ਤੇਲੰਗਾਨਾ ‘ਚ ਚੰਦਰਸ਼ੇਖਰ ਨੇ ਚੁੱਕੀ ਮੁੱਖ ਮੰਤਰੀ ਅਹੁਦੇ ਦੀ ਸਹੁੰ
ਹੈਦਰਾਬਾਦ 13 ਦਸੰਬਰ (ਮਧੂਸਾਰ ਬਿਊਰੋ) ਤੇਲੰਗਾਨਾ ਰਾਸ਼ਟਰ ਕਮੇਟੀ (ਟੀ.ਆਰ.ਐੱਸ.) ਦੇ ਪ੍ਰਮੁੱਖ ਕੇ. ਚੰਦਰਸ਼ੇਖਰ ਰਾਵ ਨੇ ਰਾਜ ਦੇ ਮੁੱਖ ਮੰਤਰੀ ਦੇ ਰੂਪ ‘ਚ ਵੀਰਵਾਰ ਨੂੰ ਸਹੁੰ ਚੁੱਕੀ। ਤੇਲੰਗਾਨਾ ਰਾਜ ਭਵਨ ‘ਚ ਸਹੁੰ ਚੁੱਕ ਸਮਾਰੋਹ ‘ਚ ਪਾਰਟੀ ਨੇਤਾਵਾਂ ਦੀ ਮੌਜੂਦਗੀ ‘ਚ ਉਨ੍ਹਾਂ ਨੇ ਸਹੁੰ ਚੁਕੀ। ਸਹੁੰ ਚੁੱਕ ਸਮਾਰੋਹ ਤੋਂ ਬਾਅਦ ਵਿਧਾਇਕ ਦਲਾਂ ਦੀ ਬੈਠਕ ਹੋਵੇਗੀ, ਜਿੱਥੇ ਵਿਧਾਇਕ ਕੇ.ਸੀ.ਆਰ. ਨੂੰ ਆਪਣਾ ਨੇਤਾ ਚੁਣਨਗੇ। ਟੀ.ਆਰ.ਐੱਸ. ਨੇ 119 ਮੈਂਬਰੀ ਵਿਧਾਨ ਸਭਾ ‘ਚ 88 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ।
ਇਸ ਵਾਰ ਟੀ.ਆਰ.ਐੱਸ. ਨੇ ਰਾਜ ‘ਚ ਇਕੱਲੇ ਹੀ ਚੋਣਾਂ ਲੜੀਆਂ ਸਨ। ਉਨ੍ਹਾਂ ਦੇ ਖਿਲਾਫ ਕਾਂਗਰਸ-ਟੀ.ਡੀ.ਪੀ. ਖੱਬੇ ਪੱਖੀ ਦਲਾਂ ਦਾ ਮਜ਼ਬੂਤ ਗਠਜੋੜ ਖੜ੍ਹਾ ਸੀ ਪਰ ਕੇ.ਸੀ.ਆਰ. ਦੇ ਤੂਫਾਨ ‘ਚ ਸਾਰੇ ਉੱਡ ਗਏ। ਇਸ ਤੋਂ ਇਲਾਵਾ ਟੀ.ਆਰ.ਐੱਸ. ਸਮਰਥਕ ਅਸਦੁਦੀਨ ਓਵੈਸੀ ਦੀ ਏ.ਆਈ.ਐੱਮ.ਆਈ.ਐੱਮ. ਨੇ ਵੀ ਹੈਦਰਾਬਾਦ ‘ਚ ਜ਼ਬਰਦਸਤ ਪ੍ਰਦਰਸ਼ਨ ਕੀਤਾ। ਮੁੱਖ ਮੰਤਰੀ ਕੇ. ਸੀ. ਰਾਵ ਨੇ ਸਮੇਂ ਤੋਂ 9 ਮਹੀਨੇ ਪਹਿਲਾਂ ਹੀ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਦਾਅ ਚੱਲਿਆ ਸੀ ਜੋ ਪੂਰੀ ਤਰ੍ਹਾਂ ਸਫ਼ਲ ਰਿਹਾ।

