ਮਿਲਾਵਟ ਖੋਰਾ ਸਬੰਧੀ ਦਿੱਤੀ ਜਾਵੇ ਜਾਣਕਾਰੀ ਤੁਰੰਤ ਹੋਵੇਗੀ ਕਾਰਵਾਈ : ਜ਼ਿਲ੍ਹਾ ਸਿਹਤ ਅਫ਼ਸਰ
ਪਟਿਆਲਾ, 8 ਅਗਸਤ (ਮਧੂਸਾਰ ਬਿਊਰੋ) ਜ਼ਿਲ੍ਹਾ ਪਟਿਆਲਾ ਵਿੱਚ ਮਿਲਾਵਟੀ ਅਤੇ ਨਕਲੀ ਦੁੱਧ ਦੇ ਸੌਦਾਗਰਾਂ ਉੱਤੇ ਨਕੇਲ ਕੱਸਣ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਵੇਰਕਾ ਪਟਿਆਲਾ ਡੇਅਰੀ ਵਿਖੇ ਮਿਲਾਵਟ ਰਹਿਤ, ਸਾਫ਼ ਸੁਥਰਾ ਦੁੱਧ ਪੈਦਾ ਕਰਨ ਅਤੇ ਖਪਤਕਾਰ ਨੂੰ ਮਿਆਰੀ ਦੁੱਧ ਅਤੇ ਦੁੱਧ ਪਦਾਰਥ ਮੁਹੱਈਆ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਹੋਈ।
ਮੀਟਿੰਗ ਦੌਰਾਨ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਨਸ਼ਾ ਮੁਕਤ ਸਿਹਤਮੰਦ ਜੀਵਨ ਜਿਉਣ ਲਈ ਜਿੱਥੇ ਸਾਫ਼ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਉਚਿੱਤ ਮਾਹੌਲ ਦਿੱਤਾ ਜਾ ਰਿਹਾ ਹੈ, ਉੱਥੇ ਹੀ ਲੋਕਾਂ ਲਈ ਖਾਣ-ਪੀਣ ਵਾਲੇ ਪਦਾਰਥਾਂ ਨੂੰ ਮਿਲਾਵਟ ਰਹਿਤ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦੁਆਰਾ ਮਿਲਾਵਟਖੋਰਾ ‘ਤੇ ਨੱਥ ਪਾਈ ਜਾ ਰਹੀ ਹੈ। ਡੇਅਰੀ ਫਾਰਮਰਾਂ ਵੱਲੋਂ ਇਸ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਮਿਲਾਵਟੀ ਦੁੱਧ ਅਤੇ ਦੁੱਧ ਪਦਾਰਥਾਂ ਦੀ ਸਪਲਾਈ-ਲਾਈਨ ਨੂੰ ਤੋੜਨ ਲਈ ਸਿਹਤ ਵਿਭਾਗ ਅਤੇ ਡੇਅਰੀ ਵਿਭਾਗ ਵੱਲੋਂ ਸਾਂਝੇ ਤੌਰ ਤੇ ਛਾਪੇਮਾਰੀ ਕਰਨ ਅਤੇ ਸੈਂਪਲਿੰਗ ਕਰਨ ਦੀ ਮੁਹਿੰਮ ਨੂੰ ਅਸਰਦਾਰ ਤਰੀਕੇ ਨਾਲ ਸ਼ੁਰੂ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਪੰਜਾਬ ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਕੁਲਦੀਪ ਸਿੰਘ ਵੱਲੋਂ ਮੀਟਿੰਗ ਦੌਰਾਨ ਧਿਆਨ ਵਿੱਚ ਲਿਆਂਦਾ ਗਿਆ ਕਿ ਇਸ ਸਮੇਂ ਬਜਾਰ ਵਿੱਚ ਮਿਆਰੀ ਦੁੱਧ ਤੋਂ ਤਿਆਰ ਪਨੀਰ ਅਤੇ ਖੋਏ ਦੇ ਲਾਗਤ ਮੁੱਲ ਤੋਂ ਕਾਫ਼ੀ ਘੱਟ ਮੁੱਲ ‘ਤੇ ਪਨੀਰ ਤੇ ਖੋਆ ਵੇਚਿਆ ਜਾ ਰਿਹਾ ਹੈ, ਜਿਸ ਨਾਲ ਦੁੱਧ ਉਤਪਾਦਕਾਂ ਦੇ ਆਰਥਿਕ ਹਿਤਾਂ ਨੂੰ ਵੱਡੇ ਪੱਧਰ ਤੇ ਢਾਅ ਲਾਈ ਜਾ ਰਹੀ ਹੈ।
ਮੀਟਿੰਗ ਵਿੱਚ ਸ਼ਾਮਿਲ ਸਾਰੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਸਿਹਤ ਅਫ਼ਸਰ, ਡਾ. ਕ੍ਰਿਸ਼ਨ ਸਿੰਘ ਵੱਲੋਂ ਜ਼ਿਲ੍ਹੇ ਅੰਦਰ ਮਿਲਾਵਟੀ ਦੁੱਧ ਅਤੇ ਦੁੱਧ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਸਬੰਧੀ ਤੁਰੰਤ ਜਾਣਕਾਰੀ ਦੇਣ ਲਈ ਕਿਹਾ ਗਿਆ ਅਤੇ ਦੱਸਿਆ ਕਿ ਇਸ ਸਬੰਧ ਵਿੱਚ ਦਿੱਤੀ ਗਈ ਜਾਣਕਾਰੀ ਗੁਪਤ ਰੱਖੀ ਜਾਵੇਗੀ ਤਾਂ ਜੋ ਅਜਿਹੇ ਅਨਸਰਾਂ ਦੇ ਖਿਲਾਫ਼ ਸਖਤੀ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਨੋਡਲ ਅਫ਼ਸਰ ਡੇਅਰੀ ਵਿਕਾਸ ਬੋਰਡ ਸ੍ਰੀ ਅਸ਼ੋਕ ਰੌਣੀ ਵੱਲੋਂ ਆਪਣੇ ਸੰਬੋਧਨ ਦੌਰਾਨ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ੍ਰੀ ਕਾਹਨ ਸਿੰਘ ਪੰਨੂ, ਆਈ.ਏ.ਐਸ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹਿੱਤ ਸਮੂਹ ਦੁੱਧ ਉਤਪਾਦਕਾਂ ਨੂੰ ਪੰਜਾਬ ਵਾਸੀਆਂ ਦੀ ਚੰਗੀ ਸਿਹਤ ਲਈ ਜ਼ਿਲ੍ਹੇ ਵਿੱਚ ਮਿਲਾਵਟੀ ਦੁੱਧ ਅਤੇ ਦੁੱਧ ਪਦਾਰਥਾਂ ਤੋਂ ਇਲਾਵਾ ਹੋਰ ਖਾਧ ਪਦਾਰਥਾਂ ਦੀ ਮਿਲਾਵਟ ਨੂੰ ਰੋਕਣ ਲਈ ਇੱਕਠੇ ਹੋ ਕੇ ਇਸ ਮੁਹਿੰਮ ਨੂੰ ਸਫਲ ਬਣਾਉਣ ਦੀ ਪੁਰਜੋਰ ਅਪੀਲ ਕੀਤੀ ਗਈ ਕਿਉਕਿ ਇੱਕ ਸਿਹਤਮੰਦ ਵਿਅਕਤੀ ਹੀ ਇੱਕ ਚੰਗਾ ਸਮਾਜ ਸਿਰਜ ਸਕਦਾ ਹੈ।
ਬੈਠਕ ਵਿੱਚ ਸਹਿਯੋਗ ਦੇਣ ਲਈ ਸਮੂਹ ਅਫ਼ਸਰ ਅਤੇ ਵੱਖ-ਵੱਖ ਵਿਭਾਗਾਂ ਤੋਂ ਆਏ ਹੋਰ ਕਰਮਚਾਰੀਆਂ ਦਾ ਸ੍ਰੀ ਗੁਰਮੇਲ ਸਿੰਘ, ਜਨਰਲ ਮੈਨੇਜਰ, ਵੇਰਕਾ ਪਟਿਆਲਾ ਡੇਅਰੀ ਨੇ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੇਰਕਾ ਪਟਿਆਲਾ ਡੇਅਰੀ “ਤੰਦਰੁਸਤ ਪੰਜਾਬ ਮਿਸ਼ਨ” ਨੂੰ ਸਫਲ ਬਣਾਉਣ ਲਈ ਲਗਾਤਾਰ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ ਅਤੇ ਵੇਰਕਾ ਪਟਿਆਲਾ ਡੇਅਰੀ ਆਪਣੇ ਖਪਤਕਾਰਾਂ ਨੂੰ ਸ਼ੁੱਧ ਵੇਰਕਾ ਦੁੱਧ ਅਤੇ ਦੁੱਧ ਪਦਾਰਥ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਮੀਟਿੰਗ ਵਿੱਚ ਸ੍ਰੀ ਗੁਰਮੇਲ ਸਿੰਘ, ਜਨਰਲ ਮੈਨੇਜਰ, ਵੇਰਕਾ ਪਟਿਆਲਾ ਡੇਅਰੀ, ਡਾ ਕ੍ਰਿਸ਼ਨ ਸਿੰਘ, ਡੀਐਚਓ, ਪਟਿਆਲਾ, ਸ੍ਰੀ ਅਸ਼ੋਕ ਰੋਣੀ, ਨੋਡਲ ਅਫ਼ਸਰ ਡੇਅਰੀ ਵਿਕਾਸ ਬੋਰਡ, ਡਾ. ਗੁਰਮੀਤ ਸਿੰਘ, ਡੀਐਚਓ ਆਫਿਸ, ਪਟਿਆਲਾ, ਸ੍ਰੀ ਦਲਬੀਰ ਕੁਮਾਰ, ਸ੍ਰੀ ਕੁਲਵਿੰਦਰ ਸਿੰਘ, ਸ੍ਰੀ ਜੈ ਕਿਸ਼ਨ, ਡੇਅਰੀ ਵਿਕਾਸ ਵਿਭਾਗ, ਪਟਿਆਲਾ, ਸ੍ਰੀ ਕੁਲਦੀਪ ਸਿੰਘ, ਜ਼ਿਲ੍ਹਾ ਪ੍ਰਧਾਨ, ਪੰਜਾਬ ਡੇਅਰੀ ਫਾਰਮਰਜ਼ ਐਸੋਸੀਏਸ਼ਨ, ਪਟਿਆਲਾ, ਸ੍ਰੀ ਹਰਵਿੰਦਰ ਸਿੰਘ, ਸ੍ਰੀ ਸਿਕੰਦਰ ਸਿੰਘ, ਸ੍ਰੀ ਸਰਬਜੀਤ ਸਿੰਘ, ਰਾਜਵੀਰ ਸਿੰਘ, ਸ੍ਰੀ ਕੁਲਵਿੰਦਰ ਸਿੰਘ ਆਦਿ ਡੇਅਰੀ ਫਾਰਮਰਾਂ ਤੋ ਇਲਾਵਾ ਮੈਨੇਜਰ ਪ੍ਰੋਡਕਸ਼ਨ, ਮੈਨੇਜਰ ਦੁੱਧ ਪ੍ਰਾਪਤੀ ਅਤੇ ਇੰਚਾਰਜ ਕੁਆਲਿਟੀ ਕੰਟਰੋਲ, ਵੇਰਕਾ ਪਟਿਆਲਾ ਡੇਅਰੀ ਨੇ ਭਾਗ ਲਿਆ ।

