ਵਿਮੈਨ ਸਟੱਡੀਜ਼ ਸੈਂਟਰ ਵੱਲੋਂ ਔਰਤਾਂ ਦੀ ਦਸ਼ਾ ਵਿਚਲੇ ਸੁਧਾਰ ਹਿਤ ਚਰਚਾ ਕਰਨ ਲਈ ਦਸਵੀਂ ਅੰਤਰਰਾਸ਼ਟਰੀ ਕਾਨਫਰੰਸ
ਪਟਿਆਲਾ 16 ਨਵੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਮੈਨ ਸਟੱਡੀਜ਼ ਸੈਂਟਰ ਵੱਲੋਂ ਔਰਤਾਂ ਦੀ ਦਸ਼ਾ ਵਿਚਲੇ ਸੁਧਾਰ ਹਿਤ ਚਰਚਾ ਕਰਨ ਲਈ ਦਸਵੀਂ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਦੋ ਦਿਨ ਚੱਲਣ ਵਾਲੀ ਇਸ ਕਾਨਫਰੰਸ ਦਾ ਉਦਘਾਟਨ ਸੈਨੇਟ ਹਾਲ ਵਿਖੇ ਹੋਇਆ।
ਕਾਨਫਰੰਸ ਵਿਚ ਕੁੰਜੀਵਤ ਭਾਸ਼ਣ ਨਵਤੇਜ ਯੂਕੇ ਦੀ ਯੂਨੀਵਰਸਿਟੀ ਆਫ ਲੰਡਨ ਦੇ ਦੱਖਣੀ ਏਸ਼ੀਆਈ ਮੁਲਕਾਂ ਸੰਬੰਧੀ ਵਿਭਾਗ ਦੀ ਡਾਇਰੈਕਟਰ ਨਵਤੇਜ ਕੇ. ਪੁਰੇਵਾਲ ਵੱਲੋਂ ਦਿੱਤਾ ਗਿਆ ਜਦੋਂ ਕਿ ਨੈਸ਼ਨਲ ਕਮਿਸ਼ਨ ਫਾਰ ਵਿਮੈਨ ਦੀ ਚੇਅਰਪਰਸਨ ਰੇਖਾ ਸ਼ਰਮਾ ਇਸ ਉਦਘਾਟਨੀ ਸਮਾਰੋਹ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਇਸ ਸੈਸ਼ਨ ਦੀ ਪ੍ਰਧਾਨਗੀ ਵਾਈਸ-ਚਾਂਸਲਰ ਡਾ. ਬੀ. ਐੱਸ਼ ਘੁੰਮਣ ਵੱਲੋਂ ਕੀਤੀ ਗਈ।
ਜਿੱਥੇ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਡਾ. ਪੁਰੇਵਾਲ ਵਲੋਂ ਏਸ਼ੀਆਈ ਅਤੇ ਯੂਰਪੀ ਮੁਲਕਾਂ ਦੇ ਆਪਸੀ ਤੁਲਨਾਤਮਕ ਅਧਿਐਨ ਰਾਹੀਂ ਔਰਤ ਦੀ ਦਸ਼ਾ ਬਾਰੇ ਗੱਲਾਂ ਕੀਤੀਆਂ ਗਈਆਂ ਉੱਥੇ ਹੀ ਨੈਸ਼ਨਲ ਕਮਿਸ਼ਨ ਫਾਰ ਵਿਮੈਨ ਦੀ ਚੇਅਰਪਰਸਨ ਰੇਖਾ ਸ਼ਰਮਾ ਵੱਲੋਂ ਆਪਣੇ ਤਜ਼ਰਬੇ ਦੇ ਅਧਾਰ ਤੇ ਬਹੁਤ ਸਾਰੇ ਜ਼ਮੀਨੀ ਤੱਥ ਸਾਂਝੇ ਕੀਤੇ ਜੋ ਕਿ ਭਾਰਤੀ ਸਮਾਜ ਵਿਚ ਔਰਤਾਂ ਦੀ ਸਥਿਤੀ ਦਾ ਹੂ-ਬ-ਹੂ ਬਿਆਨ ਕਰਦੇ ਸਨ। ਉਨ੍ਹਾਂ ਕਿਹਾ ਕਿ ਲੜਕੀਆਂ ਨਾਲ ਹੁੰਦੇ ਪੱਖਪਾਤ ਦੀ ਨੀਂਹ ਆਪਣੇ ਹੀ ਘਰ ਵਿਚ ਉਸ ਸਮੇਂ ਰੱਖੀ ਜਾਂਦੀ ਹੈ ਜਦੋਂ ਮਾਂ ਆਪਣੀਆਂ ਇੱਛਾਵਾਂ ਦਾ ਤਿਆਗ ਕਰ ਕੇ ਹਰ ਸਮੇਂ ਘਰ ਦੇ ਮਰਦ ਮੈਂਬਰਾਂ ਦੀਆਂ ਇਛਾਵਾਂ ਨੂੰ ਤਰਜੀਹ ਦਿੰਦੀ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਬੀ. ਐੱਸ਼ ਘੁੰਮਣ ਵੱਲੋਂ ਕਿਹਾ ਗਿਆ ਕਿ ਭਾਰਤੀ ਸਮਾਜ ਵਿਚ ਔਰਤਾਂ ਦੀ ਦਸ਼ਾ ਦੇ ਸੁਧਾਰ ਹਿਤ ਰਾਸ਼ਟਰ ਪੱਧਰ ਤੇ ਪਾਲਿਸੀ ਨਿਰਮਾਣ ਸਮੇਂ ਔਰਤਾਂ ਦੀ ਆਪਣੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿਚ ਯੂਨੀਵਰਸਿਟੀਆਂ ਇਕ ਸਾਰਥਕ ਭੂਮਿਕਾ ਅਦਾ ਕਰ ਸਕਦੀਆਂ ਹਨ। ਉਨ੍ਹਾਂ ਵੱਲੋਂ ਆਪਣੇ ਭਾਸ਼ਣ ਦੌਰਾਨ ਅਕਾਦਮਿਕ ਪੱਧਰ ਤੇ ਹੋਣ ਵਾਲੀ ਖੋਜ਼ ਨੂੰ ਵੱਧ ਤੋਂ ਵੱਧ ਵਿਹਾਰਕ ਹੋਣ ਸੰਬੰਧੀ ਜ਼ੋਰ ਦਿੱਤਾ ਗਿਆ। ਨਾਲ ਹੀ ਉਨ੍ਹਾਂ ਕਿਹਾ ਕਿ ਸਮਾਜਿਕ ਵਿਕਾਸ ਦਾ ਸਿੱਧਾ ਲਾਭ ਆਪਣੇ ਆਪ ਸਮਾਜ ਦੇ ਸਾਰੇ ਹਿੱਸਿਆਂ ਤਕ ਪਹੁੰਚਣਾ ਸੰਭਵ ਨਹੀਂ ਹੁੰਦਾ, ਇਸ ਲਈ ਚੇਤੰਨ ਪੱਧਰ ਤੇ ਕੋਸ਼ਿਸ ਕਰ ਕੇ ਔਰਤਾਂ ਦੇ ਬਣਦੇ ਹੱਕ ਉਨ੍ਹਾਂ ਤਕ ਪਹੁੰਚਾਉਣ ਦੇ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਆਪੋ ਆਪਣੇ ਖੇਤਰ ਵਿਚ ਅਹਿਮ ਪ੍ਰਾਪਤੀਆਂ ਕਰਨ ਬਦਲੇ ਡਾ. ਹਰਸ਼ਿੰਦਰ ਕੌਰ ਅਤੇ ਡਾ. ਅਮਿਤਾ ਰਿਸ਼ੀ ਦਾ ਸਨਮਾਨ ਵੀ ਕੀਤਾ ਗਿਆ ਅਤੇ ਕੁੱਝ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ।ਇਸ ਸੈਸ਼ਨ ਦੌਰਾਨ ਸੈਂਟਰ ਡਾਇਰੈਕਟਰ ਡਾ. ਰਿਤੂ ਲਹਿਲ ਅਤੇ ਕਾਨਫਰੰਸ ਕੋਆਰਡੀਨੇਟਰ ਡਾ. ਨੈਨਾ ਸ਼ਰਮਾ ਵੱਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ ਅਤੇ ਅੰਤ ਵਿਚ ਡਾ. ਜਸਪਾਲ ਕੌਰ ਧੰਜੂ, ਡੀਨ ਕਾਲਜਿਜ਼ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ।

