ਹਰਵਿੰਦਰ ਹਰਪਾਲਪੁਰ ਦੀ ਵੋਟ ਨਾ ਬਣਾ ਕੇ ਕਾਂਗਰਸ ਨੇ ਆਪਣੀ ਇਖਲਾਕੀ ਹਾਰ ਕਬੂਲੀ : ਪ੍ਰੋ. ਚੰਦੂਮਾਜਰਾ
ਪਿਛਲੇ 7 ਦਿਨਾਂ ਤੋਂ ਐਸ. ਡੀ. ਐਮ. ਰਾਜਪੁਰਾ ਵਿਧਾਇਕ ਜਲਾਲਪੁਰ ਦੇ ਦਬਾਅ ਹੇਠ ਕਰ ਰਿਹਾ ਹੈ ਉਸ ਨੂੰ ਗੁੰਮਰਾਹ : ਹਰਵਿੰਦਰ ਹਰਪਾਲਪੁਰ
ਪਟਿਆਲਾ, 5 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰ) ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਸਭ ਤੋਂ ਹੋਟ ਸੀਟ ਬਣਨ ਜਾ ਰਹੀ ਹਰਪਾਲਪੁਰ ਜ਼ੋਨ ਦੀ ਸੀਟ ‘ਤੇ ਸਮੀਕਰਨ ਅੱਜ ਉਸ ਸਮੇਂ ਬਦਲ ਗਏ ਜਦੋਂ ਸ਼ਾਮ 5 ਵਜੇ ਐਸ. ਡੀ. ਐਮ. ਰਾਜਪੁਰਾ ਨੇ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਹਰਪਾਲਪੁਰ ਦੀ ਵੋਟ ਉਸ ਦੇ ਪਿੰਡ ਵਿਚ ਬਣਾਉਣ ਤੋਂ ਮਨਾ ਕਰ ਦਿੱਤਾ।
ਐਸ. ਡੀ. ਐਮ. ਰਾਜਪੁਰਾ ਨੇ ਤਰਕ ਦਿੱਤਾ ਕਿ ਤਿੰਨ ਦਿਨ ਪਹਿਲਾਂ ਅਪਲਾਈ ਕਰਨਾ ਸੀ, ਹੁਣ ਉਹ ਵੋਟ ਨਹੀਂ ਬਣਾ ਸਕੇ ਜਦੋਂ ਕਿ ਹਰਵਿੰਦਰ ਸਿੰਘ ਹਰਪਾਲਪੁਰ ਨੇ ਦਾਅਵਾ ਕੀਤਾ ਕਿ ਉਹ ਪਿਛਲੇ 7 ਦਿਨਾਂ ਤੋਂ ਐਸ. ਡੀ. ਐਮ. ਰਾਜਪੁਰਾ ਦੇ ਚੱਕਰ ਲਾ ਰਹੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਹਰਵਿੰਦਰ ਹਰਪਾਲਪੁਰ ਦੀ ਵੋਟ ਨਾ ਬਣਾ ਕੇ ਆਪਣੀ ਇਖਲਾਕੀ ਹਾਰ ਕਬੂਲ ਕਰ ਲਈ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਵਲੋਂ ਸਰਕਾਰੀ ਮਸ਼ੀਨਰੀ ਦਾ ਲੋਕਤੰਤਰ ਦੇ ਘਾਣ ਲਈ ਕੀਤੇ ਜਾ ਰਹੇ ਦੁਰਉਪਯੋਗ ਦੀ ਸਭ ਤੋਂ ਵੱਡੀ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਹਰਪਾਲਪੁਰ ਪਿਛਲੇ 7 ਦਿਨ ਤੋਂ ਐਸ. ਡੀ.ਐਮ. ਰਾਜਪੁਰਾ ਦੇ ਦਫ਼ਤਰ ਜਾ ਰਹੇ ਹਨ, ਉਥੋਂ ਉਨ੍ਹਾਂ ਨੂੰ ਈ. ਆਰ. ਓ. ਘਨੌਰ ਜੋ ਕਿ ਪੁੱਡਾ ਦਫ਼ਤਰ ਬੈਠਦੇ ਹਨ ਭੇਜਿਆ ਗਿਆ। ਜਦੋਂ ਹਰਪਾਲਪੁਰ ਆਪਣੀ ਵੋਟ ਬਣਾਉਣ ਲਈ ਈ. ਆਰ. ਓ. ਘਨੌਰ ਦੇ ਦਫ਼ਤਰ ਪਹੁੰਚੇ ਤਾਂ ਅੱਗੋਂ ਜਵਾਬ ਮਿਲਿਆ ਕਿ ਉਹ ਅਸੈਂਬਲੀ ਦੀ ਈ. ਆਰ. ਓ. ਹਨ ਪੰਚਾਇਤੀ ਵੋਟਾਂ ਐਸ. ਡੀ. ਐਮ. ਰਾਜਪੁਰਾ ਦੀ ਬਣਾਉਣਗੇ। ਐਸ. ਡੀ .ਐਮ. ਰਾਜਪੁਰਾ ਵਲੋਂ ਲਗਾਤਾਰ ਕਈ ਦਿਨ ਗੁੰਮਰਾਹ ਕਰਨ ਤੋਂ ਬਾਅਦ ਅੱਜ ਜਦੋਂ ਦੁਪਿਹਰ ਨੂੰ ਅਰਜੀ ਫੜੀ ਤਾਂ ਸ਼ਾਮ ਨੂੰ 5 ਵਜੇ ਮਨਾ ਕਰ ਦਿੱਤਾ ਕਿ ਉਹ ਵੋਟ ਨਹੀਂ ਬਣਾ ਸਕਦੇ। ਪ੍ਰੋ. ਚੰਦੂਮਾਜਰਾ ਨੇ ਸਰਕਾਰੀ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਚੋਣ ਲੜਨਾ ਅਤੇ ਵੋਟ ਪਾਉਣਾ ਸਾਰਿਆਂ ਦਾ ਅਧਿਕਾਰ ਹੈ, ਇਸ ਵਿਚ ਇਸ ਤਰ੍ਹਾਂ ਧੱਕੇਸ਼ਾਹੀ ਨਹੀਂ ਕੀਤੀ ਜਾ ਸਕਦੀ। ਦੂਜੇ ਪਾਸੇ ਹਰਪਾਲਪੁਰ ਜ਼ੋਨ ਤੋਂ ਹਰਪਾਲਪੁਰ ਨੇ ਦੱਸਿਆ ਕਿ ਇਸ ਜ਼ੋਨ ਤੋਂ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪੁੱਤਰ ਗਗਨਦੀਪ ਜਲਾਲਪੁਰ ਚੋਣ ਮੈਦਾਨ ਵਿਚ ਸਨ। ਹੈਰਾਨ ਕਰਨ ਵਾਲੀ ਗੱਲ ਹੈ ਕਿ ਦੋਨਾਂ ਦੀਆਂ ਵੋਟਾਂ ਜ਼ੋਨ ਵਿਚ ਨਹੀਂ ਸਨ। ਗਗਨਦੀਪ ਜਲਾਲਪੁਰ ਦੀ ਵੋਟ ਉਨ੍ਹਾਂ ਤੋਂ ਬਾਅਦ ਕੱਟੀ ਗਈ ਤੇ ਐਸ. ਡੀ. ਐਮ. ਰਾਜਪੁਰਾ ਨੇ ਦੋ ਦਿਨ ਪਹਿਲਾਂ ਬਣਾ ਕੇ ਦੇ ਦਿੱਤੀ ਪਰ ਉਨ੍ਹਾਂ ਦੀ ਵੋਟ ਅੱਜ ਤੱਕ ਨਹੀਂ ਬਣਾਈ। ਹਰਪਾਲਪੁਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘਬਾਦਲ ਵਲੋਂ ਡਿਪਟੀ ਕਮਿਸ਼ਨਰ ਪਟਿਆਲਾ ਨਾਲ ਗੱਲ ਵੀ ਕੀਤੀ ਗਈ ਸੀ। ਇਸ ਤੋਂ ਬਾਅਦ ਉਹ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਤੇ ਅਜਾਇਬ ਸਿੰਘ ਮੁਖਮੇਲਪੁਰ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਮਿਲੇ ਵੀ ਸਨ। ਡਿਪਟੀ ਕਮਿਸ਼ਨਰ ਨੇ ਉਦੋਂ ਭਰੋਸਾ ਦਿੱਤਾ ਸੀ ਕਿ ਜਾਂ ਤਾਂ ਦੋਵਾਂ ਦੀ ਵੋਟ ਬਣੇਗੀ ਜਾਂ ਫਿਰ ਦੋਵਾਂ ਦੀ ਨਹੀਂ ਬਣੇਗੀ ਪਰ ਹੋਇਆ ਉਲਟ। ਵਿਧਾਇਕ ਦੇ ਪੁੱਤਰ ਦੀ ਵੋਟ ਬਣਾ ਦਿੱਤੀ ਗਈ ਤੇ ਉਨ੍ਹਾਂ ਦੀ ਵੋਟ ਨਹੀਂ ਬਣਾਈ ਗਈ ਜੋ ਕਿ ਸਰਾਸਰ ਧੱਕਾ ਤੇ ਬੇਇਨਸਾਫੀ ਹੈ।

