ਪੰਜਾਬ

ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਤ ਖੇਤਰ ਦਾ ਸਰਵੇਖਣ, ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸਰਕਾਰ ਗੰਭੀਰ

ਨੁਕਸਾਨੇ ਗਏ ਘਰਾਂ ਅਤੇ ਪਸ਼ੂਧਨ ਦਾ ਵੀ ਮੁਆਵਜ਼ਾ ਦੇਣ ਦਾ ਐਲਾਨ
ਤਰਨ ਤਾਰਨ 26 ਸਤੰਬਰ (ਜਸਮੇਲ ਚੀਦਾ/ਮਧੂਸਾਰ ਬਿਊਰੋ) ਪੰਜਾਬ ‘ਚ ਲਗਾਤਾਰ ਪਏ ਮੀਂਹ ਨਾਲ ਨੁਕਸਾਨੀ ਗਈ ਫਸਲ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਰਨ ਤਾਰਨ, ਸੁਲਤਾਨਪੁਰ ਲੋਧੀ ਅਤੇ ਅਮਰਕੋਟ ਹੜ੍ਹ ਪ੍ਰਭਾਵਤ ਖੇਤਰਾਂ ਦਾ ਦੌਰਾ ਕੀਤਾ।

ਮੁੱਖ ਮੰਤਰੀ ਨੇ ਨੁਕਸਾਨੀਆਂ ਫਸਲਾਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਮੁਸ਼ਕਲਾਂ ਸੁਣੀਆਂ ਤੇ ਤਿੰਨ ਦਿਨ ‘ਚ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਵੀ ਦਿੱਤੇ ਹਨ। ਮੁੱਖ ਮੰਤਰੀ ਨੇ ਆਖਿਆ ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਨੂੰ ਲੈ ਕੇ ਗੰਭੀਰ ਹੈ ਅਤੇ ਗਿਰਦਾਵਰੀ ਕਰਵਾਕੇ ਕਿਸਾਨਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਦੇਵੇਗੀ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਤਰਨ ਤਾਰਨ ਤੇ ਕਪੂਰਥਲਾ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕੀਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਵਿਸ਼ੇਸ਼ ਗਿਰਦਾਵਰੀ ਵੀ ਛੇਤੀ ਤੋਂ ਛੇਤੀ ਮੁਕੰਮਲ ਕਰਨ ਦਾ ਐਲਾਨ ਕੀਤਾ ਤਾਂ ਕਿ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਭਾਰੀ ਮੀਂਹ ਜਾਂ ਹੜ੍ਹਾਂ ਨਾਲ ਨੁਕਸਾਨੇ ਗਏ ਘਰਾਂ ਦੇ ਪੀੜਤ ਪਰਿਵਾਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਬਿਆਸ ਦਰਿਆ ਨੇੜਲੇ ਇਲਾਕਿਆਂ ਵਿੱਚ ਫਸਲਾਂ ਨੂੰ ਕਾਫੀ ਨੁਕਸਾਨ ਦੱਸਦਿਆਂ ਇਨ੍ਹਾਂ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਸਥਿਤੀ ‘ਤੇ ਨੇੜਿਓਂ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਤਾਂ ਕਿ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਸਮੇਂ ਸਿਰ ਮੁਆਵਜ਼ਾ ਦੇਣਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹਾਲਾਂਕਿ ਸਥਿਤੀ ਉਨ੍ਹੀਂ ਖਰਾਬ ਨਹੀਂ ਹੈ, ਜਿੰਨੀ ਕਿ ਉਨ੍ਹਾਂ ਦੇ ਹਵਾਈ ਸਰਵੇਖਣ ਤੋਂ ਪਹਿਲਾਂ ਕਿਆਸੀ ਗਈ ਸੀ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਅਤੇ ਅੰਮ੍ਰਿਤਸਰ ਤੋਂ ਇਲਾਵਾ ਤਰਨ ਤਾਰਨ ਤੇ ਕਪੂਰਥਲਾ ਜ਼ਿਲ੍ਹਿਆਂ ਤੋਂ ਫਸਲਾਂ ਨੂੰ ਹੋਏ ਨੁਕਸਾਨ ਸਬੰਧੀ ਰਿਪੋਰਟਾਂ ਹਾਸਲ ਹੋਈਆਂ ਹਨ।
ਨਮੀ ਵੱਧ ਰਹਿਣ ਕਰਕੇ ਇਸ ਸਾਲ ਭਾਰਤੀ ਖੁਰਾਕ ਨਿਗਮ ਵੱਲੋਂ ਝੋਨਾ ਨਾ ਖਰੀਦਣ ਬਾਰੇ ਕਿਸਾਨਾਂ ਦੇ ਤੌਖਲੇ ਦੂਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਪਹਿਲਾਂ ਹੀ ਸਬੰਧਤ ਅਥਾਰਟੀ ਕੋਲ ਉਠਾ ਦਿੱਤਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ,”ਫਸਲ ਦੀ ਖਰੀਦ ਵਿੱਚ ਤਹਾਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਵੇਗੀ।”
ਤਰਨ ਤਾਰਨ ਵਿੱਚ ਅਮਰਕੋਟ ਹੈਲੀਪੈਡ ‘ਤੇ ਉਤਰਨ ਮੌਕੇ ਮੁੱਖ ਮੰਤਰੀ ਨੂੰ ਜ਼ਿਲ੍ਹਾ ਅਧਿਕਾਰੀਆਂ ਨੇ ਸਥਿਤੀ ਬਾਰੇ ਜਾਣੂੰ ਕਰਵਾਇਆ। ਇਸ ਤੋਂ ਬਾਅਦ ਮੁੱਖ ਮੰਤਰੀ ਇਲਾਕੇ ਦੇ ਵਸਨੀਕਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਭਾਰੀ ਮੀਂਹ ਤੇ ਹੜ੍ਹਾਂ ਕਾਰਨ ਜਿਨ੍ਹਾਂ ਲੋਕਾਂ ਦੀਆਂ ਫਸਲਾਂ ਤੇ ਘਰਾਂ ਦਾ ਨੁਕਸਾਨ ਹੋਇਆ, ਸਰਕਾਰ ਵੱਲੋਂ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਸ਼ੂਧਨ ਦੇ ਘਾਟੇ ਲਈ ਵੀ ਸਰਕਾਰ ਵੱਲੋਂ ਮੁਆਵਜ਼ਾ ਅਦਾ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਗੁਰਬੀਰ ਸਿੰਘ (18) ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਜੋ ਸੋਮਵਾਰ ਨੂੰ ਤੇਜ਼ ਵਹਾਅ ਵਿੱਚ ਰੁੜ ਗਿਆ ਸੀ। ਉਨ੍ਹਾਂ ਨੇ ਗੁਰਬੀਰ ਸਿੰਘ ਦੇ ਪਰਿਵਾਰ ਲਈ 3.5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਖਿਆ ਕਿ ਹੜ੍ਹਾਂ ਦੇ ਪਾਣੀ ਦਾ ਪੱਧਰ ਘਟ ਜਾਣ ਤੋਂ ਤੁਰੰਤ ਬਾਅਦ ਵਿਸ਼ੇਸ਼ ਗਿਰਦਾਵਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਵੱਲੋਂ ਡਿਪਟੀ ਕਮਿਸ਼ਨਰਾਂ ਪਾਸੋਂ ਗਿਰਦਾਵਰੀ ਦੀਆਂ ਰਿਪੋਰਟਾਂ ਹਾਸਲ ਕਰਨ ਤੋਂ ਬਾਅਦ ਵਿਅਕਤੀਗਤ ਤੌਰ ‘ਤੇ ਹੋਏ ਨੁਕਸਾਨ ਦੇ ਆਧਾਰ ‘ਤੇ ਮੁਆਵਜ਼ੇ ਦੀ ਰਾਸ਼ੀ ਦਾ ਫੈਸਲਾ ਲਿਆ ਜਾਵੇਗਾ।
ਇਸ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਕੇਂਦਰ ਸਰਕਾਰ ਦੀ ਫਸਲ ਬੀਮਾ ਸਕੀਮ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਇਹ ਸਕੀਮ ਕਿਸਾਨਾਂ ਦੇ ਨਾਲ-ਨਾਲ ਸੂਬੇ ਦੇ ਹਿੱਤਾਂ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਪੰਜਾਬ ਦੀਆਂ ਲੋੜਾਂ ਮੁਤਾਬਕ ਇਸ ਸਕੀਮ ਵਿੱਚ ਤਬਦੀਲੀ ਨਹੀਂ ਕਰਦੀ ਤਾਂ ਸੂਬਾ ਸਰਕਾਰ ਆਪਣੀ ਬੀਮਾ ਨੀਤੀ ਲਿਆਵੇਗੀ ਤਾਂ ਕਿ ਕਿਸਾਨਾਂ ਨੂੰ ਇਸ ਦਾ ਬਣਦਾ ਲਾਭ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਵੇਲੇ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਸੂਬਾ ਸਰਕਾਰ ਦੇ ਕੁਦਰਤੀ ਆਫਤ ਫੰਡ ਵਿੱਚੋਂ ਦਿੱਤੀ ਜਾਂਦੀ ਹੈ।
ਇਕ ਹੋਰ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 8 ਸਤੰਬਰ ਨੂੰ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰਾਂ ਦੇ ਨਾਲ-ਨਾਲ ਇੰਡਸ, ਭਾਰਤ ਸਰਕਾਰ ਦੇ ਕਮਿਸ਼ਨਰ ਦਰਮਿਆਨ ਇਕ ਸਮਝੌਤਾ ਕੀਤਾ ਹੈ ਤਾਂ ਕਿ ਸ਼ਾਹਪੁਰ ਕੰਡੀ ਡੈਮ ਪ੍ਰਾਜੈਕਟ ਦਾ ਕੰਮ ਮੁੜ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਤਿੰਨ ਸਾਲਾਂ ਵਿੱਚ ਇਹ ਪ੍ਰਾਜੈਕਟ ਮੁਕੰਮਲ ਹੋਵੇਗਾ ਜਿਸ ਨਾਲ 206 ਮੈਗਾਵਾਟ ਵਾਧੂ ਪਣ-ਬਿਜਲੀ ਪੈਦਾ ਹੋਣ ਤੋਂ ਇਲਾਵਾ ਰਣਜੀਤ ਸਾਗਰ ਡੈਮ ਦੀ ਸਮਰਥਾ ਦੀ ਵੀ ਢੁਕਵੀਂ ਵਰਤੋਂ ਕੀਤੀ ਜਾ ਸਕੇਗੀ।
ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਦਾ ਦੌਰਾ ਕੀਤਾ ਅਤੇ ਉਨ੍ਹਾਂ ਕਿਸਾਨਾਂ ਨੂੰ ਮਿਲੇ ਜਿਨ੍ਹਾਂ ਦੀ ਫਸਲ ਨੂੰ ਹੜ੍ਹਾਂ ਦੇ ਪਾਣੀ ਨਾਲ ਵੱਡਾ ਨੁਕਸਾਨ ਪਹੁੰਚਿਆ ਹੈ। ਜ਼ਿਲ੍ਹੇ ਵਿੱਚ ਫੌਜ ਵੱਲੋਂ ਤਿਆਰ ਕੀਤੇ ਆਰਜ਼ੀ ਪੁਲਾਂ ਨੂੰ ਸਥਾਈ ਪੁਲਾਂ ਵਿੱਚ ਬਦਲਣ ਦੀ ਮੰਗ ਪ੍ਰਤੀ ਹੁੰਗਾਰਾ ਭਰਦਿਆਂ ਮੁੱਖ ਮੰਤਰੀ ਨੇ ਕਿਹਾ ਇਕ ਉਹ ਇਸ ਮਾਮਲੇ ਨੂੰ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਕੋਲ ਉਠਾਉਣਗੇ। ਜਿੱਥੋਂ ਤੱਕ ਰੱਖਿਆ ਮੰਤਰਾਲੇ ਵੱਲੋਂ ਪੁਲਾਂ ਦੀ ਕੀਤੀ ਜਾ ਰਹੀ ਸਾਂਭ-ਸੰਭਾਲ ਦਾ ਸਬੰਧ ਹੈ, ਇਸ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਫੌਜ ਦੀ ਅਥਾਰਿਟੀ ਨੂੰ ਛੇਤੀ ਤੋਂ ਛੇਤੀ ਇਨ੍ਹਾਂ ਪੁਲਾਂ ਦੀ ਮੁਰੰਮਤ ਤੇ ਵਿਸਤਾਰ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰਾਂ ਨੂੰ ਅਜਿਹੇ ਸਾਰੇ ਪੁਲਾਂ ਦੀ ਸੂਚੀ ਦੇਣ ਲਈ ਆਖਿਆ ਤਾਂ ਕਿ ਇਹ ਸੂਚੀ ਫੌਜ ਦੀ ਅਥਾਰਟੀ ਨੂੰ ਸੌਂਪੀ ਜਾ ਸਕੇ।
ਮੁੱਖ ਮੰਤਰੀ ਨੇ ਦੱਸਿਆ ਕਿ ਭਵਿੱਖ ਵਿੱਚ ਹੜ੍ਹਾਂ ਦੀ ਰੋਕਥਾਮ ਲਈ ਬਿਆਸ ਦਰਿਆ ਵਿੱਚ ਰੋਕਾਂ (ਸਪਰ) ਦੀ ਉਸਾਰੀ ਲਈ ਉਹ ਕੇਂਦਰ ਸਰਕਾਰ ਵੱਲੋਂ ਫੰਡਾਂ ਦਾ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੀਆਂ ਰੋਕਾਂ ਪਾਣੀ ਦੇ ਵਹਾਅ ਲਈ ਦਰਿਆਵਾਂ ਦੇ ਕਿਨਾਰਿਆਂ ਦੀ ਸੁਰੱਖਿਆ ਵਾਸਤੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਪੈਣ ਅਤੇ ਉੱਥੇ ਦੇ ਡੈਮਾਂ ਤੋਂ ਪਾਣੀ ਛੱਡਣ ਨਾਲ ਹੀ ਮੁੱਖ ਤੌਰ ‘ਤੇ ਬਿਆਸ ਵਿੱਚ ਹੜ੍ਹ ਆਉਂਦਾ ਹੈ।
ਇਸ ਦੌਰਾਨ ਅੱਜ ਸਵੇਰੇ 11 ਵਜੇ ਤੱਕ ਪਾਣੀ ਦੇ ਪੱਧਰ ਬਾਰੇ ਜਲ ਸਰੋਤ ਵਿਭਾਗ ਦੇ ਡਾਟੇ ਅਨੁਸਾਰ ਪੌਂਗ ਡੈਮ ਦੇ ਪਾਣੀ ਦਾ ਪੱਧਰ ਵੱਧ ਤੋਂ ਵੱਧ 1390 ਫੁੱਟ ਦੀ ਸਮਰਥਾ ਦੇ ਮੁਕਾਬਲੇ ਇਸ ਵੇਲੇ 1391.20 ਫੁੱਟ ਹੈ। ਮੁੱਖ ਮੰਤਰੀ ਨੂੰ ਅਧਿਕਾਰੀਆਂ ਨੇ ਜਾਣੂੰ ਕਰਵਾਇਆ ਕਿ ਭਾਵੇਂ ਪਾਣੀ ਦਾ ਪੱਧਰ ਵੱਧ ਹੈ ਪਰ ਮੀਂਹ ਰੁਕ ਜਾਣ ਕਰਕੇ ਸਥਿਤੀ ਕਾਬੂ ਹੇਠ ਹੈ। ਇਸੇ ਤਰ•ਾਂ ਭਾਖੜਾ ਦੇ ਪਾਣੀ ਦਾ ਪੱਧਰ ਵੱਧ ਤੋਂ ਵੱਧ 1680 ਫੁੱਟ ਦੀ ਸਮਰਥਾ ਦੇ ਮੁਕਾਬਲੇ 1660.24 ਫੁੱਟ ਹੈ ਅਤੇ ਰਣਜੀਤ ਸਾਗਰ ਡੈਮ ਜਿੱਥੇ ਰਾਵੀ ਦਰਿਆ ਦਾ ਪਾਣੀ ਪੈਂਦਾ ਹੈ, ਦੇ ਪਾਣੀ ਦਾ ਪੱਧਰ ਵੱਧ ਤੋਂ ਵੱਧ 527.91 ਮੀਟਰ ਦੇ ਮੁਕਾਬਲੇ 526.67 ਮੀਟਰ ਹੈ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਤੋਂ ਬੁੱਧਵਾਰ ਸਵੇਰ ਨੂੰ ਪ੍ਰਾਪਤ ਸੂਚਨਾ ਮੁਤਾਬਿਕ ਆਉਂਦੇ ਦਿਨਾਂ ਵਿੱਚ ਮੌਸਮ ਸਾਫ ਰਹੇਗਾ ਅਤੇ ਸਿਰਫ 28 ਅਤੇ 29 ਸਤੰਬਰ ਨੂੰ ਦੱਖਣੀ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਮੁੱਖ ਮੰਤਰੀ ਦਫ਼ਤਰ ਨੂੰ ਅੰਕੜਿਆਂ ਦਾ ਹਵਾਲਾ ਦਿੰਦਿਆ ਜਾਣੂੰ ਕਰਵਾਇਆ ਕਿ ਅਗਲੇ ਤਿੰਨ ਤੋਂ ਚਾਰ ਦਿਨਾਂ ਦੌਰਾਨ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ ਅਤੇ ਸਿਰਫ਼ ਕਿਸੇ ਇਕ ਅੱਧ ਥਾਂ ‘ਤੇ ਕਿਣ-ਮਿਣ ਹੋ ਸਕਦੀ ਹੈ।
ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਖੇਮਕਰਨ ਸੁਖਪਾਲ ਸਿੰਘ ਭੁਲੱਰ, ਵਿਧਾਇਕ ਪੱਟੀ ਹਰਮਿੰਦਰ ਸਿੰਘ ਗਿੱਲ, ਵਿਧਾਇਕ ਤਰਨਤਾਰਨ ਡਾ. ਧਰਮਵੀਰ ਅਗਨੀਹੋਤਰੀ, ਵਿਧਾਇਕ ਸੁਲਤਾਨਪੁਰ ਲੋਧੀ ਨਵਤੇਜ ਸਿੰਘ ਚੀਮਾ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਸੱਭਰਵਾਲ, ਆਈ.ਜੀ. ਐਸ.ਪੀ.ਐਸ ਪਰਮਾਰ, ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਾਇਬ, ਆਈ.ਜੀ. ਨੌਨਿਹਾਲ ਸਿੰਘ, ਐਸ.ਐਸ.ਪੀ. ਕਪੂਰਥਲਾ ਸਤਿੰਦਰ ਸਿੰਘ ਅਤੇ ਐਸ.ਐਸ.ਪੀ ਤਰਨਤਾਰਨ ਦਰਸ਼ਨ ਸਿੰਘ ਮਾਨ ਹਾਜ਼ਰ ਸਨ।

Leave a Reply

Your email address will not be published. Required fields are marked *