ ਸਾਜ਼ਿਸ਼ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਮਾਰਨ ਦੀ ਸੀ ਅਤੇ ਦੂਸਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ। ਰਿਪੋਰਟ ਅਨੁਸਾਰ ਡੇਰਾ ਮੁਖੀ ਦੇ ਪੀਏ ਰਾਕੇਸ਼ ਦਿੜ੍ਹਬਾ ਦੀ ਹਦਾਇਤ ‘ਤੇ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਨੇ ਕੋਟਕਪੂਰਾ ਦੇ ਮਹਿੰਦਰਪਾਲ ਬਿੱਟੂ ਨਾਲ ਸਿੱਖ ਪ੍ਰਚਾਰਕ ਦਾਦੂਵਾਲ ਨੂੰ ਭੀਖੀ ਵਿਚ ਮਾਰਨ ਦੀ ਯੋਜਨਾ ਬਣਾਈ ਸੀ। ਦਾਦੂਵਾਲ ਦੇ ਪ੍ਰੋਗਰਾਮਾਂ ਵਿਚ ਵੱਡੀ ਗਿਣਤੀ ਵਿਚ ਪ੍ਰੇਮੀ ਭੇਜੇ ਜਾਣ ਦੀ ਯੋਜਨਾ ਸੀ, ਤਾਂ ਜੋ ਹਮਲਾਵਰ ਬਚ ਕੇ ਨਿਕਲ ਸਕਣ। ਜਦੋਂ ਮਾਨਸਾ ਦੇ ਡੇਰਾ ਆਗੂਆਂ ਨੇ ਹਾਮੀ ਨਾ ਭਰੀ ਤਾਂ ਯੋਜਨਾ ਫ਼ਲਾਪ ਹੋ ਗਈ। ਬਿੱਟੂ ਨੇ ਡੇਰੇ ਦੇ ਹੁਕਮਾਂ ਨੂੰ ਅਮਲੀ ਰੂਪ ਦੇਣ ਲਈ ਆਪਣੇ ਸਾਥੀ ਨਿਸ਼ਾਨ ਸਿੰਘ ਕੋਟਕਪੂਰਾ, ਸ਼ਕਤੀ ਸਿੰਘ ਵਾਸੀ ਡੱਗੋ ਰੋਮਾਣਾ, ਰਣਦੀਪ ਸਿੰਘ ਨੀਲਾ ਫ਼ਰੀਦਕੋਟ, ਸੁਖਜਿੰਦਰ ਸਿੰਘ ਸੰਨੀ ਕੋਟਕਪੂਰਾ ਨਾਲ ਨਵੀਂ ਵਿਉਂਤ ਬਣਾਈ, ਜਿਸ ਤਹਿਤ ਸੰਨੀ ਤੇ ਨੀਲੇ ਨੇ ਮੱਲਕੇ, ਬਰਗਾੜੀ, ਸਾਹੋਕੇ ਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰਾਂ ਦੇ ਆਸੇ ਪਾਸੇ ਰੇਕੀ ਕੀਤੀ।
ਰਿਪੋਰਟ ਅਨੁਸਾਰ ਨੀਲਾ ਤੇ ਸੰਨੀ ਮੋਟਰਸਾਈਕਲ (ਪੀਬੀ 04 ਟੀ-0930) ‘ਤੇ ਬੁਰਜ ਜਵਾਹਰ ਸਿੰਘ ਵਾਲਾ ਗਏ। ਇਸ ਟੀਮ ਦੇ ਮੈਂਬਰ ਪਹਿਲਾਂ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਗੁਰਦੇਵ ਸਿੰਘ ਪ੍ਰੇਮੀ ਦੀ ਦੁਕਾਨ ‘ਤੇ ਗਏ, ਜਿੱਥੋਂ ਕੋਲਡ ਡਰਿੰਕ ਪੀਣ ਮਗਰੋਂ ਉਹ ਗੁਰੂ ਘਰ ਵਿੱਚ ਗਏ। ਗੁਰੂ ਘਰ ਵਿੱਚੋਂ ਸਰੂਪ ਚੁੱਕਣ ਮਗਰੋਂ ਮੋਟਰਸਾਈਕਲ ‘ਤੇ ਫ਼ਰਾਰ ਹੋ ਗਏ। ਕੋਟਕਪੂਰਾ ਸਾਈਡ ਉਡੀਕ ‘ਚ ਖੜ੍ਹੇ ਬਲਜੀਤ ਸਿੰਘ ਤੇ ਸ਼ਕਤੀ ਨੂੰ ਇਹ ਸਰੂਪ ਦੇ ਦਿੱਤੇ ਗਏ, ਜਿਨ੍ਹਾਂ ਨੇ ਸਰੂਪ ਸਮੇਤ ਅਲਟੋ ਕਾਰ ਕੋਟਕਪੂਰਾ ਦੇ ਨਾਮ ਚਰਚਾ ਘਰ ਵਿੱਚ ਖੜ੍ਹੀ ਕਰ ਦਿੱਤੀ। ਸ਼ਾਮ ਵਕਤ ਇਹ ਸਰੂਪ ਬਲਜੀਤ ਸਿੰਘ ਦੇ ਘਰ ਪਹੁੰਚਾਏ ਗਏ, ਜਿੱਥੇ ਸੰਦੂਕ ‘ਚ ਕਰੀਬ ਤਿੰਨ ਸਾਢੇ ਤਿੰਨ ਮਹੀਨੇ ਇਹ ਸਰੂਪ ਪਏ ਰਹੇ। ਜਦੋਂ ਸਤੰਬਰ 2015 ‘ਚ ਫ਼ਰੀਦਕੋਟ ਦੇ ਸਿਨੇਮਾ ਮਾਲਕਾਂ ਨੇ ਵਿਵਾਦਾਂ ਦੇ ਡਰੋਂ ਡੇਰਾ ਮੁਖੀ ਦੀ ਫ਼ਿਲਮ ਲਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਡੇਰਾ ਆਗੂਆਂ ਨੇ ਸਾਜ਼ਿਸ਼ ਨੂੰ ਅਗਲੇ ਪੜਾਅ ਵਿੱਚ ਦਾਖ਼ਲ ਕਰ ਦਿੱਤਾ। ਸਾਜ਼ਿਸ਼ ਤਹਿਤ ਸ਼ਕਤੀ ਸਿੰਘ ਨੇ ਬਰਗਾੜੀ ਤੋਂ ਸਾਫ਼ ਕਾਗ਼ਜ਼ ਤੇ ਮਾਰਕਰ ਲਿਆ ਕੇ ਬਿੱਟੂ ਕੋਟਕਪੂਰਾ ਨੂੰ ਦੇ ਦਿੱਤੇ, ਜਿੱਥੇ ਸੰਨੀ ਨੇ ਸਿੱਖ ਧਰਮ ਪ੍ਰਤੀ ਇਤਰਾਜ਼ਯੋਗ ਭਾਸ਼ਾ ‘ਚ ਪੋਸਟਰ ਲਿਖੇ। ਸ਼ਕਤੀ, ਸੰਨੀ, ਭੋਲੇ ਤੇ ਬਲਜੀਤ ਸਿੰਘ ਨੇ 24 ਅਤੇ 25 ਸਤੰਬਰ 2015 ਦੀ ਸ਼ਾਮ ਨੂੰ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ‘ਚ ਇਹ ਪੋਸਟਰ ਲਾ ਦਿੱਤੇ। ਇਵੇਂ 12 ਅਕਤੂਬਰ 2015 ਦੀ ਸਵੇਰ ਨੂੰ ਤਿੰਨ ਵਜੇ ਨਿਸ਼ਾਨ ਸਿੰਘ ਦੀ ਕਾਰ ਵਿੱਚ ਬਲਜੀਤ ਸਿੰਘ ਦੇ ਘਰੋਂ ਸਰੂਪ ਲਿਆਂਦੇ ਗਏ। ਰਿਪੋਰਟ ਦੇ ਤੱਥਾਂ ਅਨੁਸਾਰ ਕਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਗਏ। ਸੰਨੀ, ਨਿਸ਼ਾਨ ਤੇ ਭੋਲੇ ਨੇ ਪਵਿੱਤਰ ਅੰਗ ਖਿਲਾਰ ਦਿੱਤੇ। ਕੁਝ ਅੰਗ ਪ੍ਰਦੀਪ ਕੁਮਾਰ ਨੂੰ ਖਿਲਾਰਨ ਲਈ ਦਿੱਤੇ ਪਰ ਉਸ ਨੇ ਇਹ ਅੰਗ ਰਜਵਾਹੇ ਵਿਚ ਜਲ ਪ੍ਰਵਾਹ ਕਰ ਦਿੱਤੇ।

