ਪੰਜਾਬਪਟਿਆਲਾ

ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਨਾਲ ਧਰਨੇ ‘ਤੇ ਬੈਠੇ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ

ਦੇਸ਼ ਦੇ ਨਿਰਮਾਤਾਵਾਂ ਦੇ ਹੱਕਾਂ ‘ਤੇ ਡਾਕਾ ਮਾਰ ਕੇ ਸਰਕਾਰ ਨੇ ਦਿੱਤਾ ਤਾਨਾਸ਼ਾਹੀ ਦਾ ਸਬੂਤ : ਚੰਦੂਮਾਜਰਾ
ਪਟਿਆਲਾ, 9 ਅਕਤੁਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਸਾਹਮਣੇ ਮਿੰਨੀ ਬੱਸ ਸਟੈਂਡ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ‘ਤੇ ਬੈਠੇ ਅਧਿਆਪਕਾਂ ਦੇ ਹੱਕ ਵਿਚ ਅੱਜ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨਿਤਰੇ ਅਤੇ ਅਧਿਆਪਕਾਂ ਨਾਲ ਬਹਿ ਕੇ ਸਰਕਾਰ ਦੇ ਖਿਲਾਫ ਖੁੱਲ੍ਹ ਕੇ ਨਾਅਰੇਬਾਜ਼ੀ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੇ ਨਿਰਮਾਤਾਵਾਂ ਦੇ ਹੱਕਾਂ ‘ਤੇ ਡਾਕਾ ਮਾਰ ਕੇ ਸਰਕਾਰ ਨੇ ਤਾਨਾਸ਼ਾਹੀ ਦਾ ਵੱਡਾ ਸਬੂਤ ਦਿੱਤਾ ਹੈ। ਉਨ੍ਹਾਂ ਸਰਕਾਰ ਦੇ ਇਸ ਫਰਮਾਨ ਨੂੰ ਨਾਦਰਸ਼ਾਹੀ ਫਰਮਾਨ ਕਰਾਰ ਦਿੱਤਾ। ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਦੇਸ਼ ਦਾ ਭਵਿੱਖ ਬਣਾਉਣ ਵਾਲੇ ਅਧਿਆਪਕਾਂ ਦੇ ਹੱਕਾਂ ‘ਤੇ ਡਾਕਾ ਹੈ। ਜੇਕਰ ਦੇਸ਼ ਦਾ ਭਵਿੱਖ ਬਣਾਉਣ ਵਾਲੇ ਅਧਿਆਪਕਾਂ ਨਾਲ ਇਸ ਤਰ੍ਹਾਂ ਦਾ ਜ਼ੁਲਮ ਹੋਵੇਗਾ ਤਾਂ ਉਹ ਕੀ ਦੇਸ਼ ਦਾ ਨਿਰਮਾਣ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਰ ਘਰ ਵਿਚ ਨੌਕਰੀ ਦਾ ਵਾਅਦਾ ਕੀਤਾ ਸੀ ਪਰ ਹਰ ਘਰ ਨੌਕਰੀ ਤਾਂ ਕੀ ਦੇਣੀ ਸੀ ਉਲਟਾ ਨੌਕਰੀਆਂ ਖੋਹਣ ‘ਤੇ ਉਤਾਰੂ ਹੋ ਗਏ। ਪਹਿਲਾਂ 800 ਸਕੂਲ ਬੰਦ ਕੀਤੇ। ਹੁਣ ਅਧਿਆਪਕਾਂ ਦੀਆਂ ਤਨਖਾਹਾਂ ਘਟਾ ਕੇ ਉਨ੍ਹਾਂ ਨੂੰ ਨੌਕਰੀ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਕਿਸਾਨਾਂ ਨੂੰ ਲੁੱਟਿਆ ਫਿਰ ਮਜ਼ਦੂਰਾਂ ਦੇ ਹੱਕਾਂ ‘ਤੇ ਡਾਕੇ ਮਾਰੇ ਅਤੇ ਹੁਣ ਅਧਿਆਪਕਾਂ ਨੂੰ ਬੇਰੁਜ਼ਗਾਰ ਕਰਨ ‘ਤੇ ਉਤਾਰੂ ਹੋਈ ਪਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ। ਪਹਿਲਾਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਅਤੇ ਹੁਣ ਤਸ਼ੱਦਦ ਕਰਨ ‘ਤੇ ਉਤਾਰੂ ਹੋਈ ਪਈ ਹੈ। ਪਹਿਲਾਂ ਕਰਜਾ ਮੁਆਫੀ ਦੇ ਨਾਮ ‘ਤੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਅਤੇ ਹੁਣ ਨੌਜਵਾਨਾਂ ਨੂੰ ਰੁਜ਼ਗਾਰ ਤਾਂ ਕੀ ਦੇਣਾ ਸੀ ਉਨ੍ਹਾਂ ਦਾ ਰੁਜ਼ਗਾਰ ਖੋਹਿਆ ਜਾ ਰਿਹਾ ਹੈ। ਪਹਿਲੀ ਸਰਕਾਰ ਅਜਿਹੀ ਆਈ ਹੈ, ਜਿਸ ਨੇ ਤਨਖਾਹਾਂ ਵਿਚ ਵਾਧਾ ਤਾਂ ਕੀ ਕਰਨਾ ਸੀ, ਉਲਟਾ ਅਧਿਆਪਕਾਂ ਦੀਆਂ ਤਨਖਾਹਾਂ ਘਟਾਈਆਂ ਜਾ ਰਹੀਆਂ ਹਨ, ਜਿਸ ਨੂੰ ਅਕਾਲੀ ਦਲ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗਾ। ਸਰਕਾਰ ਦੇ ਇਸ ਨਾਦਰਸਾਹੀ ਫਰਮਾਨ ਦਾ ਸੜਕਾਂ ‘ਤੇ ਵਿਰੋਧ ਕਰਨ ਦੇ ਨਾਲ ਨਾਲ ਉਹ ਵਿਧਾਨ ਸਭਾ ਵਿਚ ਵੀ ਇਸ ਮਸਲੇ ਨੂੰ ਜ਼ੋਰ ਨਾਲ ਉਠਾਉਣਗੇ। ਇਸ ਮੌਕੇ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਜਗਜੀਤ ਸਿੰਘ ਕੋਹਲੀ, ਸੁਖਮਿੰਦਰਪਾਲ ਸਿੰਘ ਮਿੰਟਾ, ਸੁਖਬੀਰ ਸਿੰਘ ਅਬਲੋਵਾਲ, ਐਡਵੋਕੇਟ ਮੂਸਾ ਖਾਨ, ਜਸਵਿੰਦਰਪਾਲ ਚੱਢਾ, ਪਲਵਿੰਦਰ ਰਿੰਕੂ ਅਤੇ ਹੋਰ ਆਗੂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *