ਪੰਜਾਬਪਟਿਆਲਾ

ਦੇਸ਼ ਦੀ ਸੈਨਾ ਹਰ ਅੰਦਰੂਨੀ ਅਤੇ ਬਾਹਰੀ ਚੁਨੌਤੀ ਲਈ ਤਿਆਰ – ਫੌਜ ਮੁਖੀ

ਵਿਦੇਸ਼ੀ ਤਾਕਤਾਂ ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਅਸ਼ਾਂਤੀ ਫੈਲਾਉਣ ਦੀ ਤਾਕ ਵਿੱਚ – ਜਨਰਲ ਬਿਪਨ ਰਾਵਤ
ਪੀ.ਪੀ.ਐਸ. ਨਾਭਾ ਦੇ ਸਥਾਪਨਾ ਦਿਵਸ ਸਮਾਗਮ ਵਿੱਚ ਕੀਤੀ ਸ਼ਿਰਕਤ
ਨਾਭਾ/ਪਟਿਆਲਾ, 4 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਭਾਰਤੀ ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਅੱਜ ਇਸ ਗੱਲ ਨੂੰ ਫਿਰ ਦੁਹਰਾਇਆ ਹੈ ਕਿ ਵਿਦੇਸ਼ੀ ਤਾਕਤਾਂ ਪੰਜਾਬ ਦੇ ਮਾਹੌਲ ਨੂੰ ਮੁੜ ਖਰਾਬ ਕਰਨ ਦੀ ਤਾਕ ਵਿੱਚ ਹਨ। ਉਨ੍ਹਾਂ ਕਿਹਾ ਕਿ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਸਮੇਤ ਕਈ ਵਿਦੇਸ਼ੀ ਤਾਕਤਾਂ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਕਈ ਸੂਬਿਆਂ ਵਿੱਚ ਅਸ਼ਾਂਤੀ ਫੈਲਾਉਣਾ ਚਾਹੁੰਦੀਆਂ ਹਨ। ਉਨ੍ਹਾਂ ਵਿਦੇਸ਼ੀ ਤਾਕਤਾਂ ਦੀਆ ਇੰਨਾ ਕੋਝੀਆਂ ਚਾਲਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਜਨਰਲ ਰਾਵਤ ਅੱਜ ਪੰਜਾਬ ਪਬਲਿਕ ਸਕੂਲ ਨਾਭਾ ਦੇ ਸਥਾਪਨਾ ਦਿਵਸ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਫੌਜ ਮੁਖੀ ਨੇ ਕਿਹਾ ਕਿ ਦੇਸ਼ ਦੇ ਲੋਕ ਵਿਦੇਸ਼ੀ ਤਾਕਤਾਂ ਦੇ ਇੰਨਾ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।

ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਜਨਰਲ ਰਾਵਤ ਨੇ ਕਿਹਾ ਕਿ ਭਾਰਤੀ ਫੌਜ ਨੇ ਕੇਂਦਰੀ ਤੇ ਸੂਬਿਆ ਦੀਆ ਖੁਫੀਆਂ ਏਜੰਸੀਆਂ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ ਅਤੇ ਦੇਸ਼ ਦੀ ਸੈਨਾ ਹਰ ਅੰਦਰੂਨੀ ਅਤੇ ਬਾਹਰੀ ਚੁਨੌਤੀ ਦਾ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਹੈ।
ਇਸ ਮੌਕੇ ਫੌਜ ਮੁਖੀ ਜਨਰਲ ਬਿਪਨ ਰਾਵਤ ਨੇ ਸਕੂਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਤੋਂ ਪ੍ਰਭਾਵਿਤ ਹੁੰਦਿਆਂ ਕਿਹਾ ਕਿ ਇਸ ਸਕੂਲ ਦੇ ਵਿਦਿਆਰਥੀਆਂ ਲਈ ਫੌਜ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਹਨ। ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਅਜਿਹੀ ਉੱਚ ਦਰਜੇ ਦੀ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਜਿਸ ਕਾਰਨ ਉਹ ਹਰੇਕ ਖੇਤਰ ਵਿੱਚ ਕਾਮਯਾਬੀ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਚੰਗੇ ਭਵਿੱਖ ਲਈ ਅਜਿਹੇ ਸਕੂਲਾਂ ਦਾ ਹੋਣਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਫੌਜ ਮੁਖੀ ਜਨਰਲ ਬਿਪਨ ਰਾਵਤ ਨੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨਾਲ ਮਿਲਣੀ ਕੀਤੀ ਉਸ ਉਪਰੰਤ ਪੰਜਾਬ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕਰਕੇ ਭਾਰਤੀ ਸੈਨਾ ਮੁਖੀ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਪੰਜਾਬ ਪਬਲਿਕ ਸਕੂਲ ਦੇ ਹੈਡਮਾਸਟਰ ਡਾ. ਜਗਪ੍ਰੀਤ ਸਿੰਘ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਅਤੇ ਸਕੂਲ ਦੀਆਂ ਉਪਲਬਧੀਆਂ ਦਾ ਜ਼ਿਕਰ ਕੀਤਾ। ਇਸ ਉਪਰੰਤ ਸਕੂਲ ਦੇ ਪੁਰਾਣੇ ਵਿਦਿਆਰਥੀ ਖਰੜ ਤੋਂ ਵਿਧਾਨ ਸਭਾ ਮੈਂਬਰ ਸ਼੍ਰੀ ਕੰਵਰ ਸੰਧੂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਦਲੇ ਫੌਜ ਮੁਖੀ ਨੇ ਰੋਲ ਆਫ਼ ਆਨਰ ਐਵਾਰਡ ਪ੍ਰਦਾਨ ਕੀਤਾ ਅਤੇ ਸਕੂਲ ਨੂੰ ਦਿੱਤੀਆਂ ਸੇਵਾਵਾਂ ਬਦਲੇ ਸਕੂਲ ਦੇ ਪੁਰਾਣੇ ਅਧਿਆਪਕ ਬਰਜਿੰਦਰਾ ਐਸ. ਭਟਨਾਗਰ ਨੂੰ ਜਨਰਲ ਬਿਪਨ ਰਾਵਤ ਵੱਲੋਂ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਪੰਜਾਬ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇਸ ਮੌਕੇ ਪੀ.ਟੀ. ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਅਤੇ ਸਕੂਲੀ ਵਿਦਿਆਰਥੀਆਂ ਵੱਲੋਂ ਮਨਮੋਹਕ ਢੰਗ ਨਾਲ ਬਰਾਸ ਬੈਂਡ ਦੀ ਵੀ ਪੇਸ਼ਕਾਰੀ ਕੀਤੀ ਗਈ। ਇਸ ਉਪਰੰਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਤਾਇਕਮਾਡੋਂ ਅਤੇ ਅੰਤ ਵਿੱਚ ਵਿਦਿਆਰਥੀਆਂ ਵੱਲੋਂ ਘੋੜ ਸਵਾਰੀ ਦੇ ਸ਼ਾਨਦਾਰ ਕਰਤਬ ਪੇਸ਼ ਕੀਤੇ ਗਏ।
ਇਸ ਮੌਕੇ ਫੌਜ ਮੁਖੀ ਜਨਰਲ ਬਿਪਨ ਰਾਵਤ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਚੰਗਾ ਨਤੀਜਾ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਸ਼੍ਰੀ ਜੈ ਸਿੰਘ ਗਿੱਲ, ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਦੇ ਜੀਓਸੀ-ਇਨ-ਸੀ ਲੈਫਟੀਨੈਟ ਜਨਰਲ ਸੁਰਿੰਦਰ ਸਿੰਘ, ਸਾਬਕਾ ਡਵੀਜ਼ਨਲ ਕਮਿਸ਼ਨਰ ਸ. ਅਜੀਤ ਸਿੰਘ ਪੰਨੂ, ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਵਿੱਚ ਫੌਜ, ਪੁਲਿਸ ਅਤੇ ਪ੍ਰਸ਼ਾਸਨ ਸਮੇਤ ਵਿਦਿਆਰਥੀਆਂ ਦੇ ਮਾਪੇ ਮੌਜੂਦ ਸਨ।

Leave a Reply

Your email address will not be published. Required fields are marked *