ਪਟਿਆਲਾ

ਪਟਿਆਲਾ ਜ਼ਿਲ੍ਹੇ ਦੇ ਤਿੰਨ ਪਿੰਡਾਂ ‘ਚ ਦੁਬਾਰਾ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਸੰਪੰਨ

ਪਿੰਡ ਲਾਛੜੂ ਕਲਾਂ ਤੇ ਹਰੀ ਮਾਜਰਾ ‘ਚ 86 ਫ਼ੀਸਦੀ ਤੇ ਮਹਿਮਦਪੁਰ ‘ਚ 40 ਫ਼ੀਸਦੀ ਪਈਆਂ ਵੋਟਾਂ
ਪਟਿਆਲਾ, 2 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪਟਿਆਲਾ ਜ਼ਿਲ੍ਹੇ ਦੇ 3 ਪਿੰਡਾਂ ‘ਚ ਪੰਚਾਇਤ ਚੋਣਾਂ ਅੱਜ ਦੁਬਾਰਾ ਕਰਵਾਈਆਂ ਗਈਆਂ ਹਨ ਅਤੇ ਇਨ੍ਹਾਂ ਪਿੰਡਾਂ ‘ਚ ਮੁੜ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ।
ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਘਨੌਰ ਬਲਾਕ ਦੇ ਪਿੰਡ ਲਾਛੜੂ ਕਲਾਂ ਦੀ ਪੂਰੀ ਪੰਚਾਇਤ ਅਤੇ ਪਿੰਡ ਹਰੀ ਮਾਜਰਾ ਦੇ ਸਰਪੰਚ ਦੀ ਚੋਣ ਲਈ 86 ਫ਼ੀਸਦੀ ਅਤੇ ਪਟਿਆਲਾ ਬਲਾਕ ਦੇ ਪਿੰਡ ਮਹਿਮਦਪੁਰ ਦੀ ਪੂਰੀ ਪੰਚਾਇਤ ਦੀ ਚੋਣ ਲਈ 40 ਫ਼ੀਸਦੀ ਵੋਟਰਾਂ ਨੇ ਦੁਬਾਰਾ ਵੋਟਾਂ ਪਾਈਆਂ ਹਨ।

ਇਸੇ ਦੌਰਾਨ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਲਾਛੜੂ ਕਲਾਂ ‘ਚ ਬੈਲੇਟ ਪੇਪਰ ‘ਚ ਤਕਨੀਕੀ ਗ਼ਲਤੀ ਛਪਣ ਕਰਕੇ, ਪਿੰਡ ਹਰੀ ਮਾਜਰਾ ‘ਚ ਜਾਅਲੀ ਬੈਲੇਟ ਪੇਪਰ ਫ਼ੜੇ ਜਾਣ ਕਰਕੇ ਅਤੇ ਪਿੰਡ ਮਹਿਮਦਪੁਰ ਵਿਖੇ ਵੋਟਾਂ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਹਿੰਸਾ ਕਰਨ ਕਰਕੇ ਇਹ ਵੋਟਾਂ ਮੁੜ ਪੁਆਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਪਿੰਡਾਂ ‘ਚ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਮਗਰੋਂ ਵੋਟਾਂ ਦੀ ਗਿਣਤੀ ਕਰਵਾ ਕੇ ਨਤੀਜੇ ਐਲਾਨ ਦਿੱਤੇ ਗਏ ਹਨ।
ਪਟਿਆਲਾ ਦੇ ਐਸ.ਡੀ.ਐਮ. ਸ. ਅਨਮੋਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿੰਡ ਮਹਿਮਦਪੁਰ ਵਿਖੇ ਵੋਟਾਂ ਪੁਆਉਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ ਤੇ ਇੱਥੇ 40 ਫ਼ੀਸਦੀ ਵੋਟਰਾਂ ਨੇ ਆਪਣਾ ਮੱਤਦਾਨ ਕੀਤਾ ਹੈ। ਜਦੋਂਕਿ ਐਸ.ਡੀ.ਐਮ. ਰਾਜਪੁਰਾ ਸ੍ਰੀ ਸ਼ਿਵ ਕੁਮਾਰ ਨੇ ਦੱਸਿਆ ਕਿ ਘਨੌਰ ਬਲਾਕ ਦੇ ਪਿੰਡ ਲਾਛੜੂ ਕਲਾਂ ਦੀ ਪੂਰੀ ਪੰਚਾਇਤ ਲਈ ਅਤੇ ਪਿੰਡ ਹਰੀ ਮਾਜਰਾ ਦੇ ਸਰਪੰਚ ਦੀ ਚੋਣ ਲਈ 86 ਫ਼ੀਸਦੀ ਵੋਟਾਂ ਦਾ ਭੁਗਤਾਨ ਹੋਇਆ ਹੈ।

Leave a Reply

Your email address will not be published. Required fields are marked *