ਸਰਕਾਰ ਡੀ.ਏ. ਦੀਆਂ ਕਿਸ਼ਤਾਂ ਅਤੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰੇ
ਪਟਿਆਲਾ 19 ਦਸੰਬਰ (ਮਧੂਸਾਰ ਬਿਊਰੋ) ਪਟਿਆਲਾ ਬਸ ਸਟੈਂਡ ਵਿਖੇ ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਪ੍ਰਧਾਨਗੀ ਹੇਠ ਹੋਈ। ਵੱਖ ਵੱਖ ਡਿਪੂਆਂ ਤੋਂ ਭਾਰੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਸ਼ਿਰਕਤ ਕੀਤੀ।
ਵੱਖ ਵੱਖ ਡਿਪੂਆਂ ਦੇ ਬੁਲਾਰਿਆਂ ਨੇ ਰਹਿੰਦੇ ਬਕਾਏ ਜਿਵੇਂ ਕਿ ਮੈਡੀਕਲ ਬਿਲਾਂ ਦੇ ਬਕਾਏ, 1998-99 ਦੇ ਡੀ.ਏ. ਦੀਆਂ ਕਿਸ਼ਤਾਂ ਦੇ ਬਕਾਏ ਅਤੇ ਟੀ.ਏ. ਤੇ ਓਵਰ ਟਾਇਮ ਦੇ ਬਕਾਏ ਦੇਣ ਦੀ ਮੰਗ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਆਪਣੇ ਸੰਬੋਧਨ ਵਿੱਚ ਜਿਥੇ ਅਦਾਰੇ ਵੱਲ ਰਹਿੰਦੇ ਬਕਾਏ ਦੇਣ ਦੀ ਮੰਗ ਕੀਤੀ ਉਥੇ ਪੰਜਾਬ ਸਰਕਾਰ ਤੋਂ ਡੀ.ਏ. ਦੀਆਂ ਕਿਸ਼ਤਾਂ ਅਤੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਵੀ ਮੰਗ ਕੀਤੀ। ਜਨਰਲ ਸਕੱਤਰ ਹਰੀ ਸਿੰਘ ਚਮਕ ਨੇ ਪੀ.ਆਰ.ਟੀ.ਸੀ. ਲਈ ਖਰੀਦੀਆਂ ਜਾਣ ਵਾਲੀਆਂ 100 ਬਸਾਂ ਦੀ ਕਰਜੇ ਸਬੰਧੀ ਫਾਈਲ ਟਰਾਂਸਪੋਰਟ ਮੰਤਰੀ ਵੱਲੋਂ ਰੋਕੇ ਜਾਣ ਦੀ ਨਿਖੇਧੀ ਕੀਤੀ ਅਤੇ ਦਿੱਲੀ ਸਰਕਾਰ ਵੱਲੋਂ ਪੀ.ਆਰ.ਟੀ.ਸੀ. ਤੇ ਪੰਜਾਬ ਰੋਡਵੇਜ ਦੀਆਂ ਹਵਾਈ ਅੱਡੇ ਦਿੱਲੀ ਤੱਕ ਜਾਂਦੀਆਂ ਬਸਾਂ ਬੰਦ ਕਰਨ ਦੀ ਨਿਖੇਧੀ ਕਰਦਿਆਂ ਪ੍ਰਾਈਵੇਟ ਟਰਾਂਸਪੋਰਟਰਾਂ ਨਾਲ ਮਿਲੀ ਭੁਗਤ ਦੱਸਿਆ। ਇਸ ਸਬੰਧੀ ਦਿੱਲੀ ਸਰਕਾਰ ਦੀ ਮੁਰਦਾਬਾਦ ਹੋਈ ‘ਤੇ ਪੀ.ਆਰ.ਟੀ.ਸੀ. ਦੇ ਲੋਨ ਸਬੰਧੀ ਮਿਸਲ ਰੋਕਣ ਤੇ ਟਰਾਂਸਪੋਰਟ ਮੰਤਰੀ ਦੀ ਵੀ ਮੁਰਦਾਬਾਦ ਹੋਈ।
ਬੁਲਾਰਿਆਂ ਨੇ ਕਿਹਾ ਕਿ ਪੀ.ਆਰ.ਟੀ.ਸੀ. ਦੀਆਂ 100 ਬਸਾਂ ਪਾਉਣ ਵਾਲੀ ਮਿਸਲ ਜਲਦੀ ਪਾਸ ਕੀਤੀ ਜਾਵੇ ਤਾਂ ਕਿ ਪੀ.ਆਰ.ਟੀ.ਸੀ. ਦੀ ਰਫਤਾਰ ਨੂੰ ਬਰੇਕ ਨਾ ਲੱਗਣ। ਉਪਰੋਕਤ ਤੋਂ ਇਲਾਵਾ ਇਸ ਮੀਟਿੰਗ ਨੂੰ ਤਰਸੇਮ ਸਿੰਘ ਕਪੂਰਥਲਾ, ਗਿਆਨ ਚੰਦ ਬੁਢਲਾਡਾ, ਬਚਿੱਤਰ ਸਿੰਘ ਲੁਧਿਆਣਾ, ਹਰਭਜਨ ਸਿੰਘ ਚੰਡੀਗੜ੍ਹ, ਜੋਗਿੰਦਰ ਸਿੰਘ, ਸ਼ਿਵ ਕੁਮਾਰ ਪਟਿਆਲਾ, ਨਛੱਤਰ ਸਿੰਘ ਜਰਗੜੀ ਸੰਗਰੂਰ, ਮਦਨ ਮੋਹਨ ਬਰਨਾਲਾ, ਬਚਨ ਸਿੰਘ ਅਰੋੜਾ, ਜਨਰਲ ਸਕੱਤਰ ਕੇਂਦਰੀ ਬਾਡੀ ਤੋਂ ਇਲਾਵਾ ਬਖਸ਼ੀਸ਼ ਸਿੰਘ, ਅਜੀਤ ਸਿੰਘ, ਪ੍ਰੀਤਮ ਸਿੰਘ ਤੇ ਕਰਮ ਸਿੰਘ ਨੇ ਵੀ ਇਸ ਮੀਟਿੰਗ ਲਈ ਪੂਰਾ ਸਹਿਯੋਗ ਦਿੱਤਾ।

