ਥਾਣਾ ਲਾਹੌਰੀ ਗੇਟ ਦੇ ਸਾਂਝ ਕੇਂਦਰ ਨੇ ਮਨਾਈ ਧੀਆਂ ਦੀ ਲੋਹੜੀ
ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਵੀ ਜਾਣੂ ਕਰਵਾਇਆ
ਪਟਿਆਲਾ, 12 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਪੁਲਿਸ ਜਿੱਥੇ ਆਮ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰ ਰਹੀ ਹੈ, ਉਥੇ ਹੀ ਸਮਾਜਿਕ ਬੁਰਾਈਆਂ ਵਿਰੁੱਧ ਵੀ ਲੋਕਾਂ ਨੂੰ ਚੇਤਨ ਕਰ ਰਹੀ ਹੈ। ਇਸ ਤਹਿਤ ਇੱਥੇ ਥਾਣਾ ਲਾਹੌਰੀ ਗੇਟ ਦੇ ਸਾਂਝ ਕੇਂਦਰ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ। ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸਾਂ ਹੇਠ ਸਾਂਝ ਕੇਂਦਰ ਥਾਣਾ ਲਾਹੌਰੀ ਗੇਟ ਦੇ ਇੰਚਾਰਜ ਏ.ਐਸ.ਆਈ ਰੇਨੂੰ ਬਾਲਾ ਵੱਲੋਂ ਧੀਆ ਦੀ ਲੋਹੜੀ ਦਾ ਤਿਉਹਾਰ ਮਨਾਇਆ ਗਿਆ।
ਐਸ.ਪੀ. ਸਥਾਨਕ ਸ. ਹਰਵਿੰਦਰ ਸਿੰਘ ਵਿਰਕ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪਟਿਆਲਾ ਪੁਲਿਸ ਸਮਾਜ ਵਿਰੋਧੀ ਅਨਸਰਾਂ ਨੂੰ ਜਿੱਥੇ ਕਰੜੇ ਹੱਥੀਂ ਸਿੱਝ ਰਹੀ ਹੈ, ਉਥੇ ਹੀ ਆਪਣੀ ਸਮਾਜਿਕ ਜਿੰਮੇਵਾਰੀ ਸਮਝਦਿਆਂ ਸਮਾਜ ਵਿਰੋਧੀ ਬੁਰਾਈਆਂ ਵਿਰੁੱਧ ਵੀ ਜਾਗਰੂਕ ਕਰ ਰਹੀ ਹੈ। ਐਸ.ਪੀ ਜਾਂਚ ਸ. ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਧੀਆਂ ਸਾਡੇ ਸਮਾਜ ਦਾ ਅਹਿਮ ਅੰਗ ਹਨ ਅਤੇ ਇਨ੍ਹਾਂ ਦੇ ਜਨਮ ਮੌਕੇ ਸੋਗ ਮਨਾਉਣ ਦੀ ਥਾਂ ਇਨ੍ਹਾਂ ਦਾ ਸਵਾਗਤ ਕਰਦਿਆਂ ਇਨ੍ਹਾਂ ਦੇ ਜਨਮ ਦੀ ਖੁਸ਼ੀ ਮਨਾਉਣੀ ਚਾਹੀਦੀ ਹੈ, ਕਿਉਂਕਿ ਲੜਕੀਆਂ ਅੱਜ ਲੜਕਿਆਂ ਦੇ ਮੁਕਾਬਲੇ ਕਿਸੇ ਵੀ ਪੱਖੋਂ ਪਿਛੇ ਨਹੀਂ ਰਹੀਆਂ।
ਇਸ ਮੌਕੇ ਜਿੱਥੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਉਥੇ ਹੀ ਸਾਂਝ ਕੇਂਦਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਂਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਅਤੇ ਨਾਲ ਹੀ ਨਵਜੰਮੀਆਂ ਧੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਦੇ ਮਾਪਿਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਓਰੇਨ ਇੰਸਟੀਚਿਊਟ ਅਤੇ ਸਾਂਝ ਕੇਂਦਰ ਲਾਹੌਰੀ ਗੇਟ ਵੱਲੋਂ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਸੰਬੰਧੀ ਰੈਲੀ ਕੱਢੀ ਗਈ।
ਇਸ ਸਮਾਗਮ ‘ਚ ਇਸ ਮੌਕੇ ਡੀ.ਸੀ.ਪੀ.ਓ ਸ੍ਰੀ ਸ”ੌਰਭ ਜਿੰਦਲ, ਟ੍ਰੈਫਿਕ ਇੰਚਾਰਜ ਸ. ਕਰਨੈਲ ਸਿੰਘ ਤੇ ਡੀ.ਐਸ.ਐਸ.ਕੇ ਮੈਡਮ ਸੁਮਨ ਬਾਲਾ ਸਮੇਤ ਕਾਂਗਰਸ ਆਗੂ ਸੁਰਿੰਦਰ ਸਰਮਾਂ, ਜਸਵਿੰਦਰ ਜੁਲਕਾਂ, ਓਰੇਨ ਹੈਡ ਅਮਨ ਅਤੇ ਓਰੇਨ ਅਕੈਡਮੀ ਦੇ ਸਟਾਫ ਮੈਂਬਰਜ ਤੇ ਵਿਦਿਆਰਥੀ, ਸਾਂਝ ਕਮੇਟੀ ਮੈਂਬਰ ਆਸ਼ਾ ਕਿਰਨ, ਸੇਠੀ ਫਲੈਕਸ, ਸੁਰਿੰਦਰ ਕਾਂਸਲ, ਰਕੇਸ਼ ਖੰਨਾ, ਜਸਪਾਲ ਮਹਿਰਾ, ਵਰੁਣ ਜਿੰਦਲ, ਮਦਨ ਲਾਲ, ਮਿਊਜਕ ਪ੍ਰਾਡਿਊਸਰ ਪਵਨ ਚੋਟੀਆ, ਸਨੇਹ ਲਤਾ ਅਤੇ ਸਾਂਝ ਸਟਾਫ ਗੁਰਦੀਪ ਸਿੰਘ, ਸੁਰਿੰਦਰ ਸਿੰਘ, ਪਰਵਿੰਦਰ ਕੌਰ, ਜਸਜੀਤ ਕੌਰ, ਡਿੰਪਲ ਰਾਣੀ ਅਤੇ ਹੋਰਨਾਂ ਨੇ ਇਸ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।

