ਗੈਸ ਏਜੰਸੀ ਵਰਕਰਜ਼ ਯੂਨੀਅਨ (ਇਫ਼ਟੂ) ਵੱਲੋਂ ਪਰਿਵਾਰਾਂ ਸਮੇਤ ਬਰਾੜ ਗੈਸ ਸਰਵਿਸ ਅੱਗੇ ਧਰਨਾ
ਡਿਪਟੀ ਕਮਿਸ਼ਨਰ ਦਫ਼ਤਰ ਤੱਕ ਕੀਤਾ ਰੋਸ ਪ੍ਰਦਰਸ਼ਨ
ਪਟਿਆਲਾ 10 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਗੈਸ ਏਜੰਸੀ ਵਰਕਰਜ਼ ਯੂਨੀਅਨ (ਇਫ਼ਟੂ) ਵੱਲੋਂ ਬਰਾੜ ਗੈਸ ਏਜੰਸੀ ਪਟਿਆਲਾ ਦੇ ਗੇਟ ਅੱਗੇ ਧਰਨਾ ਦਿੱਤਾ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਵੱਲ ਰੋਸ ਮਾਰਚ ਕੀਤਾ ਗਿਆ।
ਜਿਕਰਯੋਗ ਹੈ ਕਿ ਪਿਛਲੇ ਦਿਨੀਂ ਬਰਾੜ ਗੈਸ ਏਜੰਸੀ ਦੇ ਮਾਲਕ ਵੱਲੋਂ ਏਜੰਸੀ ਦੇ 10 ਵਰਕਰਾਂ ਨੂੰ ਕੰਮ ਤੋਂ ਰੋਕਿਆ ਗਿਆ ਅਤੇ ਨਵੇਂ ਵਰਕਰ ਠੇਕੇਦਾਰ ਨਜੀਰ ਖਾਨ ਦੇ ਰਾਹੀਂ ਗੈਰ ਕਾਨੂੰਨੀ ਬਿਨਾਂ ਠੇਕੇਦਾਰੀ ਲਾਇਸੈਂਸ ਦੇ ਰੱਖੇ ਗਏ ਹਨ। ਜਦੋਂ ਕਿ ਪਿਛਲੇ ਕਈ ਦਹਾਕਿਆਂ ਤੋਂ ਕੰਮ ਕਰਦੇ ਕਿਰਤੀਆਂ ਨੂੰ ਘੱਟੋ ਘੱਟ ਤਨਖਾਹ ਦੇ ਕਾਨੂੰਨ ਤਹਿਤ ਬਣਦੀ ਤਨਖਾਹ ਅਤੇ ਹੋਰ ਭੱਤੇ ਨਹੀਂ ਦਿੱਤੇ ਜਾ ਰਹੇ। ਇਸ ਸਬੰਧੀ ਜਦੋਂ ਜਥੇਬੰਦੀ ਦਾ ਵਫ਼ਦ ਏਜੰਸੀ ਮਾਲਕ ਨੂੰ ਮਿਲਣ ਗਿਆ ਤਾਂ ਮਾਲਕ ਵੱਲੋਂ ਜਥੇਬੰਦੀ ਨੂੰ ਅਤੇ ਜਥੇਬੰਦੀ ਦੇ ਪ੍ਰਧਾਨ ਕਸ਼ਮੀਰ ਸਿੰਘ ਬਿੱਲਾ ਅਤੇ ਏਜੰਸੀ ਦੇ ਵਰਕਰਾਂ ਨੂੰ ਗਾਲਾਂ੍ਹ ਕੱਢੀਆਂ ਗਈਆਂ। ਆਪਣੇ ਮਸਲੇ ਨੂੰ ਲੈ ਕੇ ਜਦੋਂ ਵਰਕਰ ਕਿਰਤ ਵਿਭਾਗ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਦੇ ਹਨ ਤਾਂ ਉੱਥੇ ਵੀ ਉਹਨਾਂ ਨੂੰ ਲਾਰੇ ਲਾ ਕੇ ਹੀ ਟਾਲਿਆ ਜਾਂਦਾ ਹੈ। ਥਾਣਾ ਤ੍ਰਿਪੜੀ ਅਤੇ ਥਾਣਾ ਅਨਾਜ ਮੰਡੀ ਦੇ ਐਸ.ਐਚ.ਓ ਵੱਲੋਂ ਭਾਰੀ ਪੁਲਿਸ ਫੋਰਸ ਨਾਲ ਨਾਕਾ ਬੰਦੀ ਕੀਤੀ ਗਈ ਤਾਂ ਮੌਕੇ ਤੇ ਨਾਇਬ ਤਹਿਸੀਲਦਾਰ ਵੱਲੋਂ ਮੰਗ ਪੱਤਰ ਲਿਆ ਗਿਆ ਅਤੇ ਪ੍ਰਸ਼ਾਸ਼ਨ ਨੇ ਕਿਰਤੀਆਂ ਦੀਆਂ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ।
ਕਸ਼ਮੀਰ ਸਿੰਘ ਬਿੱਲਾ ਨੇ ਕਿਹਾ ਕਿ ਬਰਾੜ ਗੈਸ ਏਜੰਸੀ ਦੇ ਮਾਲਕ ਵੱਲੋਂ ਵਰਕਰਾਂ ਨੂੰ ਘੱਟੋ ਘੱਟ ਉਜਰਤਾਂ ਮੁਤਾਬਕ ਤਨਖਾਹ ਨਾ ਦੇਣ ਅਤੇ ਕਿਰਤੀਆਂ ਦੇ ਰਿਕਾਰਡ ਨਾਲ ਹੇਰਫੇਰ ਕਰਕੇ ਨੌਕਰੀਆਂ ਤੋਂ ਕੱਢਣ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਮੌਜੂਦਾ ਕਾਂਗਰਸ ਸਰਕਾਰ ਜ਼ੋ ਲੋਕਾਂ ਨੂੰ ਘਰ ਘਰ ਨੌਕਰੀ ਦੇਣ ਦਾ ਵਆਦਾ ਕਰਕੇ ਸੱਤਾ ਵਿੱਚ ਆਈ ਸੀ, ਅੱਜ ਸ਼ਰੇਆਮ ਕਿਰਤੀਆਂ ਦੇ ਰੁਜ਼ਗਾਰ ਖੋਹਣ ਲਈ ਬਰਾੜ ਗੈਸ ਏਜੰੰਸੀ ਦੇ ਮਾਲਕ ਗੁਰਪ੍ਰੀਤ ਸਿੰਘ ਬਰਾੜ ਦੀ ਪੁਸ਼ਤ ਪਨਾਹੀ ਕਰ ਰਹੀ ਹੈ। ਕਿਰਤੀਆਂ ਵਿਰੋਧੀ ਇਸ ਗੱਠਜੋੜ ਖਿਲਾਫ਼ ਸ਼ੰਘਰਸ ਤਿੱਖਾ ਕੀਤਾ ਜਾਵੇਗਾ ਅਤੇ ਕਿਰਤੀ ਪਰਿਵਾਰਾਂ ਸਮੇਤ ਪਟਿਆਲਾ ਦੀ ਸੜਕਾਂ ਉੱਪਰ ਬਰਾੜ ਗੈਸ ਏਜੰਸੀ ਦੇ ਮਾਲਕ ਦੇ ਪੁਤਲੇ ਫੂਕ ਕੇ ਰੋਸ ਪ੍ਰ ਕਰਨਗੇ। ਇਸ ਸਮੇਂ ਸ਼੍ਰੀ ਨਾਥ (ਜਿਲਾ੍ਹ ਆਗੂ ਇਫ਼ਟੂ), ਸੁਰਿੰਦਰ ਸਿੰਘ, ਰਾਮ ਚੰਦ ਜਿਲਾ੍ਹ ਆਗੂ ਇਫ਼ਟੂ, ਜਸਵੀਰ ਸਿੰਘ, ਜਸਪਾਲ ਸਿੰਘ, ਸਤਪਾਲ ਸਿੰੰਘ, ਤਰਲੋਕ, ਹਰਦੇਵ ਸਿੰਘ, ਕਰਮਵੀਰ ਸਿੰਘ, ਲਾਲ ਸਿੰਘ, ਸੁਰਜੀਤ ਸਿੰਘ, ਜਰਨੈਲ ਸਿੰਘ, ਜੰਗਾ ਰਾਮ, ਗੋਪਾਲ ਦਾਸ, ਬਲਵਿੰਦਰ ਸਿੰਘ, ਸੰਜੂ ਅਤੇ ਡੈਮੋਕਰੇਟਿਕ ਲਾਇਰਜ਼ ਐਸੋਸ਼ੀਏਸ਼ਨ (ਪੰਜਾਬ) ਦੇ ਆਗੂ ਐਡਵੋਕੇਟ ਰਾਜੀਵ ਲੋਹਟਬੱਦੀ, ਹਰਬੰਸ ਸਿੰਘ, ਲੋਕ ਸੰਘਰਸ਼ ਕਮੇਟੀ ਪਟਿਆਲਾ ਦੇ ਆਗੂ ਗੁਰਚਰਨ ਸਿੰਘ, ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਸੱਕਤਰ ਅਮਨ ਦਿਓਲ, ਟੈਕਨੀਕਲ ਸਰਵਿਸ ਯੂਨੀਅਨ ਹਿਰਾਵਲ ਦਸਤਾ ਦੇ ਆਗੂ ਰਾਮਚੰਦ ਅਤੇ ਹੋਰ ਜਨਤਕ ਜਥੇਬੰਦੀਆਂ ਨੇ ਕਿਰਤੀਆਂ ਦੀਆਂ ਮੰਗਾਂ ਮਨਾਉਣ ਲਈ ਉਹਨਾਂ ਦਾ ਸਾਥ ਦੇਣ ਦਾ ਭਰੋਸਾ ਦਿੱਤਾ।

