ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਡਿਪਟੀ ਡਾਇਰੈਕਟਰ ਪ੍ਰਸ਼ਾਸ਼ਨ ਜਲ ਸਪਲਾਈ ਵਿਰੁੱਧ ਧਰਨਾ
ਪਟਿਆਲਾ 11 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦਰਸ਼ਨ ਸਿੰਘ ਬੇਲੁਮਾਜਰਾ, ਵਰਿੰਦਰ ਸਿੰਘ ਮੋਮੀ, ਹਰਜੀਤ ਸਿੰਘ ਵਾਲੀਆ, ਸੁਖਦੇਵ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਿਪਟੀ ਡਾਇਰੈਕਟਰ ਪ੍ਰਸ਼ਾਸ਼ਨ ਵਿਰੁੱਧ ਮੁੱਖ ਦਫਤਰ ਪਟਿਆਲਾ ਵਿਖੇ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਮਨਾਉਣ ਲਈ ਰੋਹ ਭਰਪੂਰ ਧਰਨਾ ਦਿੱਤਾ ਗਿਆ।
ਧਰਨੇ ‘ਚ ਸ਼ਾਮਲ ਫੀਲਡ ਮੁਲਾਜਮਾਂ ਤੇ ਕੰਟਰੈਕਟ ਮੁਲਾਜਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਲਰਾਜ ਸਿੰਘ ਮੋੜ, ਭੁਪਿੰਦਰ ਸਿੰਘ ਕੁਤਬੇਵਾਲ, ਜਸਵੀਰ ਸਿੰਘ ਖੋਖਰ, ਸੁਰਿੰਦਰ ਸਿੰਘ ਨੇ ਕਿਹਾ ਕਿ 2011 ਦੇ ਨੋਟੀਫਿਕੇਸ਼ਨ ਮੁਤਾਬਿਕ ਰੈਗੂਲਰ ਹੋਏ ਮੁਲਾਜਮ ਜੋ ਅਦਾਲਤੀ ਫੈਸਲਿਆਂ ਮੁਤਾਬਿਕ ਪੁਰਾਣੀ ਪੈਨਸ਼ਨ ਤਹਿਤ ਕਵਰ ਹੋ ਚੁੱਕੇ ਹਨ। ਇਨ੍ਹਾਂ ਮੁਲਾਜਮਾਂ ਦੇ ਪਿਛਲੇ ਸੀ.ਪੀ.ਐਫ. ਦੇ ਕਰੋੜਾਂ ਰੁਪਏ ਦੇ ਬਕਾਏ ਜਾਰੀ ਨਹੀਂ ਕੀਤੇ ਜਾ ਰਹੇ, ਦਰਜਾ ਚਾਰ ਮੁਲਾਜਮਾਂ ਤੋਂ ਦਰਜਾ ਤਿੰਨ ਪ੍ਰਮੋਸ਼ਨਾਂ, ਕਿਰਤ ਕਮਿਸ਼ਨ ਪੰਜਾਬ ਵੱਲੋਂ ਜਾਰੀ ਵਾਰ-ਵਾਰ ਨੋਟੀਫਿਕੇਸ਼ਨ ਮੁਤਾਬਕ ਕਿਰਤ ਵਿਭਾਗ ਵੱਲੋਂ ਜਾਰੀ ਉਜਰਤਾ ਲਾਗੂ ਨਹੀਂ ਕੀਤੀਆਂ ਜਾ ਰਹੀਆਂ, ਮੁਲਾਜਮਾਂ ਤੋਂ ਜਬਰੀ ਅੰਡਰਟੇਕਿੰਗ ਲਈ ਜਾ ਰਹੀ ਹੈ। ਨੌਕਰੀ ਦੌਰਾਨ ਵਾਧਾ ਲੈਣ ਲਈ ਮੁਲਾਜਮਾਂ ਤੋਂ ਜਬਰੀ ਆਨੇ ਬਹਾਨੇ ਕਦੇ ਰੋਲਾਂ ਕਦੇ ਹੋਰ ਬਹਾਨੇ ਲਾ ਕੇ ਮੁਲਾਜਮਾਂ ਨੂੰ ਜਾਣ ਬੁੱਝ ਕੇ ਹੈਰਾਨ ਕੀਤਾ ਜਾ ਰਿਹਾ ਹੈ। ਫੀਲਡ ਮੁਲਾਜਮਾਂ ਦੀਆਂ ਜੀ.ਪੀ.ਐਫ ਦੀਆਂ ਸਟੇਟਮੈਂਟਾਂ ਸਮੇਤ ਮੁਲਾਜਮਾਂ ਦੀਆਂ ਵਰਦੀਆਂ, ਮੈਡੀਕਲ ਗ੍ਰਾਂਟਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ। ਇਨ੍ਹਾਂ ਕਿਹਾ ਕਿ ਜਿੱਥੇ ਮੁੱਖ ਦਫਤਰ ਵਿੱਚ ਬੈਠੇ ਡਿਪਟੀ ਡਾਇਰੈਕਟਰ, ਪ੍ਰਸ਼ਾਸ਼ਨ, ਵਿੱਤ ਕੰਟਰੋਲਰ ਅਤੇ ਹੋਰ ਅਧਿਕਾਰੀ ਤਾਲਮੇਲ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਮੀਟਿੰਗਾਂ ਕਰਕੇ ਮੰਗਾਂ ਤੇ ਸਹਿਮਤੀ ਦਿੱਤੀ ਗਈ ਜਾਂਦੀ ਹੈ ਪਰੰਤੂ ਮੰਗਾਂ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ। ਇਨ੍ਹਾਂ ਆਗੂਆਂ ਤੋਂ ਇਲਾਵਾ ਹਰਜੀਤ ਸਿੰਘ ਬਾਲੀਆ, ਹਾਕਮ ਸਿੰਘ ਧਨੇਠਾ, ਹਰਬੀਰ ਸਿੰਘ ਸੁਨਾਮ, ਦਰਸ਼ਨ ਰੋਂਗਲਾ, ਸੁਰਿੰਦਰ ਗੁਰਦਾਸਪੁਰ, ਮਹਿਮਾ ਸਿੰਘ ਧਨੋਲਾ ਨੇ ਕਿਹਾ ਕਿ ਜਿਥੇ ਵਿਭਾਗ ਦੇ ਮੁੱਖ ਦਫਤਰ ਦੇ ਅਧਿਕਾਰੀ ਮੁਲਾਜਮਾਂ ਨੂੰ ਖੱਜਲ ਖੁਆਰ ਕਰ ਰਹੇ ਹਨ ਉੱਥੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸੰਸਾਰ ਬੈਂਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੇਂਡੂ ਜਲ ਸਪਲਾਈ ਸਕੀਮਾਂ ਨੂੰ ਜਬਰੀ ਪੰਚਾਇਤਾਂ ਅਧੀਨ ਦਿੱਤਾ ਜਾ ਰਿਹਾ ਹੈ। ਜਦੋਂ ਕਿ ਪੰਚਾਇਤਾਂ ਅਧੀਨ ਦਿੱਤੀਆਂ ਪਹਿਲਾਂ ਜਲ ਸਪਲਾਈ ਸਕੀਮਾਂ ਬੰਦ ਪਈਆਂ ਹਨ ਤੇ ਬਹੁਤੀਆਂ ਬੰਦ ਹੋਣ ਦੇ ਕਿਨਾਰੇ ਤੇ ਹਨ, ਜਦੋਂ ਕਿ ਸੈਂਕੜੇ ਪੰਚਾਇਤਾਂ ਮਤੇ ਪਾਸ ਕਰਕੇ ਇਸ ਨੀਤੀ ਦਾ ਵਿਰੋਧ ਕਰ ਰਹੀਆਂ ਹਨ। ਇਸ ਨੀਤੀ ਨਾਲ ਜਿੱਥੇ ਲੋਕਾਂ ਦੇ ਰੋਜ਼ਗਾਰ ਦੇ ਵਸੀਲੇ ਖਤਮ ਹੋ ਜਾਣਗੇ, ਉੱਥੇ 87% ਲੋਕਾਂ ਤੋਂ ਪੀਣ ਵਾਲੇ ਪਾਣੀ ਦੀ ਬੁਨਿਆਦੀ ਸਹੁਲਤ ਖੋਹੀ ਜਾਵੇਗੀ ਅਤੇ ਪੀਣ ਵਾਲੇ ਪਾਣੀ ਨੂੰ ਦੇਸੀ ਬਦੇਸ਼ੀ ਕਾਰਪੋਰੇਸ਼ਨਾਂ ਦੇ ਅਧਿਕਾਰ ਖੇਤਰ ਅਧੀਨ ਦਿੱਤਾ ਜਾ ਰਿਹਾ ਹੈ। ਜਿੱਥੇ ਪੰਚਾਇਤੀਕਰਨ, ਨਿੱਜੀਕਰਨ ਦੀ ਨੀਤੀਆਂ ਦਾ ਵਿਰੋਧ ਕੀਤਾ ਉੱਥੇ ਪੰਜਾਬ ਸਰਕਾਰ ਮੁਲਾਜਮਾਂ ਦੀਆਂ ਤਨਖਾਹਾਂ ਵਿੱਚ 2400/- ਸਲਾਨਾ ਕਟੋਤੀ ਦੀ ਜੋਰਦਾਰ ਨਿਖੇਧੀ ਕੀਤੀ। ਮੁਲਾਜਮਾਂ ਦੀ ਡੀ.ਏ. ਦੀ ਕਿਸ਼ਤ ਦੇ ਬਕਾਏ ਜਾਰੀ ਨਹੀਂ ਕੀਤੇ ਜਾ ਰਹੇ, ਪੇ ਕਮਿਸ਼ਨ ਲਾਗੂ ਨਹੀਂ ਕੀਤਾ ਜਾ ਰਿਹਾ। ਇਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲ ਸਪਲਾਈ ਅਤੇ ਸੈਨੀਟਸ਼ਨ ਵਿਭਾਗ ਦੀ ਡਿਪਟੀ ਡਾਇਰੈਕਟਰ ਪ੍ਰਸ਼ਾਸ਼ਨ ਤੇ ਵਿੱਤ ਕੰਟਰੋਲਰ ਵੱਲੋਂ ਫੀਲਡ ਤੇ ਕੰਟਰੈਕਟ ਮੁਲਾਜਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 20 ਦਸੰਬਰ ਤੱਕ ਮੁੱਖ ਦਫਤਰ ਪਟਿਆਲਾ ਵਿਖੇ ਧਰਨਾਂ ਲਗਾਤਾਰ ਜਾਰੀ ਰੱਖਿਆ ਜਾਵੇਗਾ। ਲੋੜ ਅਨੁਸਾਰ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਨ੍ਹਾਂ ਤੋਂ ਇਲਾਵਾ ਮੋਟੀਵੇਟਰ ਤੇ ਮਾਸਟਰ ਮੋਟੀਵੇਟਰ ਵਰਕਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਬੰਗਾ ਸਿੰਘ, ਗੁਰਚਰਨ ਸਿੰਘ, ਖਾਕਟਾਂ ਕਲਾਂ ਨੇ ਵੀ ਸੰਬੋਧਨ ਕੀਤਾ।

