ਤੀਸਰੇ ਦੁਬਈ ਇੰਟਰਨੈਸ਼ਨਲ ਰਿਦਮਿਕ ਜਿਮਨਾਸਟਿਕ ਕੱਪ‐2018′ ‘ਚ ਜੇਤੂ ਵਿਦਿਆਰਥੀਆਂ ਦਾ ਕੀਤਾ ਨਿੱਘਾ ਸਵਾਗਤ
ਅੰਮ੍ਰਿਤਸਰ, 11 ਦਸੰਬਰ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਖ਼ਾਲਸਾ ਕਾਲਜ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ ਜੀ. ਟੀ. ਰੋਡ ਦੇ ਵਿਦਿਆਰਥੀਆਂ (ਲੜਕੀਆਂ) ਨੇ ਦੁਬਈ ਵਿਖੇ ਭਾਰਤ ਦੀ ਟੀਮ ਵੱਲੋਂ ਖੇਡੇ ‘ਤੀਸਰੇ ਦੁਬਈ ਇੰਟਰਨੈਸ਼ਨਲ ਰਿਦਮਿਕ ਜਿਮਨਾਸਟਿਕ ਕੱਪ‐2018’ ‘ਚ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ, ਵਿੱਦਿਅਕ ਅਦਾਰੇ ਅਤੇ ਮਾਤਾ ਦਾ ਨਾਮ ਰੌਸ਼ਨ ਕੀਤਾ ਹੈ।
ਮੁਕਾਬਲੇ ਦੌਰਾਨ ਕੁਲ 14 ਵਿਦਿਆਰਥੀਆਂ ਦੀ ਟੀਮ ਸੀ, ਜਿਨ੍ਹਾਂ 6 ਵਿਦਿਆਰਥਣਾਂ ਖ਼ਾਲਸਾ ਕਾਲਜ ਪਬਲਿਕ ਸਕੂਲ ਅਤੇ 2 ਵਿਦਿਆਰਥਣਾਂ ਖ਼ਾਲਸਾ ਕਾਲਜ ਦੀਆਂ ਸਨ। ਜਿਨ੍ਹਾਂ ਦਾ ਖ਼ਾਲਸਾ ਅਦਾਰਿਆਂ ‘ਚ ਪੁੱਜਣ ‘ਤੇ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਉਕਤ ਵਿਦਿਆਰਥਣਾਂ ਨੂੰ ਜਿਮਨਾਸਟਿਕ ‘ਚ ਕੀਤੇ ਵਧੀਆ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਇਸ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ: ਏ. ਐਸ. ਗਿੱਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਨ੍ਹਾਂ ਦੀ ਰਹਿਨੁਮਾਈ ਹੇਠ ਉਕਤ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਹੋਰਨਾਂ ਗਤੀਵਿਧੀਆਂ ‘ਚ ਵੀ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੇ ਹਨ।
ਇਸ ਮੌਕੇ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਪ੍ਰਿੰਸ: ਗਿੱਲ ਨੇ ਸਾਂਝੇ ਤੌਰ ‘ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਕਤ ਮੁਕਾਬਲੇ ਜੋ ਕਿ 8 ਦਸੰਬਰ ਤੱਕ ਦੁਬਈ ਦੇ ਮਿਡਲ ਈਸਟ ‘ਚ ਹੋਏ, ਦੌਰਾਨ ਕੁਲ 19 ਦੇਸ਼ਾਂ ਦੀਆਂ ਕਰੀਬ 60 ਟੀਮਾਂ ਦੇ 450 ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰਿੰ: ਡਾ. ਮਹਿਲ ਸਿੰਘ ਨੇ ਦੱਸਿਆ ਕਿ ਕਾਲਜ ਦੀਆਂ 2 ਵਿਦਿਆਰਥਣਾਂ ਜਿਨ੍ਹਾਂ ‘ਚ ਅਨਕੀਤਾ ਸਚਦੇਵਾ 1 ਸੋਨੇ, 1 ਚਾਂਦੀ ਤੇ 1 ਕਾਂਸੇ ਅਤੇ ਸਰਪ੍ਰੀਤ ਕੌਰ ਸੰਧੂ ਨੇ 1 ਸੋਨਾ ਅਤੇ 1 ਕਾਂਸੇ ਦਾ ਤਮਗਾ ਹਾਸਲ ਕੀਤਾ।
ਖ਼ਾਲਸਾ ਸਕੂਲ ਦੇ ਪ੍ਰਿੰ: ਸ: ਗਿੱਲ ਨੇ ਇਸ ਮੌਕੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਸਕੂਲ ਦੀਆਂ 6 ਵਿਦਿਆਰਥਣਾਂ ਨੇ ਉਕਤ ਮੁਕਾਬਲੇ ‘ਚ ਹਿੱਸਾ ਲਿਆ, ਜਿਸ ‘ਚ ਪ੍ਰੀਤੀ ਨੇ 1 ਸੋਨੇ, 5 ਕਾਂਸੇ, ਸੁਖਮਨਦੀਪ ਕੌਰ ਨੇ 2 ਸੋਨੇ, 1 ਕਾਂਸੇ, ਪ੍ਰਲੀਨ ਨੇ 2 ਸੋਨੇ, 1 ਕਾਂਸੇ, ਗੀਤਾਂਜ਼ਲੀ ਨੇ 1 ਸੋਨੇ, 1 ਚਾਂਦੀ ਅਤੇ ਇਕ ਕਾਂਸੇ, ਪ੍ਰਿਯਾਸ਼ੂੰ ਕਾਲੀਆ ਨੇ 1 ਸੋਨੇ, 1 ਕਾਂਸੇ ਦਾ ਤਮਗਾ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਨੇ ਕੁਲ 8 ਸੋਨੇ, 6 ਚਾਂਦੀ ਅਤੇ 9 ਕਾਂਸੇ ਦੇ ਤਗਮੇ ਸਮੇਤ 23 ਤਗਮੇ ਹਾਸਲ ਕੀਤੇ। ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਅਤੇ ਪ੍ਰਿੰ: ਸ: ਗਿੱਲ ਨੇ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕਰਦਿਆਂ ਹੋਰਨਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਹੋਰਨਾਂ ਗਤੀਵਿਧੀਆਂ ਲਈ ਉਤਸ਼ਾਹਿਤ ਕੀਤਾ।

