ਪਟਿਆਲਾ ਸ਼ਹਿਰ ‘ਚ ਪਾਰਕਿੰਗ ਦੀ ਸਮੱਸਿਆ ਦੇ ਪੱਕੇ ਹੱਲ ਲਈ ਤਜਵੀਜ ਤਿਆਰ- ਮੇਅਰ
ਮੇਅਰ ਵੱਲੋਂ ਸੜਕ ਸੁਰੱਖਿਆ ਸਪਤਾਹ ਮੌਕੇ ਸਰਕਾਰੀ ਬਹੁਤਕਨੀਕੀ ਕਾਲਜ ‘ਚ ਪ੍ਰਦਰਸ਼ਨੀ ਦਾ ਉਦਘਾਟਨ
ਪਟਿਆਲਾ, 16 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਇਥੇ ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਸੜਕ ਸੁਰੱਖਿਆ ਸਪਤਾਹ ਦੀ ਸ਼ੁਰੂਆਤ ਮੌਕੇ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਐਨ.ਐਸ.ਐਸ. ਵਿੰਗ ਵੱਲੋਂ ਸੜਕ ਸੁਰੱਖਿਆ ਦੇ ਸਬੰਧ ‘ਚ 3 ਦਿਨਾਂ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਕੀਤਾ। ਉਨ੍ਹਾਂ ਨਾਲ ਸੰਸਥਾ ਦੇ ਪ੍ਰਿੰਸੀਪਲ ਡਾ. ਸਰਬਮੋਹਣ ਸਿੰਘ ਵੀ ਮੌਜੂਦ ਸਨ ਜਦੋਂਕਿ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਸ. ਮਲਕੀਤ ਸਿੰਘ ਮਾਨ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਹੋਏ।
ਇਸ ਮੌਕੇ ਮੇਅਰ ਸ੍ਰੀ ਸੰਜੀਵ ਬਿੱਟੂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਟਿਆਲਾ ਦੀ ਮਾਲ ਰੋਡ ਦਾ ਛੇਤੀ ਹੀ ਨਵੀਨੀਕਰਨ ਕੀਤਾ ਜਾ ਰਿਹਾ ਹੈ। ਜਦੋਂਕਿ ਸ਼ਹਿਰ ਵਿੱਚ ਪਾਰਕਿੰਗ ਦੀ ਸਮੱਸਿਆ ਦੇ ਪੱਕੇ ਹੱਲ ਲਈ ਸ਼ਹਿਰ ਦੀਆਂ 16 ਖਾਲੀ ਪਈਆਂ ਥਾਵਾਂ ਦੀ ਚੋਣ ਕਰਕੇ ਪਾਰਕਿੰਗ ਦੀ ਤਜਵੀਜ਼ ਤਿਆਰ ਕੀਤੀ ਗਈ ਹੈ। ਉਨ੍ਹਾਂ ਸਮੂਹ ਸ਼ਹਿਰੀਆਂ ਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਸੁੰਦਰੀਕਰਨ ਵਿੱਚ ਵੱਧ-ਚੜ ਕੇ ਹਿੱਸਾ ਪਾਉਣ ਤਾਂ ਜ਼ੋ ਪਟਿਆਲਾ ਸ਼ਹਿਰ ਨੂੰ ਦੁਨੀਆਂ ਦੇ ਵਧੀਆ ਸ਼ਹਿਰਾਂ ਵਿੱਚ ਸ਼ਾਮਿਲ ਕੀਤਾ ਜਾ ਸਕੇ। ਸ੍ਰੀ ਸੰਜੀਵ ਸ਼ਰਮਾ ਨੇ ਪਟਿਆਲਾ ਦੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸਵੱਛ ਭਾਰਤ ਸਰਵੇਖਣ 2019 ਤਹਿਤ ਪਟਿਆਲਾ ਨੂੰ ਰੈਕਿੰਕ ‘ਚ ਮੋਹਰੀ ਸਥਾਨ ਦਿਵਾਉਣ ਲਈ ਵੀ ਨਗਰ ਨਿਗਮ ਦਾ ਸਾਥ ਦੇਣ ਅਤੇ ਵੱਧ ਤੋਂ ਵੱਧ ਸ਼ਹਿਰੀ ਆਪਣੇ ਮੋਬਾਇਲਾਂ ‘ਚ ਸਵੱਛਤਾ ਐਪ ਡਾਊਨਲੋਡ ਕਰਨ।
ਪਟਿਆਲਾ ਫਾਊਂਡੇਸ਼ਨ ਦੇ ਚੇਅਰਮੈਨ ਸ੍ਰੀ ਰਵੀ ਆਹਲੂਵਾਲੀਆ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅੰਕੜਿਆਂ ਨਾਲ ਪ੍ਰਦਰਸ਼ਨੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ‘ਚ ਹਰ 2 ਘੰਟੇ ਬਾਅਦ ਸੜਕ ਦੁਰਘਟਨਾ ਨਾਲ ਇੱਕ ਕੀਮਤੀ ਜਾਨ ਚਲੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਲੰਟੀਅਰਾਂ ਵੱਲੋਂ ਟਰੈਫਿਕ ਪੁਲਿਸ ਨਾਲ ਮਿਲ ਕੇ ਵੱਧ ਹਾਸਤਾਗ੍ਰਸਤ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਤਾਂ ਜ਼ੋ ਹਾਦਸਿਆਂ ਨੂੰ ਰੋਕਿਆ ਜਾ ਸਕੇ। ਇਸੇ ਤਰ੍ਹਾਂ ਪਟਿਆਲਾ ਸ਼ਹਿਰ ਦੇ ਪ੍ਰਦੂਸ਼ਣ ਦੀ ਦਿਨ ਦੇ ਵੱਖ-ਵੱਖ ਸਮੇਂ ਵਤਾਵਰਣ ‘ਚ ਮੱਦ ਸਬੰਧੀ ਡਾਟਾ ਵੀ ਇਕੱਠਾ ਕੀਤਾ ਗਿਆ ਹੈ।
ਕਾਲਜ ਦੇ ਪ੍ਰਿੰਸੀਪਲ ਡਾ. ਸਰਮੋਹਣ ਸਿੰਘ ਨੇ ਰਾਸ਼ਟਰੀ ਸੇਵਾ ਯੋਜਨਾ ਵਿਭਾਗ ਅਤੇ ਪਟਿਆਲਾ ਫਾਊਂਡੇਸ਼ਨ ਦੇ ਇਸ ਉਪਰਾਲੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅੇ ਵਿਦਿਆਰਥਣਾਂ ਨੂੰ ਵੱਧ ਤੋਂ ਵੱਧ ਸੜਕ ਸੁਰੱਖਿਆ ਨਿਯਮ ਅਪਨਾਉਣ ਉੱਪਰ ਜ਼ੋਰ ਦਿੱਤਾ ਅਤੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਹੈਲਮਟ ਪਾ ਕੇ ਦੋ ਪਹੀਆ ਵਾਹਨ ਚਲਾਉਣ ਲਈ ਪ੍ਰੇਰਿਤ ਕੀਤਾ।
ਰਾਸ਼ਟਰੀ ਸੇਵਾ ਯੋਜਨਾ ਦੇ ਕਾਲਜ ਦੇ ਕਨਵੀਨਰ ਪ੍ਰੋ: ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਸੜਕ ਸੁਰੱਖਿਆ ਅਤੇ ਵਾਤਾਵਰਨ ਦੀ ਸ਼ੁਧਤਾ ਲਈ ਇਸ ਪ੍ਰਦਰਸ਼ਨੀ ਵਿੱਚ ਜਾਣਕਾਰੀ ਦਿੱਤੀ ਗਈ ਅਤੇ ਵਿਦਿਆਰਥਣਾਂ ਨੂੰ ਆਪਣੇ ਸੁਝਾਅ ਦੇਣ ਲਈ ਕਿਹਾ ਗਿਆ ਤਾਂ ਜ਼ੋ ਪਾਰਕਿੰਗ ਟਰੈਫਿਕ ਅਤੇ ਸੜਕ ਦੁਰਘਟਨਾਵਾਂ ਸਬੰਧੀ ਆਮ ਸ਼ਹਿਰੀਆਂ ਅਤੇ ਵਿਦਿਆਰਥੀਆਂ ਦੇ ਸੁਝਾਅ ਕਲਮ ਬੱਧ ਕਰ ਸਰਕਾਰ ਤੱਕ ਪਹੁੰਚਾਏ ਜਾ ਸਕਣ।

