ਪੰਜਾਬ

ਮੋਦੀ ਦੀ ਜੁਮਲੇਬਾਜ਼ੀ ਹੁਣ ਬਹੁਤੇ ਦਿਨ ਨਹੀਂ ਚੱਲੇਗੀ : ਸੁਨੀਲ ਜਾਖੜ

ਪ੍ਰਧਾਨ ਮੰਤਰੀ ਗਰੀਬ ਹੋਣ ਦਾ ਕਰਦੇ ਨੇ ਦਿਖਾਵਾ
ਟਰਾਂਸਪੋਰਟ ਮੰਤਰੀ ਅਰੁਨਾ ਚੌਧਰੀ ਦੀ ਅਗਵਾਈ ‘ਚ ਦੀਨਾਨਗਰ ਵਿਖੇ ਹੋਈ ਧੰਨਵਾਦ ਰੈਲੀ
ਸਰਬਜੀਤ ਸਾਗਰ, ਦੀਨਾਨਗਰ, 10 ਜਨਵਰੀ
ਮੈਂਬਰ ਪਾਰਲੀਮੈਂਟ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਡਾ ਜੁਮਲੇਬਾਜ਼ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਉਸਦੀ ਜੁਮਲੇਬਾਜ਼ੀ ਹੁਣ ਬਹੁਤੇ ਦਿਨ ਨਹੀਂ ਚੱਲੇਗੀ ਅਤੇ ਲੋਕ ਭਾਜਪਾ ਸਰਕਾਰ ਨੂੰ ਆਉਂਦੇ ਕੁਝ ਮਹੀਨਿਆਂ ‘ਚ ਚੱਲਦਾ ਕਰ ਦੇਣਗੇ। ਸ਼੍ਰੀ ਜਾਖੜ ਅੱਜ ਦੀਨਾਨਗਰ ‘ਚ ਟਰਾਂਸਪੋਰਟ ਮੰਤਰੀ ਅਰੁਨਾ ਚੌਧਰੀ ਵੱਲੋਂ ਰੱਖੀ ਇੱਕ ਵਰਕਰ ਧੰਨਵਾਦ ਰੈਲੀ ‘ਚ ਸ਼ਾਮਲ ਹੋਣ ਲਈ ਪੁੱਜੇ ਹੋਏ ਸਨ। ਇਸ ਰੈਲੀ ‘ਚ ਲੰਘੀਆਂ ਚੋਣਾਂ ਦੇ ਜੇਤੂ ਪੰਚਾਂ-ਸਰਪੰਚਾਂ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦਾ ਸਨਮਾਨ ਅਤੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ ਗਿਆ।

ਰੈਲੀ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਮੋਦੀ ਦਾ ਜਾਦੂ ਹੁਣ ਲੋਕਾਂ ਦੇ ਸਿਰ ਤੋਂ ਉੱਤਰ ਚੁੱਕਾ ਹੈ, ਜਿਸਦਾ ਸਬੂਤ ਗੁਰਦਾਸਪੁਰ ਦੀ ਰੈਲੀ ਦਾ ਫ਼ਲਾਪ ਹੋਣਾ ਹੈ। ਉਨ੍ਹਾਂ ਕਿਹਾ ਕਿ ਰੈਲੀ ਦਾ ਆਯੋਜਨ ਲੋਕਾਂ ਦਾ ਦਿਲ ਜਿੱਤ ਕੇ ਆਗਾਮੀ ਲੋਕ ਸਭਾ ਚੋਣਾਂ ‘ਚ ਲਾਹਾ ਲੈਣ ਦੇ ਮਕਸਦ ਤਹਿਤ ਕੀਤਾ ਗਿਆ ਸੀ ਪਰ ਆਪਣੇ ਭਾਸ਼ਣ ਦੌਰਾਨ ਮੋਦੀ ਸਿਰਫ਼ ਵਿਰੋਧੀਆਂ ਨੂੰ ਹੀ ਭੰਡਦੇ ਰਹੇ ਅਤੇ ਆਮ ਲੋਕਾਂ ਨੂੰ ਉਨ੍ਹਾਂ ਕੁਝ ਵੀ ਨਾ ਦੇ ਕੇ ਭਾਰੀ ਨਿਰਾਸ਼ ਕੀਤਾ। ਉਨ੍ਹਾਂ ਮੋਦੀ ਦੁਆਰਾ ਖ਼ੁਦ ਨੂੰ ਗਰੀਬ ਕਿਸਾਨ ਦਾ ਪੁੱਤਰ ਦੱਸਣ ਨੂੰ ਵੀ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਕਰੋੜਾਂ ਦੇ ਸੂਟ-ਬੂਟ ਪਾਣ ਵਾਲਾ ਲੀਡਰ ਗਰੀਬ ਕਿਵੇਂ ਹੋ ਸਕਦਾ ਹੈ, ਇਹ ਤਾਂ ਸਿਰਫ਼ ਗਰੀਬਾਂ ਨੂੰ ਪਿੱਛੇ ਲਗਾਉਣ ਦੀ ਚਾਲ ਹੈ। ਜਿਸ ਵਿੱਚ ਲੋਕ ਹੁਣ ਫੱਸਣ ਵਾਲੇ ਨਹੀਂ ਹਨ ਅਤੇ ਅਗਲੇ ਕੁਝ ਮਹੀਨਿਆਂ ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਮੋਦੀ ਸਰਕਾਰ ਦਾ ਦੇਸ਼ ਵਿੱਚੋਂ ਸਫ਼ਾਇਆ ਕਰ ਦੇਣਗੀਆਂ।
ਇਸ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਅਰੁਨਾ ਚੌਧਰੀ ਨੇ ਦੀਨਾਨਗਰ ਦੇ ਨਵੇਂ ਬਣੇ ਪੰਚਾਂ-ਸਰਪੰਚਾਂ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਚੋਣਾਂ ਵਿੱਚ ਪਾਰਟੀ ਦੀ ਜਿੱਤ ਲਈ ਯੋਗਦਾਨ ਦੇਣ ਵਾਲੇ ਤਮਾਮ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਤੁਹਾਡੀ ਅਸਲੀ ਜਿੱਤ ਤਾਂ ਹੀ ਮੰਨੀ ਜਾਵੇਗੀ ਜੇਕਰ ਤੁਸੀਂ ਲੋਕਾਂ ਦੀਆਂ ਉਮੀਦਾਂ ਮੁਤਾਬਕ ਕੰਮ ਕਰੋਗੇ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਸਹੀ ਮਾਇਨੇ ‘ਚ ਯਤਨ ਕੀਤੇ ਜਾਣਗੇ। ਉਨ੍ਹਾਂ ਇਸ ਦੌਰਾਨ ਆਪਣੇ ਵੱਲੋਂ ਡੇਢ ਸਾਲਾਂ ‘ਚ ਕਰਵਾਏ ਵਿਕਾਸ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ।
ਹੋਰਨਾਂ ਬੁਲਾਰਿਆਂ ‘ਚ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਗੁਰਦਾਸਪੁਰ ਬਰਿੰਦਰਮੀਤ ਸਿੰਘ ਪਾਹੜਾ, ਵਿਧਾਇਕ ਕਾਦੀਆਂ ਫ਼ਤਿਹਜੰਗ ਸਿੰਘ ਬਾਜਵਾ ਅਤੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪੰਜਾਬ ਦੀ ਮੰਦੀ ਹਾਲਤ ਦੇ ਲਈ ਗੱਠਜੋੜ ਸਰਕਾਰ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ਨੂੰ ਕਸੂਰਵਾਰ ਠਹਿਰਾਇਆ। ਸੁਖਜਿੰਦਰ ਰੰਧਾਵਾ ਨੇ ਬਾਦਲਾਂ ਨੂੰ ਰਗੜੇ ਲਾਉਂਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਜ਼ਿੰਦਗੀ ਭਰ ਬਖ਼ਸ਼ੇ ਨਹੀਂ ਜਾਣਗੇ, ਭਾਵੇਂ ਉਹ ਕਿੰਨੀਆਂ ਵੀ ਭੁੱਲਾਂ ਕਿਉਂ ਨਾ ਬਖਸ਼ਾ ਲੈਣ। ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਗੁਰਦਾਸਪੁਰ ਤੋਂ ਅਕਾਲੀ ਲੀਡਰ ਗੁਰਬਚਨ ਸਿੰਘ ਬੱਬੇਹਾਲੀ ਨੂੰ ਲਲਕਾਰਦਿਆਂ ਕਿਹਾ ਕਿ ਅਜਿਹੇ ਅਕਾਲੀ ਲੀਡਰਾਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਹੀ ਜਵਾਬ ਦਿੱਤਾ ਜਾਵੇਗਾ, ਜਿਨ੍ਹਾਂ ਨੇ 10 ਸਾਲ ਕਾਂਗਰਸੀ ਵਰਕਰਾਂ ‘ਤੇ ਅੰਨ੍ਹਾਂ ਜ਼ੁਲਮ ਕੀਤਾ ਹੈ। ਅਖ਼ੀਰ ਵਿੱਚ ਸੁਨੀਲ ਜਾਖੜ ਤੇ ਹੋਰਨਾਂ ਸੀਨੀਅਰ ਨੇਤਾਵਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸਾਬਕਾ ਵਿਧਾਇਕ ਭੋਆ ਰੁਮਾਲ ਚੰਦ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦਰਸ਼ਨ ਸਿੰਘ ਰੰਧਾਵਾ, ਬਲਕਾਰ ਚੰਦ ਅਵਾਂਖਾ, ਸਿਟੀ ਪ੍ਰਧਾਨ ਨੀਟੂ ਚੌਹਾਨ, ਪੀਏ ਕੈਪਟਨ ਸ਼ੇਰ ਸਿੰਘ, ਪ੍ਰੀਤਮ ਸਿੰਘ, ਮੀਡੀਆ ਇੰਚਾਰਜ ਦੀਪਕ ਭੱਲਾ, ਚੇਅਰਮੈਨ ਜਿੰਮੀ ਬਰਾੜ, ਡਾਇਰੈਕਟਰ ਗੁਰਮੀਤ ਕੌਰ, ਪ੍ਰਵੀਨ ਬਾਬਾ, ਰਮੇਸ਼ ਕੁਮਾਰ ਮੇਸ਼ਾ ਅਤੇ ਸਰਪੰਚ ਹਰਪਾਲ ਸਿੰਘ ਜੋਗਰ ਤੋਂ ਇਲਾਵਾ ਵੱਡੀ ਗਿਣਤੀ ‘ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *