ਪੰਜਾਬਪਟਿਆਲਾ

ਕਿਸਾਨ ਝਾੜ ਨਾ ਵੇਖਣ, ਆਪਣੀ ਆਮਦਨ ਵੱਲ ਧਿਆਨ ਦੇਣ: ਪੀ ਏ ਯੂ

ਕਣਕ ਲਈ ਪੀ ਬੀ ਡਬਲਿਊ -725 ਕਿਸਮ ਦੀ ਸਿਫ਼ਾਰਿਸ਼, ਪੀਲੀ ਅਤੇ ਭੂਰੀ ਕੁੰਗੀ ਦੀ ਮਾਰ ਨਹੀਂ ਪਵੇਗੀ
ਪਟਿਆਲਾ, 16 ਸਤੰਬਰ (ਮਧੂਸਾਰ ਬਿਊਰੋ)
ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਵੱਲੋਂ ਪਟਿਆਲਾ-ਨਾਭਾ ਰੋਡ ‘ਤੇ ਲਾਏ ਗਏ ਕਿਸਾਨ ਮੇਲ ‘ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕਿਸਾਨ ਆਪਣੇ ਖੇਤ ‘ਚ ਫ਼ਸਲ ‘ਤੇ ਹੋਣ ਵਾਲੇ ਹਰ ਖ਼ਰਚੇ ਦਾ ਹਿਸਾਬ ਰੱਖਣ, ਤਾਂ ਕਿ ਉਸ ਦਾ ਸਹੀ ਮੁੱਲ ਕੱਢ ਸਕਣ।

ਉਨ੍ਹਾਂ ਕਿਹਾ ਕਿ ਗੁਆਂਢੀ ਦੀ ਜ਼ਿਆਦਾ ਹਰੀ ਫ਼ਸਲ ਵੇਖ ਕੇ ਜ਼ਿਆਦਾ ਖਾਦ ਪਾਉਣ ਦੀ ਕੋਸ਼ਿਸ਼ ਨਾ ਕਰਨ। ਜਾਂ ਇੱਕ ਦੂਸਰੇ ਨੂੰ ਵੇਖ ਕੇ ਦਵਾਈਆਂ ਦੀ ਸਪਰੇਅ ਨਾ ਕਰਨ। ਪੀ ਏ ਯੂ ਦੇ ਵਾਈਸ ਚਾਂਸਲਰ ਨੇ ਕਿਹਾ ਕਿ ਕਿਸਾਨ ਫ਼ਸਲ ਦੇ ਝਾੜ ਵੱਲ ਨਾ ਵੇਖਣ, ਉਹ ਫ਼ਸਲ ਤੋਂ ਹੋਣ ਵਾਲੀ ਆਪਣੀ ਆਮਦਨ ਵੱਲ ਧਿਆਨ ਦੇਣ।
ਡਾ. ਢਿੱਲੋਂ ਨੇ ਕਿਹਾ ਕਿ ਜੇ ਕਰ ਅਸੀਂ ਇੱਕ ਰੁਪਿਆ ਵੱਧ ਖ਼ਰਚ ਕੇ ਸਿਰਫ਼ ਇੱਕ ਆਨੇ ਦੀ ਹੀ ਆਮਦਨ ਵਧਾ ਰਹੇ ਹਾਂ ਤਾਂ ਇਹ ਕੋਈ ਲਾਹੇਵੰਦ ਫ਼ੈਸਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਫ਼ਸਲ ਦਾ ਐਮ. ਐਸ. ਪੀ. ਅਤੇ ਝਾੜ ਲਗਭਗ ਆਪਣੇ ਸਿਰੇ ‘ਤੇ ਪੁੱਜ ਗਏ ਹਨ ਇਸ ਲਈ ਸਾਨੂੰ ਖੇਤੀ ਦੀ ਲਾਗਤ ਘੱਟ ਕਰਦਿਆਂ ਹੋਰ ਸਹਾਇਕ ਧੰਦੇ ਖੇਤੀ ਦੇ ਨਾਲ ਅਪਣਾਉਣੇ ਪੈਣਗੇ। ਨਾਲ ਹੀ ਉਨ੍ਹਾਂ ਝੋਨੇ ਦੀ ਪਰਾਲੀ ਨਾ ਸਾੜਨ ਦੀ ਅਪੀਲ ਵੀ ਕਿਸਾਨਾਂ ਨੂੰ ਕੀਤੀ।
ਮੇਲੇ ‘ਚ ਬੋਲਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਕੁਮਾਰ ਸੌਰਭ ਰਾਜ ਨੇ ਆਪਣੇ ਭਾਵੁਕਤਾ ਭਰੇ ਭਾਸ਼ਣ ‘ਚ ਕਿਹਾ ਕਿ ਕਈ ਵਾਰੀ ਵੇਖਿਆ ਜਾਂਦਾ ਹੈ ਕਿ ਕਿਸਾਨਾਂ ਨੂੰ ਵਿਗਿਆਨਕਾਂ ਦੀ ਗੱਲ ਸਮਝ ਨਹੀਂ ਆਉਂਦੀ ਅਤੇ ਕਈ ਵਾਰੀ ਵਿਗਿਆਨਕ ਕਿਸਾਨਾਂ ਦੀ ਜ਼ਰੂਰਤ ਨਹੀਂ ਸਮਝ ਪਾਉਂਦੇ, ਪਰ ਅਜਿਹੇ ਕਿਸਾਨ ਮੇਲਿਆਂ ‘ਚ ਹੀ ਸਾਇੰਸਦਾਨਾਂ ਨੂੰ ਸਹੀ ਫੀਡ ਬੈਕ ਮਿਲ ਸਕਦੀ ਹੈ, ਜਿਸ ਨਾਲ ਉਹ ਆਉਣ ਵਾਲੇ ਦਿਨਾਂ ਲਈ ਫ਼ਸਲਾਂ ਜਾਂ ਦਵਾਈਆਂ ਦੀ ਕਿਸਮ ਤਿਆਰ ਕਰ ਸਕਦੇ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੱਕ ਤਾਂ ਕਿਸਾਨ ਸਹੀ ਫੀਡ ਬੈਕ ਦੇਣ ਅਤੇ ਦੂਜਾ ਪਰਾਲੀ ਸਾੜਨ ਦੀ ਥਾਂ ਇਸ ਦਾ ਇਸਤੇਮਾਲ ਕਰਨ। ਉਨ੍ਹਾਂ ਬਾਇਓ ਮਾਸ ਰਾਹੀਂ ਗੈੱਸ ਬਣਾਉਣ ਜਾਂ ਕਿਸੇ ਅਦਾਰੇ ਨੂੰ ਵੇਚਣ ਜਾਂ ਫੇਰ ਸਿੱਧੀ ਬਿਜਾਈ ਕਰ ਕੇ ਰਹਿੰਦ ਖੂੰਦ ਨੂੰ ਖੇਤ ‘ਚ ਹੀ ਵਰਤ ਲੈਣ ਦੀ ਅਪੀਲ ਕੀਤੀ। ਖ਼ਰਚੇ ਘਟਾਉਣ ਦੀ ਗੱਲ ਕਰਦਿਆਂ ਸ੍ਰੀ ਸੌਰਭ ਰਾਜ ਨੇ ਕਿਹਾ ਕਿ ਉਹ ਖੁਦ ਕਿਸਾਨ ਪਰਿਵਾਰ ਤੋਂ ਹਨ ਪਰ ਇਹ ਵੇਖ ਕੇ ਬਹੁਤ ਅਫ਼ਸੋਸ ਹੁੰਦਾ ਹੈ ਕਿ ਪੰਜਾਬ ਦਾ ਕਿਸਾਨ ਆਪਣੀ ਵਰਤੋਂ ਲਈ ਸਬਜ਼ੀ ਵੀ ਨਹੀਂ ਉਗਾਉਂਦਾ। ਪੰਜਾਬ ਦੇ ਕਿਸਾਨ ਨੂੰ ਚਾਹੀਦਾ ਹੈ ਕਿ ਆਪਣੇ ਖੇਤ ‘ਚ ਘੱਟੋ ਘੱਟ ਇੱਕ ਫਲ ਵਾਲਾ ਦਰਖ਼ਤ ਜਰੂਰ ਲਾਉਣ, ‘ਤੇ ਆਪਣੇ ਘਰ ਦੀ ਸਬਜ਼ੀ ਖੂਦ ਉਗਾਉਣ। ਨਾਲ ਹੀ ਉਨ੍ਹਾਂ ਕਿਹਾ ਕਿ ਜੇ ਕਰ ਕਿਸੇ ਨੂੰ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਹੈ ਜਾਂ ਸਮੱਸਿਆ ਆਉਂਦੀ ਹੈ ਤਾਂ ਉਨ੍ਹਾਂ ਨੂੰ ਆ ਕੇ ਮਿਲ ਸਕਦੇ ਹਨ। ਉਹ ਹਰ ਵਕਤ ਕਿਸਾਨਾਂ ਦੀ ਹਰ ਸੰਭਵ ਮੱਦਦ ਲਈ ਤਿਆਰ ਹਨ।
ਦੂਜੇ ਪਾਸੇ ਮਾਹਿਰਾਂ ਨੇ ਆਉਣ ਵਾਲੀ ਹਾੜੀ ਦੀ ਫ਼ਸਲ ‘ਚ ਕਣਕ ਲਈ ਪੀ ਬੀ ਡਬਲਿਊ -725 ਕਿਸਮ ਦੀ ਸਿਫ਼ਾਰਿਸ਼ ਕੀਤੀ ਹੈ। ਉਨ੍ਹਾਂ ਦਾ ਕਿਹਨਾਂ ਹੈ ਕਿ ਇਸ ਕਿਸਮ ਨੂੰ ਪੀਲੀ ਅਤੇ ਭੂਰੀ ਕੁੰਗੀ ਦੀ ਮਾਰ ਨਹੀਂ ਪਵੇਗੀ ਅਤੇ ਇਹ 154 ਦਿਨਾਂ ‘ਚ ਪੱਕਣ ਵਾਲੀ ਕਿਸਮ ਹੈ, ਜਿਸ ਤੋਂ 23 ਕਵਿੰਟਲ ਝਾੜ ਪ੍ਰਤੀ ਏਕੜ ਮਿਲ ਸਕਦਾ ਹੈ।
ਇਸ ਤੋਂ ਇਲਾਵਾ ਆਉਣ ਵਾਲੀ ਸਾਉਣੀ ਦੀ ਫ਼ਸਲ ‘ਚ ਝੋਨੇ ਲਈ ਪੀ ਆਰ-126 ਦੀ ਕਿਸਮ ਤਿਆਰ ਕੀਤੀ ਗਈ ਹੈ। ਜਿਸ ਦੇ ਤਜਰਬੇ ਕਰ ਲਏ ਗਏ ਹਨ ਅਤੇ ਸਫਲ ਰਹੇ ਹਨ। 123 ਦਿਨਾਂ ‘ਚ ਪੱਕਣ ਵਾਲੀ ਇਹ ਕਿਸਮ 30.5 ਕਵਿੰਟਲ ਝਾੜ ਦੇਵੇਗੀ। ਮਾਹਿਰਾਂ ਦਾ ਕਹਿਣਾ ਹੈ ਕਿ ਝੋਨੇ ਦੀ ਇਹ ਕਿਸਮ ਬਹੁਤ ਘੱਟ ਪਾਣੀ ਲੈਂਦੀ ਹੈ, ਇਨ੍ਹਾਂ ਘੱਟ ਕਿ ਇਸ ਤੋਂ ਬੱਚੇ ਪਾਣੀ ਨਾਲ ਕਣਕ ਦੀ ਸਿੰਚਾਈ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਘੱਟ ਸਮਾਂ ਲੈਣ ਕਰ ਕੇ ਝੋਨੇ ਤੋਂ ਬਾਅਦ ਬੱਚੇ ਸਮੇਂ ‘ਚ ਆਲੂ, ਹਰਾ ਚਾਰ ਜਾਂ ਕੋਈ ਹੋਰ ਸਬਜ਼ੀ ਲਾਈ ਜਾ ਸਕਦੀ ਹੈ।
ਇਸ ਸ. ਜਸਪਾਲ ਸਿੰਘ ਕਲਿਆਣ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਡਾ. ਰਾਜਿੰਦਰ ਸਿੰਘ ਸਿੱਧੂ ਨਿਰਦੇਸ਼ਕ (ਪਸਾਰ ਸਿੱਖਿਆ), ਡਾ. ਰਾਜਬੀਰ ਸਿੰਘ ਨਿਰਦੇਸ਼ਕ (ਅਟਾਰੀ) ਆਈ.ਸੀ.ਏ.ਆਰ, ਡਾ. ਆਰ.ਕੇ. ਗੁੰਬਰ, ਨਿਰਦੇਸ਼ਕ (ਖੋਜ), ਡਾ. ਗੁਰਮੀਤ ਸਿੰਘ ਬੁੱਟਰ ਵਧੀਕ ਨਿਰਦੇਸ਼ਕ (ਪਸਾਰ ਸਿੱਖਿਆ) ਅਤੇ ਡਾ. ਜਸਵਿੰਦਰ ਸਿੰਘ ਸਹਿਯੋਗੀ ਨਿਰਦੇਸ਼ਕ ਕੇ.ਵੀ.ਕੇ ਰੌਣੀ ਵੀ ਹਾਜ਼ਰ ਸਨ ਜਦਕਿ ਸਟੇਜ ਸਕੱਤਰ ਦੀ ਭੂਮਿਕਾ ਜਸਵਿੰਦਰ ਭੱਲਾ ਨੇ ਨਿਭਾਈ ।

Leave a Reply

Your email address will not be published. Required fields are marked *