ਕੌਮੀ ਖੇਡ ਦਿਵਸ : ਤਣਾਅ ਭਰੀ ਜ਼ਿੰਦਗੀ ਤੋਂ ਰਾਹਤ ਲਈ ਖੇਡਾਂ ਇਕ ਬਿਹਤਰ ਜ਼ਰੀਆ : ਡਾ. ਘੁੰਮਣ
ਪਟਿਆਲਾ 29 ਅਗਸਤ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ਼ਰੀਰਿਕ ਸਿੱਖਿਆ ਵਿਭਾਗ ਵੱਲੋਂ ਕੌਮੀ ਖੇਡ ਦਿਵਸ ਦੇ ਮੌਕੇ ਤੇ ਇਕ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦਘਾਟਨ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਸਵੇਰੇ ਸੱਤ ਵਜੇ ਕੀਤਾ ਗਿਆ।
ਡਾਇਰੈਕਟਰ ਪਲਾਨਿੰਗ ਐਂਡ ਮੋਨੀਟਰਿੰਗ ਡਾ. ਬਲਵਿੰਦਰ ਸਿੰਘ ਟਿਵਾਣਾ ਵੱਲੋਂ ਵੀ ਇਸ ਪ੍ਰੋਗਰਾਮ ਵਿਚ ਵਿਸ਼ੇਸ ਰੂਪ ਵਿਚ ਸ਼ਿਰਕਤ ਕੀਤੀ ਗਈ। ਇਸ ਮੌਕੇ ਆਯੋਜਿਤ ਕਰਾਸ ਕੰਟਰੀ ਦੌੜ ਵਿਚ ਯੂਨੀਵਰਸਿਟੀ ਕੈਂਪਸ ਅਤੇ ਸ.ਸ. ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਦੇ 145 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਇਸ ਮੌਕੇ ਖੇਡ ਰੁਚੀ ਉਤਪੰਨ ਕਰਨ ਹਿਤ ਯੂਨੀਵਰਸਿਟੀ ਦੇ ਵਖ-ਵਖ ਅਧਿਆਪਨ ਅਤੇ ਗੈਰ ਅਧਿਆਪਨ ਸਮੂਹ ਦੇ ਕਰਮਚਾਰੀਆਂ ਵੱਲੋਂ ਇਕ ਦੋਸਤਾਨਾ ਵਾਲੀਬਾਲ ਮੈਚ ਵੀ ਖੇਡਿਆ ਗਿਆ।
ਇਸ ਮੌਕੇ ਬੋਲਦਿਆਂ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਕਿਹਾ ਗਿਆ ਕਿ ਖੇਡਾਂ ਦਾ ਜੀਵਨ ਵਿਚ ਅਹਿਮ ਮਹੱਤਵ ਹੈ ਜਿਸ ਨਾਲ ਸ਼ਰੀਰਿਕ ਤੰਦਰੁਸਤੀ ਨੂੰ ਕਾਇਮ ਰਖਦਿਆਂ ਤੰਦਰੁਸਤ ਪੰਜਾਬ ਦਾ ਮਿਸ਼ਨ ਵੀ ਪੂਰਾ ਕੀਤਾ ਜਾ ਸਕਦਾ ਹੈ। ਡਾ. ਘੁੰਮਣ ਵੱਲੋਂ ਇਸ ਦਿਨ ਦੇ ਮਹੱਤਵ ਨਾਲ ਜੁੜੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੀ ਜ਼ਿੰਦਗੀ ਦੇ ਹਵਾਲੇ ਨਾਲ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਲਈ ਵੀ ਪ੍ਰੇਰਿਆ ਗਿਆ। ਵਿਭਾਗ ਮੁਖੀ ਡਾ. ਨਿਸ਼ਾਨ ਸਿੰਘ ਵੱਲੋਂ ਕਿਹਾ ਗਿਆ ਕਿ ਤਣਾਅ ਭਰੀ ਜ਼ਿੰਦਗੀ ਤੋਂ ਰਾਹਤ ਪ੍ਰਾਪਤ ਕਰਨ ਲਈ ਖੇਡਾਂ ਇਕ ਬਿਹਤਰ ਜ਼ਰੀਆ ਹਨ। ਉਨ੍ਹਾਂ ਵੱਲੋਂ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹਿਣ ਦਾ ਵਾਅਦਾ ਕੀਤਾ ਗਿਆ। ਅੰਤ ਵਿਚ ਡਾ. ਬਲਵਿੰਦਰ ਸਿੰਘ ਟਿਵਾਣਾ ਵੱਲੋਂ ਸਭ ਦਾ ਵਿਸ਼ੇਸ ਧੰਨਵਾਦ ਕੀਤਾ ਗਿਆ।

