ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫਰੈਂਡਜ ਆਨ ਵੀਲਜ਼ ਵੱਲੋਂ ਫਤਿਹਗੜ੍ਹ ਸਾਹਿਬ ਤੱਕ ਸਾਈਕਲ ਮਾਰਚ
ਪਟਿਆਲਾ 20 ਦਸੰਬਰ (ਮਧੂਸਾਰ ਬਿਊਰੋ) ਦੁਨੀਆਂ ਦੇ ਇਤਿਹਾਸ ਸੱਭ ਤੋਂ ਵੱਡੀ ਦਿਲ ਕੰਬਾਊ ਘਟਨਾ ਵਜੋਂ ਹਰ ਜ਼ਹਿਨ ਵਿਚ ਘੁੰਮਣ ਵਾਲੀ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਕ ਸਾਈਕਲ ਮਾਰਚ ਇੱਥੋਂ ਗੁਰਦੁਆਰਾ ਸ੍ਰੀ ਦੂਖ ਨਿਵਾਰਣ ਸਾਹਿਬ ਤੋਂ ਸਵੇਰੇ ਸਵੱਖਤੇ ਡੀ.ਆਈ.ਜੀ ਪਟਿਆਲਾ ਰੇਂਜ ਏ. ਐਸ. ਰਾਏ ਨੇ ਝੰਡੀ ਦਿਖਾਕੇ ਰਵਾਨਾ ਕੀਤਾ ਅਤੇ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦਾ ਹੋਇਆ ਫਤਿਹਗੜ੍ਹ ਸਾਹਿਬ ਪੁੱਜਾ।
ਸਾਈਕਲਿੰਗ ਵਿਚ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਤੱਕ ਨਾਮਣਾ ਖੱਟਣ ਵਾਲੇ ਗਰੀਨ ਬਾਈਕਰਜ, ਰੋਆਇਲ ਰੈਨਡੇਉਰ,ਰੋਆਇਲ ਪਟਿਆਲਾ ਰਾਈਡਰਜ਼ ਅਤੇ ਫਰੈਂਡਜ ਆਨ ਵੀਲਜ ਗਰੁੱਪਾਂ ਨੇ ਇਸ ਮਾਰਚ ਵਿਚ ਬਹੁਤ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਭਾਗ ਲਿਆ।ਇਸ ਮੌਕੇ ਸਭਨਾਂ ਮੈਂਬਰਾਂ ਨੂੰ ਸੀ੍ਰ ਰਾਏ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਅਤੇ ਰਣਜੀਤ ਅਖਾੜਾ ਗਰੁੱਪ ਵੱਲੋਂ ਸ. ਮਨਿੰਦਰ ਸਿੰਘ ਦੀ ਅਗਵਾਈ ਵਿਚ ਗੱਤਕੇ ਦੇ ਅਦਭੁਤ ਅਤੇ ਦਿਲਕਸ਼ ਜ਼ੋਹਰ ਵੀ ਦਿਖਾਏ ਗਏ।ਇਸ ਮੌਕੇ ਗੁਰਦੁਆਰਾ ਸ੍ਰੀ ਦੂਖ ਨਿਵਾਰਣ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਵੀ ਉਚੇਚੇ ਤੌਰ ‘ਤੇ ਹਾਜ਼ਰ ਸਨ। ਉਘੇ ਸਾਈਕਲਿਸਟ ਅਤੇ ਵਰਲਡ ਰਿਕਾਰਡ ਸਥਾਪਿਤ ਕਰਨ ਵਾਲੇ ਕੰਵਰ ਗੁਰਪ੍ਰੀਤ ਗਿੱਲ ਨੇ ਦੱਸਿਆ ਕਿ ਇਸ ਮਾਰਚ ਦਾ ਮੂਲ ਉਦੇਸ਼ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਇਕ ਸ਼ਰਧਾਂਜਲੀ ਸੀ ਅਤੇ ਲੋਕਾਈ ਨੂੰ ਮਾਨਵਤਾਵਾਦੀ ਕਰਮ ਕਰਨ ਅਤੇ ਗੁਰੂ ਆਸੇ ਮੁਤਾਬਿਕ ਜੀਵਨ ਜਿਉਣ ਦੀ ਪ੍ਰੇਰਨਾ ਦੇਣਾ ਸੀ।

