ਪਟਿਆਲਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿਆਖਿਆ ਸ਼ਾਸਤਰ ਹਿਤ ਵਰਕਸ਼ਾਪ ਸੰਪੰਨ

ਪਟਿਆਲਾ, 17 ਦਸੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿਆਖਿਆ ਸ਼ਾਸਤਰ ਹਿਤ ਪਿਛਲੇ ਪੰਦਰਾਂ ਦਿਨਾਂ ਤੋਂ ਚਲਾਈ ਜਾ ਰਹੀ ਵਰਕਸ਼ਾਪ ਅੱਜ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਸੰਪੰਨ ਹੋ ਗਈ।

ਇਸ ਵਿਦਾਇਗੀ ਸਮਾਰੋਹ ਵਿਚ ਸ਼੍ਰੀ ਗੁਰੂ ਗ੍ਰੰਥ ਸਿੰਘ ਵਿਸ਼ਵ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਵਾਈਸ-ਚਾਂਸਲਰ ਡਾ. ਸੁਖਦਰਸ਼ਨ ਸਿੰਘ ਖਹਿਰਾ ਉਚੇਚੇ ਤੌਰ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਉਨ੍ਹਾਂ ਵਿਭਾਗ ਨੂੰ ਵਿਸ਼ੇਸ ਤੌਰ ਤੇ ਵਧਾਈ ਦਿੰਦਿਆਂ ਕਿਹਾ ਕਿ ਵਿਲੱਖਣੀ ਵਿਧੀ ਰਾਹੀਂ ਲਗਾਈ ਗਈ ਅਜਿਹੀ ਵਿਲੱਖਣ ਕਿਸਮ ਦੀ ਵਰਕਸ਼ਾਪ ਲਈ ਵਿਭਾਗ ਸਚਮੁੱਚ ਹੀ ਵਧਾਈ ਦਾ ਪਾਤਰ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਪ੍ਰਸੰਗਿਕਤਾ ਅੱਜ ਦੇ ਦੌਰ ਵਿਚ ਹੋਰ ਵੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਨੁੱਖੀ ਅਧਿਕਾਰਾਂ ਬਾਰੇ ਆਧੁਨਿਕ ਚਿੰਤਕ ਹੁਣ ਚੇਤੰਨ ਹੋ ਰਹੇ ਹਨ ਉਨ੍ਹਾਂ ਬਾਰੇ ਗੁਰੂ ਸਾਹਿਬ ਨੇ ਸਾਢੇ ਪੰਜ ਸੌ ਸਾਲ ਪਹਿਲਾਂ ਹੀ ਚੇਤਨਤਾ ਫੈਲਾਅ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਨੇ ਸਮਾਜ ਵਿਚਲੇ ਹਰ ਵਿਤਕਰੇ ਦਾ ਵਿਰੋਧ ਕੀਤਾ ਸੀ।
ਵਰਕਸ਼ਾਪ ਬਾਰੇ ਬੋਲਦਿਆਂ ਵਿਭਾਗ ਮੁਖੀ ਡਾ. ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਭਰ ਦੇ ਵਖ-ਵਖ ਅਦਾਰਿਆਂ ਜਿਨ੍ਹਾਂ ਵਿਚ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ, ਖਾਲਸਾ ਕਾਲਜ ਪਟਿਆਲਾ, ਪੰਥ ਰਤਨ ਗੁਰਚਰਨ ਸਿੰਘ ਟੌਹੜਾ ਸਿੱਖ ਅਧਿਐਨ ਕੇਂਦਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਆਦਿ ਤੋਂ ਸਕਾਲਰਾਂ ਨੇ ਇਸ ਵਰਕਸ਼ਾਪ ਵਿਚ ਹਿੱਸਾ ਲਿਆ ਅਤੇ ਮਨ ਲਗਾ ਕੇ ਇਸ ਖੋਜ਼ ਕਾਰਜ ਵਿਚ ਆਪਣਾ ਯੋਗਦਾਨ ਪਾਇਆ। ਉਨ੍ਹਾਂ ਦੱਸਿਆ ਕਿ ਵਰਕਸ਼ਾਪ ਦੌਰਾਨ ਬਹੁਤ ਹੀ ਮਿਹਨਤ ਨਾਲ 225 ਮੂਲ ਸੰਕਲਪਾਂ ਦੀ ਇਕ ਸੂਚੀ ਤਿਆਰ ਕੀਤੀ ਗਈ ਜਿਨ੍ਹਾਂ ਉੱਪਰ ਵਖ-ਵਖ ਸਕਾਲਰ-ਸਮੂਹਾਂ ਵੱਲੋਂ ਪੰਦਰਾਂ ਦਿਨ ਨਿੱਠ ਕੇ ਕਾਰਜ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਵਰਕਸ਼ਾਪ ਦੌਰਾਨ ਕੀਤੇ ਗਏ ਕੰਮ ਦੀ ਰਿਪੋਰਟ, ਜਿਸ ਵਿਚ ਕਿ ਇਨ੍ਹਾਂ ਸੰਕਲਪਾਂ ਦੀ ਸੂਚੀ ਅਤੇ ਇਸ ਉੱਪਰ ਹੋਇਆ ਕਾਰਜ ਸ਼ਾਮਿਲ ਹੈ, ਦਾ ਖਰੜਾ ਵੀ ਇਸ ਵਿਦਾਇਗੀ ਸ਼ੈਸਨ ਵਿਚ ਰਿਲੀਜ਼ ਕੀਤੀ ਗਈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬੱਤਰਾ ਵੱਲੋਂ ਬੋਲਦਿਆਂ ਕਿਹਾ ਗਿਆ ਕਿ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਉਤਸਵ ਤੇ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਵਿਚ ਇਹ ਵਿਭਾਗ ਸ਼ਾਨਦਾਰ ਭੂਮਿਕਾ ਨਿਭਾ ਰਿਹਾ ਹੈ।
ਵਰਕਸ਼ਾਪ ਵਿਚ ਸ਼ਿਰਕਤ ਕਰਨ ਵਾਲੇ ਸਕਾਲਰਾਂ ਵੱਲੋਂ ਆਪੋ ਆਪਣੇ ਅਨੁਭਵ ਵੀ ਮੰਚ ਤੇ ਸਾਂਝੇ ਕੀਤੇ ਗਏ ਅਤੇ ਭਵਿੱਖ ਵਿਚ ਵੀ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਕਰਨ ਦਾ ਸੁਝਾਅ ਪੇਸ਼ ਕੀਤਾ ਗਿਆ।

Leave a Reply

Your email address will not be published. Required fields are marked *