ਪਟਿਆਲਾ

ਡੇਂਗੂ ਸਮੇਤ ਬਰਸਾਤ ‘ਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਯੋਗ ਕਦਮ ਉਠਾਉਣ ਦੀਆਂ ਹਦਾਇਤਾਂ

ਡੇਂਗੂ ਤੋਂ ਬਚਾਅ ਲਈ ਸਕੂਲੀ ਬੱਚਿਆਂ ਦੇ ਪੂਰੇ ਤਨ ਨੂੰ ਢੱਕਣ ਵਾਲੀਆਂ ਵਰਦੀਆਂ ਪਾਉਣ ਦੀ ਸਲਾਹ ਜਾਰੀ
ਪਟਿਆਲਾ, 26 ਸਤੰਬਰ (ਮਧੂਸਾਰ ਬਿਊਰੋ) ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪਟਿਆਲਾ ਸ੍ਰੀ ਸ਼ੌਕਤ ਅਹਿਮਦ ਪਰੈ ਨੇ ਸਿਵਲ ਸਰਜਨ ਅਤੇ ਸਥਾਨਕ ਸਰਕਾਰਾਂ ਵਿਭਾਗ ਸਮੇਤ ਪੇਂਡੂ ਵਿਕਾਸ ਨਾਲ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਂਗੂ ਸਮੇਤ ਤਾਜਾ ਹੋਈ ਬਰਸਾਤ ਦੌਰਾਨ ਮੀਂਹ ਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਲੋਕਾਂ ਦੇ ਬਚਾਅ ਲਈ ਉਚਿਤ ਪ੍ਰਬੰਧ ਕੀਤੇ ਜਾਣ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਮ ਲੋਕਾਂ ਦੀ ਸਿਹਤ ਦਾ ਖਿਆਲ ਰੱਖਣ ਸਮੇਤ ਉਨ੍ਹਾਂ ਨੂੰ ਲੋੜੀਂਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਸ੍ਰੀ ਪਰੈ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਦੌਰਾਨ ਡੇਂਗੂ ਅਤੇ ਬਰਸਾਤ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਕੀਤੇ ਪ੍ਰਬੰਧਾਂ ਦੀ ਸਮੀਖਿਆ ਕਰ ਰਹੇ ਸਨ। ਸ੍ਰੀ ਪਰੈ ਨੇ ਕਿਹਾ ਕਿ ਜ਼ਿਲ੍ਹੇ ‘ਚ ਡੇਂਗੂ ਦੇ450 ਕੇਸ ਸਾਹਮਣੇ ਆਏ, ਜਿਨ੍ਹਾਂ ‘ਚੋਂ 140 ਦਿਹਾਤੀ ਖੇਤਰ ਅਤੇ 310 ਸ਼ਹਿਰੀ ਖੇਤਰਾਂ ਨਾਲ ਸਬੰਧਤ ਸਨ। ਇਸੇ ਤਰ੍ਹਾਂ ਮਲੇਰੀਆ ਦੇ 20 ਕੇਸ, ਚਿਕਨਗੁਨੀਆ ਦਾ 1 ਕੇਸ ਅਤੇ ਸਵਾਇਨ ਫਲੂ ਦੇ 2 ਕੇਸ ਸਾਹਮਣੇ ਆਏ ਸਨ, ਇਸ ਲਈ ਤਾਜਾ ਪਈ ਬਰਸਾਤ ਦੇ ਮੱਦੇਨਜ਼ਰ ਸਿਹਤ ਵਿਭਾਗ ਸਮੇਤ ਹੋਰਨਾਂ ਵਿਭਾਗ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਲਈ ਜਿੰਮੇਵਾਰ ਕਾਰਨਾਂ ਤੋਂ ਜਾਗਰੂਕ ਕਰਨ ਦੇ ਨਾਲ-ਨਾਲ ਇਨ੍ਹਾਂ ਤੋਂ ਬਚਾਓ ਲਈ ਕੋਈ ਢਿੱਲ-ਮੱਠ ਨਾ ਵਰਤੀ ਜਾਵੇ।
ਏ.ਡੀ.ਸੀ. ਨੇ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਨਿਜੀ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੂਰੇ ਤਨ ਨੂੰ ਢੱਕਣ ਵਾਲੇ ਕੱਪੜੇ ਪਾਉਣ ਲਈ ਸਲਾਹ ਜਾਰੀ ਕੀਤੀ ਜਾਵੇ ਤਾਂ ਜੋ ਬੱਚਿਆਂ ਨੂੰ ਮੱਛਰਾਂ ਦੇ ਕੱਟਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰਾਂ, ਬੀ.ਡੀ.ਪੀ.ਓਜ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੱਛਰਾਂ ਨੂੰ ਭਜਾਉਣ ਲਈ ਫਾਗਿੰਗ ਕਰਨ ਸਮੇਤ ਪੀਣ ਵਾਲੇ ਪਾਣੀ ‘ਚ ਕਲੋਰੀਨ ਦਵਾਈ ਮਿਲਾਈ ਜਾਵੇ ਅਤੇ ਪਾਣੀ ਅਣਅਧਿਕਾਰਤ ਕੁਨੈਕਸ਼ਨ ਕੱਟੇ ਜਾਣ। ਇਸ ਤੋਂ ਬਿਨ੍ਹਾਂ ਲੋਕਾਂ ਨੂੰ ਡੇਂਗੂ ਵਾਲੇ ਮੱਛਰਾਂ ਦੀ ਪੈਦਾਵਾਰ ਰੋਕਣ ਲਈ ਸਾਫ਼ ਪਾਣੀ ਖੜ੍ਹਾ ਨਾ ਰੱਖਣ ਬਾਬਤ ਵੀ ਜਾਗਰੂਕ ਕੀਤਾ ਜਾਵੇ।
ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਏ.ਡੀ.ਸੀ. ਨੂੰ ਡੇਂਗੂ ਤੋਂ ਬਚਾਅ ਅਤੇ ਇਸਦੇ ਇਲਾਜ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ ਬਾਬਤ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਡੇਂਗੂ ਵਾਲੇ ਮੱਛਰਾਂ ਦੀ ਰੋਕਥਾਮ ਕਰਨ ਦੇ ਚਲਦਿਆਂ 265 ਚਲਾਨ ਕੱਟੇ ਗਏ ਸਨ ਤੇ ਲੰਘੇ ਐਤਵਾਰ ਵੱਡੇ ਪੱਧਰ ‘ਤੇ ਜਾਗਰੂਕਤਾ ਮੁਹਿੰਮ ਵੀ ਵਿੱਢੀ ਗਈ ਹੈ। ਇਸ ਮੌਕੇ ਐਸ.ਡੀ.ਐਮਜ, ਵਧੀਕ ਸਿਵਲ ਸਰਜਨ ਡਾ. ਸ਼ੈਲੀ ਜੇਤਲੀ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਵਿੰਦਰ ਸਿੰਘ, ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਗੁਰਮੀਤ ਸਿੰਘ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *