59 ਸੋਲ ਲੈਬਜ ਬੱਚਿਆਂ ਨੂੰ ਸਮਰਪਿਤ ਕਰਕੇ ਪਟਿਆਲਾ ਜ਼ਿਲ੍ਹਾ ਬਣਿਆ ਮੋਹਰੀ
ਗਿਆਨ ਹੀ ਤਰੱਕੀ ਤੇ ਆਪਣੇ ਹੱਕਾਂ ਤੋਂ ਜਾਣੂ ਕਰਵਾਉਣ ਦਾ ਸਾਧਨ, ਵਿਦਿਆਰਥੀ ਗਿਆਨ ਹਾਸਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨ-ਪਰਨੀਤ ਕੌਰ
ਪਟਿਆਲਾ, 16 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਅੰਤਰ-ਰਾਸ਼ਟਰੀ ਪੱਧਰ ਦੀਆਂ ਤਕਨੀਕਾਂ ਨਾਲ ਲੈਸ ਸਵੈ ਸੰਗਠਿਤ ਸਿੱਖਿਅਤ ਮਾਹੌਲ ਮੁਹੱਈਆ ਕਰਵਾਕੇ ਸਮੇਂ ਦੇ ਹਾਣੀ ਬਣਾਉਣ ਲਈ ਪੰਜਾਬ ਦੇ ਪਹਿਲੇ ਤੇ ਨਿਵੇਕਲੇ ਪ੍ਰਾਜੈਕਟ ਵਜੋਂ ਜ਼ਿਲ੍ਹਾ ਪਟਿਆਲਾ ਦੇ 59 ਸਕੂਲਾਂ ‘ਚ ਕਰੀਬ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੀਆਂ ਗਈਆਂ ਸੋਲ ਲੈਬਜ (ਸੈਲਫ ਆਰਗੇਨਾਈਜ਼ਡ ਲਰਨਿੰਗ ਇਨਵਾਇਰਮੈਂਟ) ਨੂੰ ਪਿੰਡ ਦੌਣਕਲਾਂ ਦੇ ਸਰਕਾਰੀ ਸਕੂਲ ਵਿਖੇ ਇੱਕ ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਗਿਆ। ਇਹ ਲੈਬਜ ਵਿਦਿਆਰਥੀਆਂ ਨੂੰ ਸਮਰਪਿਤ ਕਰਨ ਦੀ ਰਸਮ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਸਾਂਝੇ ਤੌਰ ‘ਤੇ ਨਿਭਾਈ। ਇਹ ਲੈਬਜ ਸਥਾਪਤ ਹੋਣ ਨਾਲ ਪਟਿਆਲਾ ਜ਼ਿਲ੍ਹਾ ਪੰਜਾਬ ਦਾ ਮੋਹਰੀ ਜ਼ਿਲ੍ਹਾ ਬਣ ਗਿਆ ਹੈ।
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਤਰੱਕੀ ਦੇ ਸਾਧਨ ਗਿਆਨ ਅਤੇ ਸਿੱਖਿਆ ਨੂੰ ਗ੍ਰਹਿਣ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨ, ਕਿਉਂਕਿ ਗਿਆਨ ਹੀ ਸਾਨੂੰ ਆਪਣੇ ਹੱਕਾਂ ਦੀ ਜਾਣਕਾਰੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਗਿਆਨ ਦੇ ਯੁੱਗ ‘ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਨਾਲ ਜਾਣਕਾਰੀ ਤੇ ਸਿੱਖਿਆ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਨਿਜੀ ਸੰਸਥਾਵਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਇਸ ਨਿਵੇਕਲੇ ਪ੍ਰਾਜੈਕਟ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਤੇ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਵਧਾਈ ਦੇ ਪਾਤਰ ਹਨ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇੰਟਰਨੈਟ ਦੇ ਇਸ ਅਜੋਕੇ ਯੁੱਗ ‘ਚ ਬੱਚੇ ਬਹੁਤ ਛੇਤੀ ਸਿੱਖਦੇ ਤੇ ਹੁਨਰਮੰਦ ਬਣਦੇ ਹਨ ਇਸ ਲਈ ਇਨ੍ਹਾਂ ਨੂੰ ਅਜਿਹੀ ਆਧੁਨਿਕ ਸਿੱਖਿਆ ਪ੍ਰਦਾਨ ਕਰਨੀ ਬੇਹੱਦ ਜਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਲੈਬ ਦੀ ਸ਼ੁਰੂਆਤ ਮੌਕੇ ਉਨ੍ਹਾਂ ਨੇ ਜੋ ਖੁਸ਼ੀ ਇਨ੍ਹਾਂ ਨੰਨ੍ਹੇ-ਮੁੰਨ੍ਹੇ ਬੱਚਿਆਂ ਦੇ ਚਿਹਰਿਆਂ ‘ਤੇ ਕੰਪਿਊਟਰ ਉਪਰ ਕੁਝ ਸਿੱਖਦੇ ਹੋਏ ਦੇਖੀ ਹੈ, ਉਹ ਦੱਸੀ ਨਹੀਂ ਜਾ ਸਕਦੀ ਅਤੇ ਇਹ ਇੱਕ ਬਹੁਤ ਚੰਗੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਰੀਬ ਸਾਰੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਇਹ ਸਹੂਲਤ ਬਹੁਤ ਜਲਦ ਪ੍ਰਦਾਨ ਹੋ ਜਾਵੇਗੀ।
ਇਸ ਤੋਂ ਪਹਿਲਾਂ ਆਪਣੇ ਸੰਬੋਧਨ ‘ਚ ਪੰਜਾਬ ਦੇ ਜੰਗਲਾਤ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦਾ ਮਿਆਰ ਤੇ ਪੜ੍ਹਾਈ ਪੱਖੋਂ ਕੌਮਾਂਤਰੀ ਪੱਧਰ ਦਾ ਬਨਾਉਣ ਲਈ ਵਚਨਬੱਧ ਹੈ, ਇਸੇ ਲਈ ਹੁਣ ਤੱਕ ਹੋਏ ਸੁਧਾਰਾਂ ਸਦਕਾ ਇਨ੍ਹਾਂ ਸਕੂਲਾਂ ‘ਚ ਬੱਚਿਆਂ ਦੇ ਦਾਖਲਿਆਂ ਲਈ ਸਿਫ਼ਾਰਸ਼ਾਂ ਕਰਵਾਉੁਣੀਆਂ ਪੈ ਰਹੀਆਂ ਹਨ। ਸ੍ਰੀ ਧਰਮਸੋਤ ਨੇ ਕਿਹਾ ਕਿ ਸਾਡਾ ਦੇਸ਼ ਤੇ ਇਸਨੂੰ ਆਜ਼ਾਦ ਕਰਵਾਉਣ ਵਾਲੇ ਕੀਮਤੀ ਹਨ ਪ੍ਰੰਤੂ ਸਾਨੂੰ ਕੁਰਬਾਨੀਆਂ ਤੋਂ ਬਾਅਦ ਮਿਲੀ ਆਜ਼ਾਦੀ ਨੂੰ ਕਾਇਮ ਰੱਖਣ ਵਾਲੇ ਸਾਡੇ ਦੇਸ਼ ਦਾ ਭਵਿੱਖ ਸਾਡੇ ਬੱਚੇ ਸਭ ਤੋਂ ਜਿਆਦਾ ਕੀਮਤੀ ਹਨ, ਇਸੇ ਲਈ ਕੈਪਟਨ ਸਰਕਾਰ ਅਜਿਹੇ ਉਚ ਮਿਆਰੀ ਪ੍ਰਾਜੈਕਟਾਂ ‘ਤੇ ਖ਼ਰਚਾ ਕਰ ਰਹੀ ਹੈ।
ਸ੍ਰੀ ਧਰਮਸੋਤ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਇਨ੍ਹਾਂ ਸਕੂਲਾਂ ‘ਚ ਪੜ੍ਹਨ ਵਾਲੇ ਲੋੜਵੰਦ ਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਅਤ ਅਤੇ ਹੁਨਰਮੰਦ ਬਨਾਉਣ ‘ਚ ਕੋਈ ਕਸਰ ਬਾਕੀ ਨਾ ਛੱਡਣ ਅਤੇ ਇਸ ‘ਚ ਲਾਪਰਵਾਹੀ ਕਰਨ ਵਾਲਿਆਂ ਨੂੰ ਤਾਂ ਅਗਲੀ ਦਰਗਾਹ ਵਿੱਚ ਵੀ ਮੁਆਫ਼ੀ ਨਹੀਂ ਮਿਲਣੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚੇ ਉਹ ਫ਼ੁੱਲ ਹਨ, ਜਿਨ੍ਹਾਂ ਦੀ ਕੋਈ ਸਾਰ ਨਹੀਂ ਲੈਂਦਾ, ਇਸੇ ਲਈ ਪੰਜਾਬ ਸਰਕਾਰ ਇਨ੍ਹਾਂ ਬੱਚਿਆਂ ਦੀ ਸਿੱਖਿਆ ਵੱਲ ਵਿਸ਼ੇਸ਼ ਤਵੱਜੋ ਦੇਕੇ ਇਨ੍ਹਾਂ ਨੂੰ ਨਿਜੀ ਸਕੂਲਾਂ ਤੋਂ ਵੀ ਬਿਹਤਰ ਸਿੱਖਿਆ ਪ੍ਰਦਾਨ ਕਰਨ ਦੇ ਯਤਨ ਕਰ ਰਹੀ ਹੈ। ਉਨ੍ਹਾਂ ਨੇ ਇਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਸੱਦਾ ਦਿੱਤਾ ਕਿ ਉਹ ਇਨ੍ਹਾਂ ਦੀ ਪੜ੍ਹਾਈ ਵਿਚਾਲਿਓਂ ਨਾ ਹਟਾਉਣ ਕਿਉਂਕਿ ਪੜ੍ਹਾਈ ਕੇਵਲ ਨੌਕਰੀ ਲਈ ਨਹੀਂ ਹੁੰਦੀ ਸਗੋਂ ਮਨੁੱਖ ਨੂੰ ਹੁਨਰਮੰਦ ਬਨਾਉਣ ਲਈ ਹੁੰਦੀ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਨੇ ਇਸ ਪ੍ਰਾਜੈਕਟ ਬਾਰੇ ਦੱਸਿਆ ਕਿ ਜਿਸ ਤਰ੍ਹਾਂ ਬਾਕੀ ਦੇਸ਼ ਦੇ ਬਹੁਤੇ ਸਕੂਲਾਂ ਦੇ ਵਿਦਿਆਰਥੀ ਅਜਿਹੀ ਤਕਨੀਕ ਨਾਲ ਸਿੱਖਿਆ ਹਾਸਲ ਕਰਕੇ ਅੱਗੇ ਆ ਰਹੇ ਹਨ, ਉਸੇ ਤਰਜ ‘ਤੇ ਪਟਿਆਲਾ ਜ਼ਿਲ੍ਹ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਆਧੁਨਿਕ ਤਕਨੀਕ ਨਾਲ ਸਿੱਖਿਅਤ ਕਰਨ ਲਈ ਇਹ ਪ੍ਰਾਜੈਕਟ ਅਰੰਭਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਜਿੱਥੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰੇਗਾ ਉਥੇ ਹੀ ਇਸ ਨਾਲ ਸਰਕਾਰੀ ਸਕੂਲਾਂ ‘ਚ ਦਾਖਲੇ ਵੀ ਵਧਣਗੇ।
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਸੂਚਨਾ ਕਮਿਸ਼ਨਰ ਸ੍ਰੀ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਦੱਸਿਆ ਕਿ ਸਨੌਰ ਹਲਕੇ ‘ਚ ਵਿਕਾਸ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ ਤੇ ਇੱਥੇ 55 ਕਰੋੜ ਰੁਪਏ ਦੀ ਲਾਗਤ ਨਾਲ ਲਿੰਕ ਸੜਕਾਂ, ਬਹਾਦਰਗੜ੍ਹ ਇਲਾਕੇ ਦੀਆਂ 11 ਪੰਚਾਇਤਾਂ ਵਿਖੇ 54 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਦੇ ਕੰਮ, ਹਲਕੇ ਦੇ 60 ਪਿੰਡਾਂ ‘ਚ 1-1 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਦੇ ਲੱਗ ਰਹੇ ਪ੍ਰਾਜੈਕਟ ਤੋਂ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਹਲਕੇ ਦੇ 39 ਸਕੂਲ ਅਪਗ੍ਰੇਡ ਕੀਤੇ ਜਾ ਚੁੱਕੇ ਹਨ ਤੇ ਬਹਾਦਰਗੜ੍ਹ, ਬਲਬੇੜਾ ਅਤੇ ਦੇਵੀਗੜ੍ਹ ਦੇ ਸਕੂਲਾਂ ਨੂੰ ਸਮਾਰਟ ਬਣਾਇਆ ਗਿਆ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ਦੇ 58 ਐਲੀਮੈਂਟਰੀ ਸਕੂਲਾਂ ‘ਚ ਇਹ ਲੈਬਜ ਅੱਜ ਸ਼ੁਰੂ ਹੋ ਗਈਆਂ ਹਨ ਜਦੋਂਕਿ 1 ਪਹਿਲਾਂ ਹੀ ਸਿੱਧੂਵਾਲ ਸਕੂਲ ‘ਚ ਚੱਲ ਰਹੀ ਸੀ। ਇਨ੍ਹਾਂ ਲਈ ਮੁੱਖ ਮੰਤਰੀ ਵੱਲੋਂ 80 ਲੱਖ ਰੁਪਏ ਭੇਜੇ ਗਏ ਜਦੋਂਕਿ ਜੰਗਲਾਤ ਮੰਤਰੀ ਸ. ਧਰਮਸੋਤ ਵੱਲੋਂ ਕਰੀਬ 1 ਕਰੋੜ ਰੁਪਏ ਅਤੇ ਪੰਚਾਇਤੀ ਸੰਸਥਾਵਾਂ ਸਮੇਤ ਰਾਊਂਡ ਗਲਾਸ ਫਾਊਂਡੇਸ਼ਨ ਸਮੇਤ ਹੋਰ ਸਮਾਜ ਸੇਵੀਆਂ ਵੱਲੋਂ ਵੀ ਸਹਾਇਤਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੋਲ ਲੈਬ ਪ੍ਰਾਜੈਕਟ ਨਿਊਕੈਸਲ ਯੂਨੀਵਰਸਿਟੀ ਇੰਗਲੈਂਡ ਦੇ ਪ੍ਰੋ. ਸੁਗਾਤਾ ਮਿਤਰਾ ਦੇ ‘ਹੋਲ ਇਨ ਵਾਲ’ ਪ੍ਰਾਜੈਕਟ ‘ਤੇ ਅਧਾਰਤ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਲੈਬ 4 ਤੋਂ 5 ਕੰਪਿਊਟਰ, ਸਮਾਰਟ ਟੀ.ਵੀ., ਏ.ਸੀ., ਸਪੀਕਰ ਤੇ ਹੋਰ ਲੋੜੀਂਦੇ ਯੰਤਰਾਂ ਨਾਲ ਲੈਸ ਹੈ। ਜਿੱਥੇ ਆਈ.ਸੀ.ਟੀ. ਤਕਨੀਕਾਂ ਨਾਲ ਛੋਟੇ ਛੋਟੇ ਗਰੁੱਪਾਂ ‘ਚ ਵਿਦਿਆਰਥੀਆਂ ਨੂੰ ਸਕਾਇਪ ਰਾਹੀਂ ਕੈਨੇਡਾ, ਯੁਗੋਸਲਾਵੀਆ ਆਦਿ ਮੁਲਕਾਂ ਦੇ ਅਧਿਆਪਕ ਖੇਡਾਂ ਆਦਿ ਰਾਹੀਂ ਸਿੱਖਿਅਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੈਬਜ ਦੇ ਦੂਜੇ ਪੜ੍ਹਾਅ ਤਹਿਤ ਜ਼ਿਲ੍ਹੇ ਦੇ ਸਾਰੇ ਪਿੰਡ ਸ਼ਾਮਲ ਕੀਤੇ ਜਾਣਗੇ। ਸ੍ਰੀ ਕੁਮਾਰ ਅਮਿਤ ਨੇ ਪੰਜਾਬ ਸਰਕਾਰ, ਸ੍ਰੀਮਤੀ ਪਰਨੀਤ ਕੌਰ, ਸ. ਧਰਮਸੋਤ, ਪੰਚਾਇਤਾਂ, ਬੀ.ਐਸ.ਐਨ.ਐਲ. ਸਮੇਤ ਦੌਣਕਲਾਂ ਵਿਖੇ ਇੱਕ ਲੈਬ ਸਥਾਪਤ ਕਰਨ ਵਾਲੇ ਸ੍ਰੀ ਵਿਜੇ ਕੁਮਾਰ ਸਿੰਗਲਾ ਆਦਿ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਪੀ.ਐਸ.ਯੂ. ਨੇ ਅਜਿਹੀਆਂ 25 ਲੈਬਜ ਸਥਾਪਤ ਕਰਨ ‘ਚ ਰੁਚੀ ਦਿਖਾਈ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸ਼ੌਕਤ ਅਮਿਹਦ ਪਰੇ ਨੇ ਇਸ ਸੋਲ ਲੈਬਜ ਦੀ ਕਾਰਗੁਜ਼ਾਰੀ ਤੇ ਨਤੀਜਿਆਂ ਤੋਂ ਜਾਣੂ ਕਰਵਾਉਂਦਿਆਂ ਧੰਨਵਾਦ ਕੀਤਾ। ਉਨ੍ਹਾਂ ਦੇ ਨਾਲ ਸਹਾਇਕ ਕਮਿਸ਼ਨਰ (ਆਈ.ਏ.ਐਸ. ਸਿਖਲਾਈ ਅਧੀਨ) ਸ੍ਰੀ ਰਾਹੁਲ ਸਿੰਧੂ ਵੀ ਮੌਜੂਦ ਸਨ। ਸਮਾਗਮ ਦੌਰਾਨ ਸ੍ਰੀਮਤੀ ਪਰਨੀਤ ਕੌਰ ਤੇ ਸ੍ਰੀ ਧਰਮਸੋਤ ਨੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਅਤੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ।
ਇਸ ਦੌਰਾਨ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ੍ਰੀ ਰੀਤਿੰਦਰ ਸਿੰਘ ਰਿੱਕੀ ਮਾਨ, ਬਲਾਕ ਕਾਂਗਰਸ ਪ੍ਰਧਾਨ ਸ੍ਰੀ ਅਸ਼ਵਨੀ ਬੱਤਾ, ਵਿਜੇ ਕੁਮਾਰ ਸਿੰਗਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਹਾਦਰ ਸਿੰਘ ਚਮਾਰਹੇੜੀ, ਬੂਟਾ ਸਿੰਘ ਚਰਾਸੋਂ, ਬਲਿਹਾਰ ਸਿੰਘ ਸਮਸ਼ਪੁਰ, ਬਲਾਕ ਸੰਮਤੀ ਮੈਂਬਰ ਗੁਰਜੀਤ ਕੌਰ, ਜੋਧ ਸਿੰਘ, ਜਗਦੇਵ ਸਿੰਘ ਦੌਣਕਲਾਂ, ਗੁਰਵਿੰਦਰ ਸਿੰਘ, ਸਵਰਨ ਸਿੰਘ, ਧਰਮਿੰਦਰ ਸਿੰਘ, ਦੀਦਾਰ ਸਿੰਘ ਦੌਣ ਕਲਾਂ, ਅਵਤਾਰ ਸਿੰਘ ਦੌਣਕਲਾਂ, ਜਗਮਾਲ ਰਾਣਾ, ਪਵਨ ਸੰਧੂ, ਸਕੂਲ ਮੈਨੇਜਮੈਂਟ ਕਮੇਟੀ ਦੇ ਸੋਨੀ ਸਿੰਘ ਤੇ ਮੈਂਬਰ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕੰਵਲ ਕੁਮਾਰੀ, ਡਿਪਟੀ ਡੀ.ਈ.ਓ. ਮਧੂ ਬਰੂਆ, ਬੀ.ਪੀ.ਓ. ਸਰਬਜੀਤ ਕੌਰ, ਦੌਣਕਲਾਂ ਸਕੂਲ ਦੇ ਮੁਖੀ ਗੁਰਦੀਪ ਕੁਮਾਰ ਸਮੇਤ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ, ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।

