ਪੰਜਾਬਪਟਿਆਲਾ

ਸਿੱਖਿਆ ਦੇ ਖੇਤਰ ‘ਚ ਸਰਕਾਰੀ ਦੇ ਨਾਲ-ਨਾਲ ਨਿਜੀ ਸੰਸਥਾਵਾਂ ਦਾ ਵੀ ਵੱਡਾ ਯੋਗਦਾਨ : ਰੰਧਾਵਾ

ਬੁੱਢਾ ਦਲ ਜਥੇਬੰਦੀ ਵੱਲੋਂ ਸਿੱਖਿਆ ਦੇ ਖੇਤਰ ਪਾਇਆ ਯੋਗਦਾਨ ਸ਼ਲਾਘਾਯੋਗ-ਰੰਧਾਵਾ
‘ਪੰਜਾਬ ਸਰਕਾਰ ਨੇ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਬਣਾਕੇ ਇਲਾਕੇ ਦਾ ਵਿਕਾਸ ਕਰਨ ਦਾ ਲਿਆ ਵੱਡਾ ਫੈਸਲਾ, 13 ਪਿੰਡ ਬਨਣਗੇ ਵਿਕਾਸ ਦਾ ਮਾਡਲ’
‘ਸਿੱਖਿਆ ਤੇ ਸਿਹਤ ਦਾ ਖੇਤਰ ਮਜ਼ਬੂਤ ਹੋਣ ਨਾਲ ਹੀ ਸੂਬਾ ਤਰੱਕੀ ਦੀ ਸਿਖਰ ਛੂਹੇਗਾ’
ਬੁੱਢਾ ਦਲ ਪਬਲਿਕ ਸਕੂਲ ਦੇ ਸਾਲਾਨਾ ਸਮਾਗਮ ‘ਚ ਕੀਤੀ ਸ਼ਿਰਕਤ
ਪਟਿਆਲਾ, 4 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਸਿੱਖਿਆ ਦੇ ਖੇਤਰ ‘ਚ ਪੰਜਾਬ ਅੰਦਰ ਸਰਕਾਰੀ ਦੇ ਨਾਲ-ਨਾਲ ਨਿਜੀ ਸੰਸਥਾਵਾਂ ਵੱਲੋਂ ਪਾਇਆ ਯੋਗਦਾਨ ਅਹਿਮ ਹੈ ਅਤੇ ਬੁੱਢਾ ਦਲ ਨਿਹੰਗ ਸਿੰਘ ਜਥੇਬੰਦੀ ਵੱਲੋਂ ਸਿੱਖਿਆ ਦੇ ਖੇਤਰ ‘ਚ ਆਪਣਾ ਯੋਗਦਾਨ ਪਾਉਣਾ ਹੋਰ ਵੀ ਸ਼ਲਾਘਾਯੋਗ ਉਪਰਾਲਾ ਹੈ। ਸ. ਰੰਧਾਵਾ ਅੱਜ ਸ਼ਾਮ ਇੱਥੇ ਬੁੱਢਾ ਦਲ ਪਬਲਿਕ ਸਕੂਲ ਵਿਖੇ ਸਾਲਾਨਾ ਸਮਾਗਮ ਵਿੱਚ ਸ਼ਿਰਕਤ ਕਰਨ ਪੁਜੇ ਹੋਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਨਿਹੰਗ ਸਿੰਘ ਜਥੇਬੰਦੀ ਦੇ ਮੁਖੀ ਤੇ ਬੁੱਢਾ ਦਲ ਪਬਲਿਕ ਸਕੂਲ ਦੇ ਪੈਟਰਨ ਜਥੇਦਾਰ ਬਾਬਾ ਬਲਬੀਰ ਸਿੰਘ, ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੈਂਬਰ ਸ. ਗੁਰਪ੍ਰਤਾਪ ਸਿੰਘ ਮਾਨ, ਪਟਿਆਲਾ ਡਵੀਜਨ ਦੇ ਕਮਿਸ਼ਨਰ ਸ. ਦੀਪਿੰਦਰ ਸਿੰਘ ਵੀ ਮੌਜੂਦ ਸਨ।

ਸਾਲਾਨਾ ਸਮਾਗਮ ਮੌਕੇ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਮਗਰੋਂ ਸੰਬੋਧਨ ਕਰਦਿਆਂ ਸ. ਰੰਧਾਵਾ ਨੇ ਨਿਹੰਗ ਸਿੰਘ ਜਥੇਬੰਦੀ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੁੱਢਾ ਦਲ ਜਥੇਬੰਦੀ ਨੇ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ-ਨਾਲ ਸਿੱਖਿਆ ਪ੍ਰਦਾਨ ਕਰਨ ‘ਚ ਵੀ ਨਾਮਣਾ ਖੱਟਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅਤਿ-ਆਧੁਨਿਕ ਸਕੂਲਾਂ ਸਮੇਤ ਬਿਹਤਰ ਸਿਹਤ ਸੇਵਾਵਾਂ ਲਈ ਚੰਗੇ ਹਸਪਤਾਲ ਹਰ ਪਿੰਡ ਤੇ ਸ਼ਹਿਰ ‘ਚ ਸਥਾਪਤ ਹੋਣ ਨਾਲ ਹੀ ਸਾਡਾ ਸੂਬਾ ਤਰੱਕੀ ਦੀਆਂ ਸਿਖ਼ਰਾਂ ਛੂਹੇਗਾ। ਉਨ੍ਹਾਂ ਨੇ ਬੁੱਢਾ ਦਲ ਨਿਹੰਗ ਸਿੰਘ ਛਾਉਣੀ ਵਿਖੇ ਆਪਣੀ 1974 ਦੌਰਾਨ ਤਤਕਾਲੀ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨਾਲ ਆਪਣੀ ਫੇਰੀ ਦੀ ਭਾਵੁਕ ਯਾਦ ਵੀ ਸਾਂਝੀ ਕੀਤੀ ਤੇ ਸ਼ਲਾਘਾਯੋਗ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।
ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੇਲ ਮੰਤਰੀ ਸ. ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਮੌਕੇ ਸ੍ਰੀ ਕਰਤਾਰਪੁਰ ਲਾਂਘਾ ਖੁਲ੍ਹਣ ਦੀ ਖੁਸ਼ੀ ‘ਚ ਡੇਰਾ ਬਾਬਾ ਨਾਨਕ ਦੇ ਵਿਕਾਸ ਲਈ ਅਥਾਰਟੀ ਬਣਾਈ ਹੈ ਅਤੇ 13 ਪਿੰਡਾਂ ਨੂੰ ਵਿਕਸਤ ਕਰਨ ਲਈ ਇਸ ‘ਚ ਸ਼ਾਮਲ ਕਰ ਲਿਆ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਲੋਧੀ ਵਿਖੇ 13-13 ਤੋਲਿਆ ਸੀ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਵਿਕਾਸ ਲਈ ਪੰਜਾਬ ਸਰਕਾਰ ਨੇ ਉਪਰਾਲੇ ਅਰੰਭ ਦਿੱਤੇ ਹਨ ਤੇ ਇਹ 13 ਪਿੰਡ ਵਿਕਾਸ ਦਾ ਦਿਲਕਸ਼ ਮਾਡਲ ਬਨਣਗੇ।
ਸ. ਰੰਧਾਵਾ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਬਾਰੇ ਲਏ ਪਾਕਿਸਤਾਨ ਵੱਲੋਂ ਫੈਸਲੇ ਅਤੇ ਭਾਰਤ ਵੱਲੋਂ ਪ੍ਰਗਟਾਏ ਭਰੋਸੇ ‘ਤੇ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਕਿਉਂਕਿ ਪਾਕਿਸਤਾਨ ‘ਚ ਲੋਕਤੰਤਰ ਹੈ ਤੇ ਉਨ੍ਹਾਂ ਫ਼ੌਜ ਨਾਲ ਸਲਾਹ ਕਰਕੇ ਹੀ ਇਹ ਵੱਡਾ ਫੈਸਲਾ ਲਿਆ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਇਹ ਲਾਂਘਾ ਦੋਹਾਂ ਮੁਲਕਾਂ ‘ਚ ਦੋਸਤੀ ਦਾ ਜਰੀਆ ਬਣੇਗਾ ਤੇ ਇਹ ਹਰ ਹਾਲ ਸਿਰੇ ਚੜ੍ਹੇਗਾ।
ਇਕ ਹੋਰ ਸਵਾਲ ਦੇ ਜੁਆਬ ‘ਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਦੇਸ਼ ਦੀ ਵੰਡ ਬਾਬਤ ਬਿਆਨਬਾਜੀ ਕਰਕੇ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ ਕਿਉਂਕਿ ਦੇਸ਼ ਵੰਡ ਸਮੇਂ ਸਰਹੱਦ ਰਾਵੀ ਦਰਿਆ ਨੂੰ ਮੰਨਿਆ ਗਿਆ ਸੀ ਜਦੋਂ ਕਿ 1971 ਦੀ ਜੰਗ ਦੌਰਾਨ ਸਾਡੀਆਂ ਫ਼ੌਜਾਂ ਕਰਤਾਰਪੁਰ ਸਾਹਿਬ ਨੇੜੇ ਪੁੱਜ ਗਈਆਂ ਸਨ ਪਰੰਤੂ ਕੌਮਾਂਤਰੀ ਸੰਧੀਆਂ ਕਰਕੇ ਸਾਡੀਆਂ ਫ਼ੌਜਾਂ ਵਾਪਸ ਪਰਤ ਆਈਆਂ ਸਨ।
ਇਸ ਸਮਾਗਮ ਦੌਰਾਨ ਬੁੱਢਾ ਦਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਰੰਗਾ-ਰੰਗ ਪ੍ਰੋਗਰਾਮ ਦੀ ਦਿਲਕਸ਼ ਪੇਸ਼ਕਾਰੀ ਕੀਤੀ। ਇਸ ਤੋਂ ਮੌਕੇ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਪੋਸਟ ਆਫ਼ਿਸ ਪਟਿਆਲਾ ਦੇ ਸੀਨੀਅਰ ਸੁਪਰਡੈਂਟ ਮਿਸ ਆਰਤੀ ਵਰਮਾ, ਬੁੱਢਾ ਦਲ ਪਬਲਿਕ ਸਕੂਲ ਦੇ ਡਾਇਰੈਕਟਰ ਸ੍ਰੀਮਤੀ ਸੁਖਵਿੰਦਰਜੀਤ ਕੌਰ, ਬੁੱਢਾ ਦਲ ਪਬਲਿਕ ਸਕੂਲ ਦੇ ਸਿੱਖਿਆ ਸਲਾਹਕਾਰ ਤੇ ਡਾਇਰੈਕਟਰ ਸ. ਕਰਨ ਰਾਜਬੀਰ ਸਿੰਘ, ਪ੍ਰਿੰਸੀਪਲ ਡਾ. ਅੰਮ੍ਰਿਤ ਔਜਲਾ ਅਤੇ ਵੱਡੀ ਗਿਣਤੀ ‘ਚ ਵਿਦਿਆਰਥੀ, ਮਾਪੇ ਤੇ ਸਕੂਲ ਦੇ ਅਧਿਆਪਕ ਮੌਜੂਦ ਸਨ।

Leave a Reply

Your email address will not be published. Required fields are marked *