ਪੰਜਾਬਪਟਿਆਲਾ

ਕੈਪਟਨ ਸਰਕਾਰ ਦੇ ਪੁਤਲੇ ਦੀ ਅਧਿਆਪਕਾਂ ਨੇ ਛਿੱਤਰ ਪਰੇਡ ਕਰਕੇ ਕੀਤਾ ਰੋਸ ਵਿਖਾਵਾ

ਨਸ਼ਿਆਂ ਵਾਲੇ ਮੁੱਦੇ ਤੋਂ ਬਾਅਦ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਤੋਂ ਵੀ ਕੈਪਟਨ ਸਰਕਾਰ ਦਾ ਯੂ-ਟਰਨ
ਪਟਿਆਲਾ 31 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਕੱਚੇ ਅਧਿਆਪਕਾਂ ਨੂੰ ਆਪਣੀ ਸਰਕਾਰ ਬਣਨ ਦੇ ਪਹਿਲੇ ਮਹੀਨੇ ਵਿਚ ਰੈਗੂਲਰ ਕਰਨ ਦਾ ਵਾਅਦਾ ਕਰਕੇ ਸੱਤਾ ‘ਚ ਆਈ ਕਾਂਗਰਸ ਸਰਕਾਰ ਵੱਲੋਂ ਬੀਤੀ 30 ਅਗਸਤ ਨੂੰ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਸਰਵ ਸਿੱਖਿਆ ਅਭਿਆਨ,ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ,ਆਦਰਸ਼ ਤੇ ਮਾਡਲ ਸਕੂਲਾਂ ਦੇ ਅੱਠ ਹਜ਼ਾਰ ਤੋਂ ਵਧੇਰੇ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਮੌਜੂਦਾ ਤਨਖਾਹਾਂ ਵਿੱਚ 75 ਫੀਸਦੀ ਕੱਟ ਲਗਾਉਣ ਦੀ ਸ਼ਰਤ ਥੋਪਣ ਦੇ ਫੈਸਲੇ ਨੇ ਅਧਿਆਪਕਾਂ ਦੀ ਨੀਦ ਉਡਾ ਦਿੱਤੀ ਹੈ।

ਹਾਲਾਕਿ ਬਾਅਦ ਵਿੱਚ ਸਰਕਾਰ ਵੱਲੋਂ ਉਕਤ ਫੈਸਲੇ ਨੂੰ ਸ਼ੱਕੀ ਢੰਗ ਨਾਲ ਰੋਕ ਲਿਆ ਗਿਆ, ਪਰੰਤੂ ਪਿਛਲੇ ਦਸ ਸਾਲਾਂ ਤੋਂ ਸਕੂਲਾਂ ਵਿੱਚ ਸੇਵਾਵਾਂ ਨਿਭਾਅ ਰਹੇ ਇਨਾਂ ਉੱਚ ਯੋਗਤਾਵਾਂ ਵਾਲੇ ਅਧਿਆਪਕਾਂ ਨੇ ਸਰਕਾਰ ਦੀ ਅਜਿਹੀ ਬਦਨੀਤੀ ਖਿਲਾਫ ਅੱਜ ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਵਿੱਚ ਸਥਾਨਕ ਨਹਿਰੂ ਪਾਰਕ ਤੋਂ ਬੱਸ ਸਟੈਂਡ ਚੌਂਕ ਤੱਕ ਮਾਰਚ ਕਰਦਿਆਂ ਮੁੱਖ ਮੰਤਰੀ ਦੇ ਪੁਤਲੇ ਦੀ ਜੰਮ ਕੇ ਛਿੱਤਰ ਪਰੇੜ ਕਰਕੇ ਸਰਕਾਰ ਨੂੰ ਸਖਤ ਸੰਦੇਸ਼ ਦਿੱਤੇ ਹਨ। ਇਕੱਤਰ ਅਧਿਆਪਕਾਂ ਨੇ ਸਿੱਖਿਆ ਵਿਭਾਗ ਵਿੱਚ ਪੂਰੀਆਂ ਤਨਖਾਹਾਂ ‘ਤੇ ਹੀ ਪੱਕੇ ਕਰਨ ਅਤੇ ਕਈ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਵੀ ਰੱਖੀ।
ਅਧਿਆਪਕ ਆਗੂਆਂ ਭਰਤ ਕੁਮਾਰ,ਵਿਕਰਾਮਦੇਵ ਸਿੰਘ,ਅਤਿੰਦਰਪਾਲ ਘੱਗਾ,ਪਰਮਜੀਤ ਸਿੰਘ,ਇਕਬਾਲ ਸਿੰਘ,ਪਰਮਵੀਰ ਸਿੰਘ,ਭੁਪਿੰਦਰ ਸਿੰਘ ਅਤੇ ਤਲਵਿੰਦਰ ਸਿੰਘ ਨੇ ਇਕੱਤਰ ਅਧਿਆਪਕਾਂ ਨੂੰ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਠੇਕਾ ਅਧਾਰਿਤ ਨੌਕਰੀਆਂ ਤਹਿਤ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਅਧਿਆਪਕ ਵਰਗ ਸਰਕਾਰ ਵੱਲੋਂ ਕੀਤੀ ਜਾ ਰਹੀਂ ਅਜਿਹੀ ਕਿਸੇ ਵੀ ਧੱਕੇਸ਼ਾਹੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਸਰਕਾਰ ਵੱਲੋਂ ਅਣ ਐਲਾਨੀ ਵਿੱਤੀ ਐਮਰਜੈਂਸੀ ਦਾ ਸ਼ਿਕਾਰ ਬਣ ਰਹੇ ਸੂਬੇ ਵਿੱਚਲੇ ਹਜ਼ਾਰਾਂ ਕੱਚੇ ਅਧਿਆਪਕਾਂ ਵਿੱਚੋਂ ਫੋਰੀ ਤੌਰ ‘ਤੇ ਸਰਕਾਰ ਦੇ ਤਨਖਾਹਾਂ ਘਟਾਕੇ ਰੈਗੂਲਰ ਕਰਨ ਦੀ ਮਾਰ ਹੇਠ ਆ ਰਹੇ ਐੱਸ.ਐੱਸ.ਏ, ਰਮਸਾ,ਆਦਰਸ਼,ਮਾਡਲ ਸਕੂਲ ਅਧਿਆਪਕਾਂ ਨੇ ਸੰਘਰਸ਼ ਨੂੰ ਹੋਰ ਤਿੱਖਾ ਤੇ ਵਿਸ਼ਾਲ ਰੂਪ ਦੇਣ ਦੀ ਚਿਤਾਵਨੀ ਦਿੱਤੀ ਹੈ।ਉਹਨਾਂ ਦੱਸਿਆ ਕਿ ਉਕਤ ਅਧਿਆਪਕ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਭਰਤੀ ਨਿਯਮਾਂ ਅਤੇ ਤੈਅਸ਼ੁਦਾ ਯੋਗਤਾਵਾਂ ਅਨੁਸਾਰ ਸਾਲ 2008 ਤੋਂ ਹੁਣ ਤੱਕ ਭਰਤੀ ਕੀਤੇ ਗਏ ਹਨ,ਇਸ ਲਈ ਉਹਨਾਂ ਨੂੰ ਨਵੀਂ ਭਰਤੀ ਦੇ ਨਿਯਮਾਂ ਵਿੱਚ ਉਲਝਾਕੇ ਵੱਡਾ ਕੁਹਾੜਾ ਚਲਾਇਆ ਜਾ ਰਿਹਾ ਹੈ। ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ‘ਤੇ ਪੱਕੇ ਕਰਨ,ਮੁਅੱਤਲ ਅਧਿਆਪਕ ਆਗੂਆਂ ਦੀ ਮੁਅੱਤਲੀ ਰੱਦ ਕਰਨ,ਅਖੌਤੀ ਰੈਸ਼ਨਲਾਇਜੇਸ਼ਨ ਨੀਤੀ ਵਾਪਿਸ ਲੈਣ ਦੀ ਮੰਗ ਤੋਂ ਪਾਸਾ ਵੱਟਣ ਅਤੇ ਅਧਿਆਪਕਾਂ ਲਈ ਨਿੰਦਣਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਤੁਰੰਤ ਮੰਤਰੀ ਤੋਂ ਜਨਤਕ ਤੌਰ ‘ਤੇ ਮੁਆਫੀ ਮੰਗਣ ਦੀ ਮੰਗ ਕੀਤੀ।
ਇਸ ਮੌਕੇ ਜੀਵਨਜੋਤ ਸਿੰਘ,ਹਰਮਿੰਦਰ ਸਮਾਣਾ, ਲਖਵਿੰਦਰ ਸਿੰਘ,ਚਮਕੌਰ ਸਿੰਘ,ਕੁਲਦੀਪ ਪਟਿਆਲਵੀ,ਅਮਨ ਦੇਵੀਗੜ੍ਹ,ਇਕਬਾਲ ਸੋਮੀਆਂ ਸੁਖਦੇਵ ਸਿੰਘ,ਨਵਨੀਤ ਅਨਾਇਤਪੁਰੀ,ਹਰਿੰਦਰ ਸਿੰਘ,ਬਲਰਾਜ ਜੋਸ਼ੀ,ਮੈਡਮ ਡੇਜ਼ੀ,ਮਨਪ੍ਰੀਤ ਕੌਰ,ਸਤਵਿੰਦਰ ਕੌਰ,ਹਰਪ੍ਰੀਤ ਕੌਰ,ਆਦਿ ਵੀ ਹਾਜ਼ਰ ਸਨ ।

Leave a Reply

Your email address will not be published. Required fields are marked *