ਪਟਿਆਲਾ

ਦੁਧਨਸਾਧਾਂ ਵਿਖੇ ਚਲ ਰਹੇ ਗੈਰ ਕਾਨੂੰਨੀ ਗੁਰੂ ਕ੍ਰਿਪਾ ਫਾਊਂਡੇਸ਼ਨ, ਨਸ਼ਾ ਕਾਊਂਸਲਿੰਗ ਅਤੇ ਰਿਹੈਬਲੀਟੇਸ਼ਨ ਸੈਂਟਰ ਕੀਤਾ ਸੀਲ

ਸੈਂਟਰ ਵਿਚ ਮੌਜੂਦ 22 ਵਿਅਕਤੀਆਂ ਵਿਚੋਂ 18 ਨੂੰ ਕੀਤਾ ਰਿਹਾਅ ਅਤੇ 4 ਨੂੰ ਕਰਵਾਇਆ ਸਕੇਤ ਹਸਪਤਾਲ, ਪਟਿਆਲਾ ਵਿਚ ਦਾਖਲ
ਪਟਿਆਲਾ 4 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸਿਵਲ ਸਰਜਨ, ਪਟਿਆਲਾ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾਂ ਮਿਲੀ ਸੀ ਕਿ ਦੁਧਨਸਾਧਾਂ ਦੀ ਅਨਾਜ ਮੰਡੀ ਵਿਚ ਇੱਕ ਗੈਰ ਕਾਨੂੰਨੀ ਤੌਰ ਤੇ ਡਰੱਗ ਕਾਊਂਸਲਿੰਗ ਅਤੇ ਰਿਹੈਬਲੀਟੇਸ਼ਨ ਸੈਂਟਰ ਚਲਾਇਆ ਜਾ ਰਿਹਾ ਹੈ।

ਸੈਂਟਰ ਦੀ ਚੈਕਿੰਗ ਕਰਵਾਉਣ ਲਈ ਸਿਵਲ ਸਰਜਨ, ਪਟਿਆਲਾ ਡਾ. ਮਨਜੀਤ ਸਿੰਘ ਵਲੋਂ ਇੱਕ ਟੀਮ ਡਿਪਟੀ ਮੈਡੀਕਲ ਕਮਿਸ਼ਨਰ, ਪਟਿਆਲਾ, ਡਾ. ਐਮ.ਐਸ. ਧਾਲੀਵਾਲ ਦੀ ਅਗਵਾਈ ਵਿਚ ਮੌਕੇ ਉੱਪਰ ਹੀ ਬਣਾਈ ਗਈ। ਜਿਸ ਵਿਚ ਸੀਨੀਅਰ ਮੈਡੀਕਲ ਅਫਸਰ, ਪ੍ਰਾਇਮਰੀ ਸਿਹਤ ਕੇਂਦਰ, ਦੁਧਨਸਾਧਾਂ ਡਾ. ਭੁਪਿੰਦਰ ਕੌਰ, ਰਜਿੰਦਰਾ ਹਸਪਤਾਲ, ਪਟਿਆਲਾ ਤੋਂ ਸਾਇਕੈਟ੍ਰਿਸਟ ਡਾ. ਰਾਹੁਲ ਸਿੰਘ, ਮੈਡੀਕਲ ਅਫਸਰ ਦੁਧਨਸਾਧਾਂ ਡਾ.ਜਸਵੀਰ ਭੱਟੀ, ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀ ਵਰਿੰਦਰ ਟਿਵਾਣਾ ਅਤੇ ਡਰੱਗ ਕੰਟਰੋਲਰ ਅਫਸਰ ਸ਼੍ਰੀ ਰੋਹਿਤ ਕਾਲੜਾ ਅਤੇ ਸ਼੍ਰੀ ਅਮਨਦੀਪ ਵਰਮਾ ਸ਼ਾਮਲ ਸਨ, ਨੇ ਪੁਲਿਸ ਚੌਂਕੀ ਰੋਹੜ ਜਗੀਰ ਦੇ ਏ.ਐਸ.ਆਈ. ਦਰਸ਼ਨ ਸਿੰਘ ਦੀ ਅਗਵਾਈ ਵਾਲੀ ਟੀਮ ਨਾਲ ਸਾਂਝੇ ਤੌਰ ਤੇ ਗੁਰੂ ਕ੍ਰਿਪਾ ਫਾਊਂਡੇਸ਼ਨ, ਡਰੱਗ ਕਾਉਂਸਲਿੰਗ ਅਤੇ ਰਿਹੈਬਲੀਟੇਸ਼ਨ ਸੈਂਟਰ ਦੀ ਚੈਕਿੰਗ ਕੀਤੀ। ਇਸ ਸੈਂਟਰ ਨੂੰ ਇੰਦਰਜੀਤ ਸਿੰਘ ਪੁੱਤਰ ਬਲਵੰਤ ਸਿੰਘ ਚਲਾ ਰਿਹਾ ਸੀ। ਟੀਮ ਵਲੋਂ ਮੌਕੇ ਤੇ ਇੰਦਰਜੀਤ ਸਿੰਘ ਨੂੰ ਰਿਹੈਬਲੀਟੇਸ਼ਨ ਸੈਂਟਰ ਚਲਾਉਣ ਦਾ ਲਾਇਸੈਂਸ ਪੇਸ਼ ਕਰਨ ਲਈ ਕਿਹਾ ਗਿਆ ਪ੍ਰੰਤੂ ਮੌਕੇ ਤੇ ਉਸ ਕੋਲ ਡਰੱਗ ਕਾਊਂਸਲਿੰਗ ਅਤੇ ਰਿਹੈਬਲੀਟੇਸ਼ਨ ਸੈਂਟਰ ਚਲਾਉਣ ਦਾ ਕੋਈ ਵੀ ਲਾਇਸੈਂਸ ਅਤੇ ਹੋਰ ਕੋਈ ਦਸਤਾਵੇਜ ਮੋਜੂਦ ਨਹੀਂ ਸੀ। ਮੌਕੇ ਤੇ ਮੁਆਇਨਾ ਲੈਣ ਤੇ ਟੀਮ ਨੂੰ ਪਤਾ ਲੱਗਾ ਕਿ ਸੈਂਟਰ ਵਿਚ 22 ਮਰੀਜ ਇਲਾਜ ਕਰਵਾਉਣ ਲਈ ਦਾਖਲ ਹਨ। ਸੈਂਟਰ ਦੇ ਐਮ.ਡੀ. ਇੰਦਰਜੀਤ ਸਿੰਘ ਕੋਲ ਕਾਊਂਸਲਿੰਗ ਸੈਂਟਰ ਚਲਾਉਣ ਦਾ ਕੋਈ ਲਾਇਸੈਂਸ ਨਾ ਹੋਣ ਦਾ ਸਖਤ ਨੋਟਿਸ ਲੈਂਦਿਆ ਸਿਵਲ ਸਰਜਨ ਪਟਿਆਲਾ ਦੇ ਹੁਕਮਾਂ ਅਨੁਸਾਰ ਇਨ੍ਹਾਂ 22 ਮਰੀਜਾਂ ਵਿਚੋਂ 18 ਮਰੀਜਾਂ ਨੂੰ ਰਿਹਾਅ ਕਰਵਾ ਕੇ ਬੱਚਿਆਂ ਦੇ ਮਾਤਾ ਪਿਤਾ ਨਾਲ ਗੱਲ ਕਰਕੇ ਉਨ੍ਹਾਂ ਦੇ ਘਰਾਂ ਨੂੰ ਭੇਜ਼ ਦਿੱਤਾ ਅਤੇ 04 ਮਰੀਜ ਜੋ ਕਿ ਆਪਣਾ ਇਲਾਜ ਅਜੇ ਚਾਲੂ ਰੱਖਣਾ ਚਾਹੁੰਦੇ ਸਨ, ਨੂੰ ਟੀਮ ਵਲੋਂ ਪਟਿਆਲਾ ਦੇ ਸਾਕੇਤ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ। ਟੀਮ ਦੇ ਇੰਚਾਰਜ ਡਾ. ਐਮ.ਐਸ. ਧਾਲੀਵਾਲ ਨੇ ਦੱਸਿਆ ਕਿ ਮੌਕੇ ਤੇ ਇਸ ਸੈਂਟਰ ਦੀ ਤਲਾਸ਼ੀ ਲੈਣ ਤੇ ਭਾਵੇਂ ਕੋਈ ਵੀ ਗੈਰਕਾਨੂੰਨੀ ਦਵਾਈਆਂ ਪ੍ਰਾਪਤ ਨਹੀ ਹੋਈਆਂ ਅਤੇ ਦਾਖਲ ਮਰੀਜਾਂ ਵਲੋਂ ਵੀ ਉਨ੍ਹਾਂ ਤੇ ਕੋਈ ਤਸ਼ੱਦਦ ਨਾ ਹੋਣ ਬਾਰੇ ਦੱਸਿਆ ਗਿਆ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਆਂ ਕਿ ਸੈਟਰ ਵਚ ਭਾਵੇਂ ਕੋਈ ਵੀ ਗੈਰਕਾਨੂੰਨੀ ਦਵਾਈਆਂ ਪ੍ਰਾਪਤ ਨਹੀ ਹੋਈਆਂ ਪਰ ਸਰਕਾਰ ਦੀਆਂ ਗਾਇਡਲਾਇਨਾਂ ਅਨੁਸਾਰ ਸੈਂਟਰ ਦੇ ਮਾਲਕ ਕੋਲ ਨਸ਼ਾ ਕਾਊਂਸਲਿੰਗ ਅਤੇ ਰਿਹੈਬਲੀਟੇਸ਼ਨ ਸੈਂਟਰ ਦਾ ਲਾਇਸੈਂਸ ਨਾ ਹੋਣ ਕਾਰਨ ਇਸ ਸੈਂਟਰ ਨੂੰ ਟੀਮ ਵਲੋਂ ਪੁਲਿਸ ਅਤੇ ਸੈਂਟਰ ਚਲਾਉਣ ਵਾਲੇ ਮਾਲਕ ਦੀ ਮੌਜੂਦਗੀ ਵਿਚ ਸੀਲ ਕਰਕੇ ਬੰਦ ਕਰ ਦਿੱਤਾ ਗਿਆ ਹੈ।ਉਹਨਾਂ ਦੱਸਿਆਂ ਕਿ ਇਸ ਸਬੰਧੀ ਉਚ ਅਧਿਕਾਰੀਆਂ ਨੂੰ ਰਿਪੋਰਟ ਬਣਾ ਕੇ ਭੇਜੀ ਜਾਵੇਗੀ ਅਤੇ ਸੈਂਟਰ ਦੇ ਮਾਲਕ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *