ਕੌਮੀ ਲੋਕ ਅਦਾਲਤ 8 ਦਸੰਬਰ ਅਤੇ ਸਪੈਸ਼ਲ ਲੋਕ ਅਦਾਲਤ 17 ਨਵੰਬਰ ਨੂੰ ਲੱਗੇਗੀ
ਪਟਿਆਲਾ, 9 ਅਕਤੂਬਰ (ਮਧੂਸਾਰ ਬਿਊਰੋ) ਸ੍ਰੀ ਸੰਜੀਵ ਬੈਰੀ, ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਤਿਮਾਹੀ ਮੀਟਿੰਗ ਕੀਤੀ। ਜ਼ਿਲ੍ਹੇ ਵਿੱਚ ਨਿਆਂ ਪ੍ਰਬੰਧਨ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸਬੰਧਤ ਵੱਖੋ-ਵੱਖਰੇ ਮਾਮਲਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ 8 ਦਸੰਬਰ ਨੂੰ ਆਉਣ ਵਾਲੀ ਕੌਮੀ ਲੋਕ ਅਦਾਲਤ ਅਤੇ 17 ਨਵੰਬਰ ਨੂੰ ਲੱਗਣ ਵਾਲੀ ਸਪੈਸ਼ਲ ਲੋਕ ਅਦਾਲਤ ਬਾਰੇ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਸ੍ਰੀ ਸੰਜੀਵ ਬੈਰੀ ਨੇ ਦੱਸਿਆ ਕਿ ਆਉਣ ਵਾਲੀ ਕੌਮੀ ਲੋਕ ਅਦਾਲਤ ਵਿੱਚ ਗੈਰ ਰਾਜੀਨਾਮਾ ਯੋਗ ਫੌਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਦੀਵਾਨੀ ਅਤੇ ਮਾਲ (ਰੈਵਨਿਊ) ਕੇਸ ਲਗਾਏ ਜਾਣਗੇ ਅਤੇ ਉਨ੍ਹਾਂ ਦਸਿਆ ਕਿ ਸਪੈਸ਼ਲ ਲੋਕ ਅਦਾਲਤ ਮਿਤੀ 17 ਨਵੰਬਰ ਨੂੰ ਲਗਾਈ ਜਾਵੇਗੀ, ਇਸ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸ ਲਿਆਉਣ ਲਈ ਅਪੀਲ ਕੀਤੀ ਗਈ ਅਤੇ ਦੱਸਿਆ ਗਿਆ ਕਿ ਆਉਣ ਵਾਲੀ ਕੌਮੀ ਲੋਕ ਅਦਾਲਤ ਪਟਿਆਲਾ ਕੋਰਟ ਤੋਂ ਇਲਾਵਾ ਰਾਜਪੁਰਾ, ਸਮਾਣਾ, ਨਾਭਾ ਵਿੱਚ ਵੀ ਸਬ ਡਵੀਜਨ ਪੱਧਰ ‘ਤੇ ਬੈਂਚਾਂ ਦਾ ਗਠਨ ਕੀਤਾ ਜਾਵੇਗਾ ਅਤੇ ਇਸ ਲੋਕ ਅਦਾਲਤ ਵਿੱਚ ਆਈ ਪਾਰਟੀਆਂ/ਲੋਕਾਂ ਨੂੰ ਰਾਜੀਨਾਮੇ ਦੇ ਨਾਲ ਝਗੜੇ ਦਾ ਹੱਲ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ। ਸ੍ਰੀ ਆਸ਼ੀਸ਼ ਕੁਮਾਰ ਬਾਂਸਲ ਸੀ.ਜੇ.ਐਮ.-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸਤੰਬਰ 2018 ਤੱਕ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ। ਉਹਨਾਂ ਨੇ ਦੱਸਿਆ ਕਿ ਇਸ ਤਿਮਾਹੀ ਵਿੱਚ ਦੋ ਕੌਮੀ ਲੋਕ ਅਦਾਲਤਾਂ ਲਗਾਈਆਂ ਗਈਆਂ ਜਿਸ ਵਿੱਚ ਪਟਿਆਲਾ ਡਵੀਜ਼ਨ ਵਿੱਚ ਬਣੇ ਵੱਖੋ-ਵੱਖਰੇ ਬੈਂਚਾਂ ਦੁਆਰਾ 11,654 ਕੇਸ ਰੱਖੇ ਗਏ ਅਤੇ 5,485 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 45,13,20,648/- ਰੁਪਏ ਦੇ ਅਵਾਰਡ ਪਾਸ ਕੀਤੇ ਗਏ।
ਇਸ ਮੌਕੇ ਸ਼੍ਰੀ ਕੁਮਾਰ ਅਮਿਤ, ਆਈ.ਏ.ਐਸ. ਡਿਪਟੀ ਕਮਿਸ਼ਨਰ, ਪਟਿਆਲਾ, ਮਨਦੀਪ ਸਿੰਘ ਸਿੱਧੂ, ਐਸ.ਐਸ.ਪੀ. ਪਟਿਆਲਾ, ਸ੍ਰੀ ਆਸ਼ੀਸ਼ ਕੁਮਾਰ ਬਾਂਸਲ ਸੀ.ਜੇ.ਐਮ.-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ, ਸ਼੍ਰੀਮਤੀ ਪੂਨਮ ਬਾਂਸਲ, ਸੀ.ਜੇ.ਐਮ., ਡਾ. ਮਨਜੀਤ ਸਿੰਘ ਸਿਵਲ ਸਰਜਨ, ਸ੍ਰੀ ਸੰਜੀਵ ਗੁਪਤਾ ਜਿਲ੍ਹਾ ਅਟਾਰਨੀ, ਕੇਂਦਰੀ ਜੇਲ ਪਟਿਆਲਾ ਦੇ ਸੁਪਰਡੈਂਟ ਸ਼੍ਰੀ ਰਾਜਨ ਕਪੂਰ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸ਼੍ਰੀ ਬਿਕਰਜੀਤ ਸਿੰਘ ਭੁੱਲਰ, ਸਕੱਤਰ ਐਡਵੋਕੇਟ ਮਨੀਸ਼ ਮਿੱਤਲ, ਐਸ.ਪੀ. ਹਰਵਿੰਦਰ ਸਿੰਘ ਵਿਰਕ, ਡੀ.ਐਸ.ਪੀ. ਸ. ਸੁਖਮਿੰਦਰ ਸਿੰਘ ਚੌਹਾਨ, ਡੀ.ਐਸ.ਪੀ. ਹਰਬੰਤ ਕੌਰ, ਜ਼ਿਲ੍ਹਾ ਬਾਰ ਸੁਰੱਖਿਆ ਅਫ਼ਸਰ ਮਨਪ੍ਰੀਤ ਕੌਰ ਸੰਧੂ ਅਤੇ ਜ਼ਿਲ੍ਹੇ ਦੀਆਂ ਸਾਰੀਆਂ ਜੇਲ੍ਹਾਂ ਦੇ ਸੁਪਰਡੇਟ ਮੌਜੂਦ ਸਨ।

