ਦੋ ਫ਼ਸਲਾਂ ਦੇ ਚੱਕਰ ਚੋਂ ਨਿਕਲ ਕੇ ਕਿਸਾਨਾਂ ਨੇ ਮੱਛੀ ਪਾਲਣ ਤੋਂ ਕਮਾਇਆ ਜ਼ਿਆਦਾ ਮੁਨਾਫਾ
ਪੰਜਾਬ ਸਰਕਾਰ ਢਾਈ ਏਕੜ ਉੱਤੇ ਸੱਤ ਲੱਖ ਰੁਪਏ ਤੱਕ ਦਾ ਕਰਜਾ ਤੇ 80 ਹਜਾਰ ਰੁਪਏ ਦੀ ਸਬਸਿਡੀ ਪ੍ਰਦਾਨ ਕਰਦੀ ਹੈ: ਡਿਪਟੀ ਕਮਿਸ਼ਨਰ
ਪ੍ਰਤੀ ਏਕੜ 1 ਲੱਖ ਤੋਂ ਸਵਾ ਲੱਖ ਰੁਪਏ ਦੀ ਕਮਾਈ
ਇੱਕ ਏਕੜ ਦੇ ਮੱਛੀ ਪੌਂਡ ਤੋਂ ਲੱਗਭੱਗ 25 ਕੁਇੰਟਲ ਹੁੰਦੀ ਹੈ ਮੱਛੀ ਦੀ ਪੈਦਾਵਾਰ
ਪਟਿਆਲਾ , 6 ਦਸੰਬਰ (ਮਧੂਸਾਰ ਬਿਊਰੋ) ਜਿਲ੍ਹੇ ਦੇ ਜਿਹਨਾਂ ਕਿਸਾਨਾਂ ਨੇ ਝੋਨਾ ਅਤੇ ਕਣਕ ਦੀ ਦੋ ਫ਼ਸਲਾਂ ਦੇ ਚੱਕਰ ਚੋਂ ਨਿਕਲ ਕੇ ਮੱਛੀ ਪਾਲਣ ਨੂੰ ਸਹਾਇਕ ਧੰਦੇ ਤੋਂ ਵੀ ਅੱਗੇ ਵੱਧ ਕੇ ਮੁੱਖ ਧੰਦੇ ਦੇ ਰੂਪ ਵਿੱਚ ਅਪਣਾ ਕੇ ਅੱਜ ਉਹ ਇਸ ਕੰਮ ਤੋਂ ਜ਼ਿਆਦਾ ਮੁਨਾਫਾ ਕਮਾ ਰਹੇ ਹਨ ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਰੰਭੇ ਖੇਤੀ ਵਿਭਿੰਨਤਾ ਅਤੇ ਮਿਸ਼ਨ ਤੰਦਰੂਸਤ ਪੰਜਾਬ ਤਹਿਤ ਪਟਿਆਲਾ ਅਤੇ ਨੇੜੇ ਦੇ ਖੇਤਰਾਂ ਵਿੱਚ ਹੋ ਰਹੇ ਮੱਛੀ ਪਾਲਣ ਦੀ ਸਮੀਖਿਆ ਕਰਨ ਲਈ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜਿਲ੍ਹੇ ਵਿੱਚ ਮੱਛੀ ਪਾਲਣ ਦਾ ਧੰਦਾ ਅਪਣਾਉਣ ਵਾਲੇ ਕੁਝ ਅਜਿਹੇ ਅਗਾਂਹਵਧੂ ਕਿਸਾਨਾਂ ਦੇ ਨਾਮ ਵੀ ਸਾਹਮਣੇ ਆਏ ਹਨ ਜਿਨ੍ਹਾਂ ਨੇ ਮਿਸਾਲ ਕਾਇਮ ਕੀਤੀ ਹੈ ।
ਉਹਨਾਂ ਦੱਸਿਆ ਕਿ ਪਟਿਆਲਾ ਤਹਿਸੀਲ ਦੇ ਪਿੰਡ ਸੁਨਿਆਰਹੇੜੀ ਦੇ ਸ਼੍ਰੀ ਸੰਜੈ ਇੰਦਰ ਸਿੰਘ ਚਹਿਲ ਦਾ ਨਾਮ ਪ੍ਰਮੁੱਖ ਹੈ । ਜਿਹਨਾਂ ਨੇ ਵਿਭਾਗ ਤੋਂ ਸਹਾਇਤਾ ਲੈਣ ਤੋਂ ਬਾਅਦ 22 ਏਕੜ ਵਿੱਚ ਮੱਛੀ ਤਲਾਬ ਬਣਾ ਕੇ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ । 1987 ਤੋਂ ਉਹ ਲਗਾਤਾਰ ਅਤੇ ਸਫਲਤਾਪੂਰਵਕ ਇਹ ਕੰਮ ਕਰ ਰਿਹਾ ਹੈ । ਸ਼੍ਰੀ ਸੰਜੈ ਇੰਦਰ ਸਿੰਘ ਨੇ 21 ਏਕੜ ਵਿੱਚ ਤਲਾਬ ਅਤੇ ਇੱਕ ਏਕੜ ਵਿੱਚ ਨਰਸਰੀ ਬਣਾਈ ਹੈ ।
ਇਸੇ ਤਰ੍ਹਾਂ ਰਾਜਪੁਰਾ ਤਹਸੀਲ ਦੇ ਪਿੰਡ ਢੀਂਡਸਾਂ ਦੇ ਕਿਸਾਨ ਪਰਮਜੀਤ ਸਿੰਘ ਨੇ 1997 ਵਿੱਚ ਪੰਜ ਏਕੜ ਜ਼ਮੀਨ ਠੇਕੇ ਉੱਤੇ ਲੈ ਕੇ ਮੱਛੀ ਪਾਲਣ ਦਾ ਧੰਦਾ ਸ਼ੁਰੂ ਕੀਤਾ । ਪੰਜਾਬ ਮੱਛੀ ਪਾਲਣ ਵਿਭਾਗ ਤੋਂ ਟ੍ਰੇਨਿੰਗ ਲੈਣ ਤੋਂ ਬਾਅਦ ਉਹਨਾਂ ਨੇ 2008 ਵਿੱਚ 10 ਏਕੜ ਜ਼ਮੀਨ ਹੋਰ ਲੈ ਕੇ ਮੱਛੀ ਪਾਲਣ ਨੂੰ ਵਿਗਿਆਨਕ ਤਰੀਕੇ ਨਾਲ ਅਪਣਾਇਆ । ਤਲਾਬ ਵਿੱਚ ਮੱਛੀ ਦੀ ਠੀਕ ਦਰ ਉੱਤੇ ਸਟਾਕਿੰਗ , ਤਲਾਬ ਦੀ ਬਣਤਰ, ਪਾਣੀ ਦੀ ਗੁਣਵੱਤਾ , ਮੱਛੀ ਲਈ ਕੁਦਰਤੀ ਖੁਰਾਕ ਦੀ ਫਸਲ , ਫੀਡ ਅਤੇ ਮੱਛੀ ਖਾਣ ਵਾਲੇ ਪੰਛੀਆਂ ਤੋਂ ਉਹਨਾਂ ਦੇ ਬਚਾਅ ਦੇ ਤਰੀਕੇ ਨੂੰ ਆਪਣਾ ਕੇ ਵਧੀਆ ਉਤਪਾਦਨ ਕੀਤਾ ਹੈ । ਸ਼੍ਰੀ ਪਰਮਜੀਤ ਸਿੰਘ ਨੇ 2011 ਤੇ 2015 ਵਿੱਚ ਸ਼੍ਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੁਨਿਵਰਸਿਟੀ ਵਿੱਚ ਮੱਛੀ ਪਾਲਣ ਅਤੇ ਪ੍ਰੋਸੈਸਿੰਗ ਦੀ ਵਿਸ਼ੇਸ਼ ਟ੍ਰੇਨਿੰਗ ਵੀ ਲਈ ਹੈ। ਇਸ ਕੰਮ ਵਿੱਚ ਨਾਨੋਕੀ ਪਿੰਡ ਦੇ ਸ਼੍ਰੀ ਰਣਜੋਧ ਸਿੰਘ 19 ਏਕੜ ਵਿੱਚ ਅਤੇ ਸ਼੍ਰੀ ਅਵਤਾਰ ਸਿੰਘ ਸੱਤ ਏਕੜ ਵਿੱਚ ਮੱਛੀ ਉਤਪਾਦਨ ਕਰ ਰਹੇ ਹਨ ।
ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਇਸ ਖੇਤਰ ਵਿੱਚ ਕੰਮ ਕਰ ਰਹੇ ਕਿਸਾਨਾਂ ਅਤੇ ਉਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਦੱਸਦੇ ਹਨ ਕਿ ਢਾਈ ਏਕੜ ਰਕਬੇ ਦੇ ਤਲਾਬ ਲਈ ਸੱਤ ਲੱਖ ਰੁਪਏ ਤੱਕ ਦਾ ਕਰਜਾ ਦਿੱਤਾ ਜਾਂਦਾ ਹੈ , ਇਸ ਵਿੱਚੋਂ 80 ਹਜਾਰ ਰੁਪਏ ਸਬਸਿਡੀ ਦਿੱਤੇ ਜਾਣ ਦਾ ਵੀ ਪ੍ਰਬੰਧ ਹੈ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੱਛੀ ਪਾਲਕਾਂ ਨੂੰ ਜਿਲ੍ਹੇ ਵਿੱਚ ਮੱਛੀ ਪੂੰਗ ਫ਼ਾਰਮ ਬੀੜ ਦੌਸਾਂਝ ਨਾਭਾ ਵਿੱਚ ਨਾ ਕੇਵਲ ਪੰਜ ਦਿਨਾਂ ਦੀ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ ਸਗੋਂ ਉਹਨਾਂ ਨੂੰ ਛੇ ਕਿਸਮ ਦੀਆਂ ਮੱਛੀਆਂ ਦਾ ਪੁੰਗ ਵੀ ਮਾਰਚ ਤੋਂ ਸਤੰਬਰ ਮਹੀਨੇ ਦੇ ਦੌਰਾਨ ਦਿੱਤਾ ਜਾਂਦਾ ਹੈ । ਉਹਨਾਂ ਦੱਸਿਆ ਕਿ ਸਿਰਫ ਇੱਕ ਸੌ ਰੁਪਏ ਵਿੱਚ ਇੱਕ ਹਜਾਰ ਮੱਛੀ ਪੁੰਗ ਅਸਾਨੀ ਨਾਲ ਲਿਆ ਜਾ ਸਕਦਾ ਹੈ ।
ਵਿਭਾਗ ਦੇ ਸਹਾਇਕ ਡਾਇਰੈਕਟਰ ਸ਼੍ਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਪ੍ਰਤੀ ਏਕੜ ਇੱਕ ਲੱਖ ਤੋਂ ਸਵਾ ਲੱਖ ਰੁਪਏ ਦੀ ਕਮਾਈ ਮੱਛੀ ਪਾਲਣ ਵਿੱਚੋਂ ਹੋ ਜਾਂਦੀ ਹੈ ਜਿਸ ਨੂੰ ਕਿਸਾਨ ਕਣਕ ਝੋਨਾ ਤੋਂ ਪ੍ਰਾਪਤ ਨਹੀਂ ਕਰ ਸਕਦੇ । ਉਹ ਦੱਸਦੇ ਹਨ ਕਿ ਇੱਕ ਏਕੜ ਦੇ ਮੱਛੀ ਪੌਂਡ ਤੋਂ ਲੱਗਭਗ 25 ਕੁਇੰਟਲ ਮੱਛੀ ਉਤਪਾਦਨ ਹੁੰਦਾ ਹੈ ਤੇ ਇਸ ਧੰਦੇ ਵਿੱਚ ਲਾਗਤ ਮੁੱਲ ਘੱਟ ਹੋਣ ਕਰਕੇ ਮੁਨਾਫ਼ਾ ਜਿਆਦਾ ਰਹਿੰਦਾ ਹੈ ।
ਇਸ ਮੌਕੇ ਉੱਤੇ ਮੁੱਖ ਕਾਰਜਕਾਰੀ ਅਫ਼ਸਰ ਸ਼੍ਰੀ ਪਵਨ ਕੁਮਾਰ , ਫ਼ਾਰਮ ਸੁਪਰਡੈਂਟ ਸ਼੍ਰੀ ਡੀ.ਐਸ. ਬੇਦੀ , ਮੱਛੀ ਪ੍ਰਸਾਰ ਅਫ਼ਸਰ ਸ਼੍ਰੀ ਗੁਰਜੀਤ ਸਿੰਘ ਪ੍ਰਮੁੱਖ ਰੂਪ ਵਿੱਚ ਮੌਜੂਦ ਸਨ ।

