ਪਟਿਆਲਾ ਜ਼ਿਲ੍ਹੇ ਦਾ ਗੁਰਮਨਜੀਤ ਸਿੰਘ ਬਣਿਆ ਬੈਸਟ ਟ੍ਰੈਕਰ
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਯੁਵਕ ਸੇਵਾਵਾਂ ਵਿਭਾਗ ਵਲੋਂ ਕੀਤਾ ਜਾ ਰਿਹਾ ਹੈ ਨੌਜਵਾਨਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ : ਡਾ. ਮਾਨ
ਪਟਿਆਲਾ, 20 ਅਗਸਤ (ਮਧੂਸਾਰ ਬਿਊਰੋ) ਟ੍ਰੇਨਿੰਗ ਅਫ਼ਸਰ ਸ਼੍ਰੀ ਅਵਿਨੰਦ ਸ਼ਰਮਾ ਅਤੇ ਸ਼੍ਰੀ ਜਗਦੀਪ ਸਿੰਘ ਜੋਸ਼ੀ ਦੀ ਅਗਵਾਈ ਹੇਠ ਗਿਆਰਵੀ ਅਤੇ ਬਾਰਵੀ ਜਮਾਤ ਦੇ ਵਿਦਿਆਰਥੀਆਂ ਦਾ ਮਨਾਲੀ ਵਿਖੇ ਟ੍ਰੈਕਿੰਗ ਕੈਂਪ ਲਗਾਇਆ ਗਿਆ। ਇਸ ਵਿੱਚ ਪਟਿਆਲਾ ਜ਼ਿਲ੍ਹੇ ਦੇ ਸ.ਸ.ਸ.ਸ.ਬਹਾਦਰਗੜ੍ਹ ਦੇ ਪ੍ਰਥਮ ਅਤੇ ਸਾਜਨ, ਦਾ ਪੈਰਾਡਾਈਸ ਇੰਟਰਨੈਸ਼ਨਲ ਸਕੂਲ ਘੱਗਾ ਦੇ ਗੁਰਮਨਜੀਤ ਸਿੰਘ, ਸਰਬਪ੍ਰੀਤ ਸਿੰਘ, ਕਮਲਦੀਪ ਸਿੰਘ, ਸ.ਸ.ਸ.ਸ. ਉਲਾਣਾ ਦੇ ਲਵਪ੍ਰੀਤ ਸਿੰਘ ਅਤੇ ਗੁਰਜੀਤ ਸਿੰਘ ਨੇ ਇਸ ਰਾਜ ਪੱਧਰੀ ਕੈਂਪ ਵਿੱਚ ਭਾਗ ਲਿਆ ਅਤੇ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ।
ਜਾਣਕਾਰੀ ਦਿੰਦਿਆ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਮਲਕੀਤ ਸਿੰਘ ਮਾਨ ਨੇ ਦੱਸਿਆ ਕਿ ਇਸ ਕੈਂਪ ਵਿੱਚ ਪਟਿਆਲਾ ਜ਼ਿਲ੍ਹੇ ਦੇ ਸੱਤ ਵਲੰਟੀਅਰਾਂ ਨੇ ਭਾਗ ਲਿਆ ਜਿਸ ਵਿਚੋਂ ਪੈਰਾਡਾਈਸ ਇੰਟਰਨੈਸ਼ਨਲ ਸਕੂਲ ਘੱਗਾ ਦੇ ਵਿਦਿਆਰਥੀ ਗੁਰਮਨਜੀਤ ਸਿੰਘ ਨੂੰ ਕੁੱਲ 157 ਵਲੰਟੀਅਰਾਂ ਵਿਚੋਂ ਬੈਸਟ ਟ੍ਰੈਕਰ ਦਾ ਇਨਾਮ ਹਾਸਿਲ ਹੋਇਆ ਹੈ ਅਤੇ ਇਸੇ ਹੀ ਸਕੂਲ ਦੇ ਸਰਬਪ੍ਰੀਤ ਸਿੰਘ ਨੂੰ ਪੀ.ਟੀ. ਅਤੇ ਆਤਮ ਰੱਖਿਆ ਗਤੀਵਿਧੀਆਂ ਵਿੱਚ ਬੈਸਟ ਘੋਸ਼ਿਤ ਕੀਤਾ ਗਿਆ ਹੈ। ਇਸੇ ਦੌਰਾਨ ਹੀ ਸਮੂਹ ਜ਼ਿਲ੍ਹਿਆਂ ਦੇ ਵਲੰਟੀਅਰਾਂ ਵਲੋਂ ਸਫਾਈ ਪ੍ਰਤੀਯੋਗਤਾ ਵਿੱਚ ਭਾਗ ਲਿਆ ਗਿਆ ਜਿਸ ਵਿੱਚ ਜ਼ਿਲ੍ਹਾ ਪਟਿਆਲਾ ਨੂੰ ਪਹਿਲਾਂ ਸਥਾਨ ਹਾਸਲ ਹੋਇਆ।
ਡਾ. ਮਲਕੀਤ ਸਿੰਘ ਮਾਨ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਮੰਤਵ ਯੁਵਕਾਂ/ਯੁਵਤੀਆਂ ਵਿੱਚ ਹਾਈਕਿੰਗ ਟ੍ਰੇਕਿੰਗ ਦੀ ਰੁਚੀ ਪੈਦਾ ਕਰਨਾ, ਯੁਵਕ/ਯੁਵਤੀਆਂ ਨੂੰ ਪਹਾੜੀ ਇਲਾਕਿਆਂ ਵਿੱਚ ਟਰੈਕਿੰਗ ਕਰਨ ਲਈ ਮਾਨਸਿਕ ਅਤੇ ਜਿਸਮਾਨੀ ਤੌਰ ਤੇ ਮਜ਼ਬੂਤ ਬਣਾਉਣਾ, ਉਨ੍ਹਾਂ ਕੁਦਰਤੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਯੋਗ ਬਣਾਉਣਾ, ਪਹਾੜੀ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਦੀ ਜੀਵਨ ਪ੍ਰਣਾਲੀ ਬਾਰੇ ਨੌਜਵਾਨਾਂ ਨੂੰ ਜਾਣੂ ਕਰਵਾ ਕੇ ਉਨ੍ਹਾਂ ਵਿੱਚ ਆਤਮ ਵਿਸ਼ਵਾਸ, ਸਾਹਸੀ, ਬਿਰਤੀ ਅਤੇ ਦ੍ਰਿੜ ਇਰਾਦੇ ਆਦਿ ਪੈਦਾ ਕਰਨਾ ਸੀ ਤਾਂ ਜੋ ਉਹ ਯੋਗ ਅਤੇ ਜ਼ਿੰਮੇਵਾਰ ਨਾਗਰਿਕ ਸਿੱਧ ਹੋ ਸਕਣ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਬੱਚਿਆਂ ਨੂੰ ਮਾਰਸ਼ਲ ਆਰਟ, ਰੋਪ ਤੇ ਵਾਲ ਕਲਾਈਮਿੰਗ ਦੇ ਗੁਣ ਸਿਖਾਏ ਜਾ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਚੋਣ ਕਰਨ ਉਪਰੰਤ ਇਨ੍ਰਾਂ ਵਲੰਟੀਅਰਾਂ ਨੂੰ ਉਕਤ ਕੈਂਪਾਂ ਲਈ ਭੇਜਿਆ ਜਾਂਦਾ ਹੈ। ਭਵਿੱਖ ਵਿੱਚ ਵੀ ਇਹ ਪ੍ਰੋਗਰਾਮ ਜਾਰੀ ਰਹੇਗਾ।

