ਵਰਲਡ ਯੂਨੀਵਰਸਿਟੀ ਵੱਲੋਂ ਸ਼ਹੀਦੀ ਸਭਾ ਮੌਕੇ ਵੱਖ-ਵੱਖ ਸਮਾਗਮਾਂ ਦਾ ਆਯੋਜਨ
ਫ਼ਤਹਿਗੜ੍ਹ ਸਾਹਿਬ, 26 ਦਸੰਬਰ (ਮਧੂਸਾਰ ਬਿਊਰੋ) ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਵੱਲੋਂ ਸ਼ਹੀਦੀ ਸਭਾ ‘ਤੇ ਵੱਖ-ਵੱਖ ਸਮਾਗਮ ਉਲੀਕੇ ਗਏ ਹਨ।
ਸਮਾਗਮਾਂ ਵਿਚ ਯੂਨੀਵਰਸਿਟੀ ਦੇ ਫ਼ਿਜ਼ਿਓਥਰੈਪੀ ਵਿਭਾਗ ਵੱਲੋਂ ਫਿਜ਼ੀਓਥੈਰੇਪੀ ਅਤੇ ਹੋਮਿਓਪੈਥੀ ਦੇ ਸੇਵਾ ਕੈਂਪ, ਗੁਰਮਤਿ ਪੁਸਤਕ ਪ੍ਰਦਰਸ਼ਨੀ, ਦਸਤਾਰ ਸਿਖਲਾਈ ਸੇਵਾ ਕੈਂਪ ਅਤੇ ਨਾਲ ਹੀ ਸਿੱਖ ਧਰਮ ਸਬੰਧੀ ਜਾਗਰੂਕਤਾ ਫ਼ੈਲਾਉਂਦੀਆਂ ਧਾਰਮਿਕ ਡਾਕੂਮੈਂਟਰੀਆਂ ਦੇ ਸ਼ੋਅ ਸ਼ਾਮਲ ਹਨ।
ਇਸ ਅਵਸਰ ਉੱਤੇ ਯੂਨੀਵਰਸਿਟੀ ਵਲਂੋ ਇਸ ਸ਼ਹੀਦੀ ਦਿਹਾੜੇ ਨੂੰ ਅਕਾਦਮਿਕ ਰੂਪ ਵਿੱਚ ਮਨਾਉਂਦਿਆਂ ਇਕ ਸੈਮੀਨਾਰ ਵੀ ਆਯੋਜੀਤ ਕੀਤਾ ਗਿਆ। ਸੈਮੀਨਾਰ ਦਾ ਵਿਸ਼ਾ ‘ਸਰਹਿੰਦ ਦਾ ਸ਼ਹੀਦੀ ਸਾਕਾ: ਧਾਰਮਿਕ ਆਜ਼ਾਦੀ ਦੇ ਸੰਦਰਭ ਵਿਚ’ ਰਖਿਆ ਗਿਆ। ਇਸ ਮੌਕੇ ਉਤੇ ਮੁੱਖ ਬੁਲਾਰੇ ਦੇ ਤੋਰ ਤੇ ਪ੍ਰੋ. ਬਲਕਾਰ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਪ੍ਰੋ. ਪਰਮਵੀਰ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ। ਇਨਾ ਦੇ ਨਾਲ ਵਰਲਡ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋ. ਅਤੇ ਇੰਚਾਰਜ ਡਾ. ਸਿਕੰਦਰ ਸਿੰਘ ਨੇ ਵੀ ਬੁਲਾਰੇ ਦੇ ਤੋਰ ਤੇ ਸ਼ਿਰਕਤ ਕੀਤੀ। ਇਸ ਸੈਮੀਨਾਰ ਵਿਚ ਡਾ. ਪਰਿਤਪਾਲ ਸਿੰਘ ਰਜਿਸਟਰਾਰ ਵਰਲਡ ਯੂਨੀਵਰਸਿਟੀ ਨੇ ਆਏ ਹੋਏ ਬੁਲਾਰਿਆਂ ਅਤੇ ਸਰੋਤਿਆਂ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਬੁਲਾਰਿਆਂ ਨੇ ਧਾਰਮਿਕ ਆਜ਼ਾਦੀ ਨੂੰ ਬਿਆਨਦੀਆਂ ਕਿਹਾ ਕਿ ਇਹ ਹਰ ਮਨੁੱਖ ਦਾ ਮੂਲ ਹੱਕ ਹੈ। ਪਰ ਸਮੇਂ-ਸਮੇਂ ਵਿਸ਼ੇਸ਼ ਧਰਮ ਨਾਲ ਸਬੰਧਤ ਰਹੇ ਸ਼ਾਸ਼ਕਾਂ ਵਲੋਂ ਆਪਣੇ ਧਰਮ ਦਾ ਬੋਲਬਾਲਾ ਕਰਨ ਲਈ ਹੋਰਨਾ ਧਰਮਾਂ ਦੇ ਲੋਕਾਂ ‘ਤੇ ਕਈ ਧਾਰਮਿਕ ਪਾਬੰਦੀਆਂ ਲਗਾਈਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਨੇ ਇਨ੍ਹਾਂ ਧਾਰਮਿਕ ਪਾਬੰਦੀਆਂ ਦੇ ਖਿਲਾਫ ਹਰ ਇਕ ਦੀ ਧਾਰਮਿਕ ਆਜ਼ਾਦੀ ਦੀ ਗਲ ਕੀਤੀ ਹੈ। ਇਸੇ ਸਿੱਖਿਆ ਨੂੰ ਸਾਹਿਬਜ਼ਾਦਿਆਂ ਨੇ ਸ਼ਹਾਦਤ ਦੇ ਕੇ ਅਮਲੀ ਰੂਪ ਪ੍ਰਦਾਨ ਕੀਤਾ ਹੈ। ਇਸ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਸੁਖਦਰਸ਼ਨ ਸਿੰਘ ਖਹਿਰਾ ਜੀ ਨੇ ਇਸ ਸ਼ਹਾਦਤ ਨੂੰ ਲਾਸਾਨੀ ਸ਼ਹਾਦਤ ਦਸਦਿਆਂ ਕਿਹਾ ਕਿ ਸਮੁੱਚੇ ਜਗਤ ਵਿਚ ਇਸ ਤਰਾਂ ਦੀ ਸ਼ਹਾਦਤ ਦੀ ਕੋਈ ਮਿਸਾਲ ਨਹੀ ਲੱਭਦੀ।
ਇਸ ਅਵਸਰ ਉਤੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਸੁਖਦਰਸ਼ਨ ਸਿੰਘ ਖਹਿਰਾ ਨੇ ਫਿਜ਼ੀਓਥੈਰੇਪੀ ਅਤੇ ਹੋਮਿਓਪੈਥੀ ਦੇ ਸੇਵਾ ਕੈਂਪ ਦਾ ਉਦਘਾਟਨ ਕੀਤਾ। ਵਰਲਡ ਯੂਨੀਵਰਸਿਟੀ ਦੇ ਅਧਿਕਾਰਿਆਂ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਸ਼ਹੀਦੀ ਸਭਾ ਦੌਰਾਨ ਚਲਾਏ ਜਾ ਰਹੇ ਇਨ੍ਹਾਂ ਸੇਵਾ ਕਾਰਜਾਂ ਦਾ ਮੁੱਖ ਮੰਤਵ ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਖਾਸ ਕਰਕੇ ਨੌਜਵਾਨ ਪੀੜ੍ਹੀ ਵਿਚ ਜਾਗਰੂਕਤਾ ਫੈਲਾਉਣਾ ਹੈ ਤਾਂ ਜੋ ਕਿ ਉਹ ਫ਼ਤਹਿਗੜ੍ਹ ਸਾਹਿਬ ਦੀ ਮੁਕੱਦਸ ਧਰਤੀ ‘ਤੇ ਹੋਈਆਂ ਸ਼ਹਾਦਤਾਂ ਤੋਂ ਸੇਧ ਲੈ ਸਕਣ ਅਤੇ ਆਪਣੇ ਗੌਰਵਮਈ ਵਿਰਸੇ ਨਾਲ ਜੁੜ ਸਕਣ।ਇਨ੍ਹਾਂ ਸੇਵਾ ਕਾਰਜਾਂ ਵਿੱਚ ਯੂਨੀਵਰਸਿਟੀ ਦੇ ਉੱਚ ਅਧਿਕਾਰੀ, ਸਟਾਫ਼ ਮੈਂਬਰ ਅਤੇ ਵਿਦਿਆਰਥੀਆਂ ਵੱਲੋਂ ਵੱਧ ਚੜ੍ਹ ਕੇ ਸੇਵਾ ਕਾਰਜ ਕੀਤੇ ਜਾ ਰਹੇ ਹਨ।ਇਸ ਤੋਂ ਇਲਾਵਾ ਅਧਿਕਾਰਿਆਂ ਨੇ ਇਹ ਵੀ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸਮੇਂ-ਸਮੇਂ ਉਤੇ ਅਜਿਹੀਆਂ ਧਾਰਮਿਕ ਅਤੇ ਉਸਾਰੂ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਪਾਉਣਾ ਆਪਣਾ ਫ਼ਰਜ਼ ਸਮਝਦੀ ਹੈ ਕਿਉਂਕਿ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਉਤੇ ਇਸ ਯੂਨੀਵਰਸਿਟੀ ਦੀ ਸਥਾਪਨਾ ਦਾ ਮੁੱਖ ਉਦੇਸ਼ ਹੀ ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਸੰਸਾਰ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਹੈ।
ਇਸ ਮਗਰੋਂ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਪ੍ਰਿਤਪਾਲ ਸਿੰਘ ਨੇ ਜਿੱਥੇ ਸਭ ਨੂੰ ਆਪਣੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਸੰਭਾਲਣ ਲਈ ਉਤਸ਼ਾਹਿਤ ਕੀਤਾ ਉਥੇ ਨਾਲ ਹੀ ਹਰ ਸਮੇਂ ਚੜ੍ਹਦੀਕਲਾ ਵਿਚ ਰਹਿਣ ਅਤੇ ਸਰਬੱਤ ਦੇ ਭਲੇ ਲਈ ਕਾਰਜ ਕਰਨ ਲਈ ਪ੍ਰੇਰਿਆ।ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਨੌਜਵਾਨਾਂ ਅਤੇ ਬੱਚਿਆਂ ਨੂੰ ਸਿੱਖ ਇਤਿਹਾਸ, ਸਿੱਖ ਸਿਧਾਂਤਾਂ ਅਤੇ ਸਿੱਖ ਵਿਚਾਰਧਾਰਾ ਪ੍ਰਤੀ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ।ਇਸ ਅਵਸਰ ਉਤੇ ਯੂਨੀਵਰਸਿਟੀ ਦੇ ਡੀਨ ਖੋਜ ਡਾ. ਆਰ. ਕੇ. ਸ਼ਰਮਾ ਅਤੇ ਡੀਨ ਵਿਦਿਆਰਥੀ ਭਲਾਈ ਡਾ. ਸਰਪ੍ਰੀਤ ਸਿੰਘ, ਯੂਨੀਵਰਸਿਟੀ ਦਾ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਤੇ ਵਿਦਿਆਰਥੀ ਮੌਜੂਦ ਸਨ।

