ਅਕਾਲੀ ਦਲ ਨੇ ਪੰਥ ਨੂੰ ਦਾਅ ‘ਤੇ ਲਗਾ ਕੇ ਪੰਥ ਨਾਲ ਕੀਤੀ ਗੰਦਾਰੀ : ਸੁਨੀਲ ਜਾਖੜ
ਲੰਬੀ ਰੈਲੀ ਨੂੰ ਲੈ ਕੇ ਕਾਂਗਰਸ ਵਿਧਾਇਕਾਂ ਨੇ ਰੂਪ ਰੇਖਾ ਉਲੀਕੀ
ਚੰਡੀਗੜ੍ਹ 27 ਸਤੰਬਰ (ਮਧੂਸਾਰ ਬਿਊਰੋ) ਲੰਬੀ ‘ਚ ਰੈਲੀ ਕੀਤੇ ਜਾਣ ਤੋਂ ਪਹਿਲਾਂ ਪੰਜਾਬ ਕਾਂਗਰਸ ਭਵਨ ‘ਚ ਵਿਧਾਇਕਾਂ ਨੇ ਮੀਟਿੰਗ ਸੱਦਕੇ ਰੈਲੀ ਦੀਆਂ ਤਿਆਰੀਆਂ ਸਬੰਧੀ ਚਰਚਾ ਕੀਤੀ। ਮੀਟਿੰਗ ‘ਚ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ 7 ਅਕਤੂਬਰ ਦੀ ਰੈਲੀ ਅਕਾਲੀ ਦਲ ਨੂੰ ਜਵਾਬ ਦੇਣ ਲਈ ਹੈ, ਜਿਨ੍ਹਾਂ ਨੇ ਪੰਥ ਨਾਲ ਗੱਦਾਰੀ ਕੀਤੀ ਹੈ। ਇਕ ਸਵਾਲ ਦੇ ਜਵਾਬ ‘ਚ ਜਾਖੜ ਨੇ ਕਿਹਾ ਕਿ ਜਦੋਂ ਵੀ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਕਿਸਾਨਾਂ ਦਾ ਦੁੱਖ ਦਰਦ ਜਾਣ ਕੇ ਬਾਹ ਫੜੀ ਹੈ।
ਜਾਖੜ ਨੇ ਆਖਿਆ ਕਿ ਲੰਬੀ ਹਲਕੇ ਵਿਚ ਰੈਲੀ ਕਰਨ ਦਾ ਉਦੇਸ਼ ਸ਼੍ਰੋਮਣੀ ਅਕਾਲੀ ਦਲ ਦੇ ਉਨਾਂ ਆਗੂਆਂ ਦਾ ਦੋਹਰਾ ਚਿਹਰਾ ਆਮ ਲੋਕਾਂ ਵਿਚ ਨੰਗਾ ਕਰਨਾ ਹੈ ਜਿੰਨਾਂ ਨੇ ਸਾਰੀ ਉਮਰ ਪੰਥ ਦੇ ਨਾਂਅ ਤੇ ਸਿਆਸਤ ਕੀਤੀ ਪਰ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਉਸੇ ਪੰਥ ਨੂੰ ਦਾਅ ਤੇ ਲਗਾ ਕੇ ਪੰਥ ਨਾਲ ਗਦਾਰੀ ਕਰ ਲਈ। ਉਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਕਾਰਜਕਾਲ ਵਿਚ ਵਾਪਰੀਆਂ ਘਟਨਾਵਾਂ ਦੀ ਜਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਹਨ। ਉਨਾਂ ਨੇ ਕਿਹਾ ਕਿ ਬੇਅਦਵੀਆਂ ਅਤੇ ਉਸਤੋਂ ਬਾਅਦ ਬਹਿਬਲ ਕਲਾ ਗੋਲੀ ਕਾਂਡ ਅਕਾਲੀ ਦਲ ਦੇ ਮੱਥੇ ਦਾ ਕਲੰਕ ਬਣ ਚੁੱਕਾ ਹੈ ਅਤੇ ਇਸਦੇ ਆਗੂ ਇਹ ਦਾਗ ਧੋ ਨਹੀਂ ਸਕਣਗੇ।
ਸ੍ਰੀ ਜਾਖੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਬਹਿਬਲ ਕਲਾ ਗੋਲੀਕਾਂਡ ਸਮੇਂ ਸੂਬੇ ਦੇ ਗ੍ਰਹਿ ਮੰਤਰੀ ਸਨ ਅਤੇ ਪੰਜਾਬ ਦੇ ਲੋਕਾਂ ਵੱਲੋਂ ਵਾਰ ਵਾਰ ਪੁੱਛੇ ਜਾਣ ਤੇ ਵੀ ਉਹ ਅੱਜ ਤੱਕ ਇਹ ਜਵਾਬ ਨਹੀਂ ਦੇ ਪਾਏ ਕਿ ਬਹਿਬਲ ਕਲਾਂ ਵਿਚ ਗੋਲੀ ਕਿਸ ਦੇ ਹੁਕਮ ਤੇ ਚਲਾਈ ਗਈ ਸੀ।
ਸ੍ਰੀ ਜਾਖੜ ਨੇ ਕਿਹਾ ਕਿ ਜਦ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਹਲਕੇ ਵਿਚ ਰੈਲੀ ਕਰਨ ਦਾ ਐਲਾਣ ਕੀਤਾ ਹੈ ਪੰਜਾਬ ਦੇ ਲੋਕਾਂ ਵਿਚ ਇਸ ਰੈਲੀ ਪ੍ਰਤੀ ਵੱਡਾ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਉਨਾਂ ਨੇ ਕਿਹਾ ਕਿ ਇਸ ਰੈਲੀ ਵਿਚ ਇਤਿਹਾਸਕ ਇੱਕਠ ਹੋਵੇਗਾ।
ਇਸ ਮੌਕੇ ਸ੍ਰੀ ਜਾਖੜ ਨੇ ਪੰਜਾਬ ਸਰਕਾਰ ਦੀ ਕਾਰਗੁਜਾਰੀ ਦੀ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਦੀ ਕਰਜ ਮਾਫੀ ਦਾ ਇਤਿਹਾਸਕ ਫੈਸਲਾ ਲਾਗੂ ਕੀਤਾ ਹੈ ਜਦ ਕਿ ਕਿਸਾਨਾਂ ਦੀਆਂ ਮੰਡੀਆਂ ਵਿਚੋਂ ਬਿਨਾਂ ਕਿਸੇ ਮੁਸਕਿਲ ਦੇ ਫਸਲਾਂ ਚੁੱਕ ਕੇ ਵੀ ਇਹ ਪ੍ਰਮਾਣਿਤ ਕੀਤਾ ਹੈ ਕਿ ਇਸ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਨੂੰ ਕਿੰਨੀ ਤਰਜੀਹ ਦਿੱਤੀ ਜਾ ਰਹੀ ਹੈ।
ਬੈਠਕ ਵਿਚ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸ: ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸ: ਮਨਪ੍ਰੀਤ ਸਿੰਘ ਬਾਦਲ, ਸ: ਸੁਖਜਿੰਦਰ ਸਿੰਘ ਰੰਧਾਵਾ, ਸ: ਸੁਖਬਿੰਦਰ ਸਿੰਘ ਸਰਕਾਰੀਆ, ਰਾਣਾ ਗੁਰਮੀਤ ਸਿੰਘ ਸੋਢੀ, ਸ: ਗੁਰਪ੍ਰੀਤ ਸਿੰਘ ਕਾਂਗੜ, ਸ੍ਰੀਮਤੀ ਰਜੀਆ ਸੁਲਤਾਨਾ, ਸ੍ਰੀ ਭਾਰਤ ਭੂਸ਼ਣ ਆਸੂ, ਸ੍ਰੀ ਵਿਜੇਂਦਰ ਸਿੰਗਲਾ ਆਦਿ ਵੀ ਹਾਜਰ ਸਨ।

