ਭਾਰਤ ਦੀ ਆਸਟ੍ਰੇਲਿਆ ‘ਤੇ ਇਤਿਹਾਸਕ ਜਿੱਤ ਦਰਜ
ਮੈਲਬੋਰਨ 18 ਜਨਵਰੀ (ਮਧੂਸਾਰ ਬਿਊਰੋ) ਲੈੱਗ ਸਪਿਨਰ ਯੁਜਵੇਂਦਰ ਚਾਹਲ (42 ਦੌੜਾਂ ‘ਤੇ 6 ਵਿਕਟ) ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਅਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੀ ਅਜੇਤੂ 87 ਦੌੜਾਂ ਦੀ ਪਾਰੀ ਅਤੇ ਕੇਦਾਰ ਜਾਧਵ ਦੀ 61 ਦੌੜਾਂ ਦੀ ਜ਼ਬਰਦਸਤ ਅਰਧ ਸੈਂਕੜੇ ਵਾਲੀ ਪਾਰੀਆਂ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ ਸ਼ੁੱਕਰਵਾਰ ਨੂੰ ਤੀਜੇ ਅਤੇ ਫੈਸਲਾਕੁੰਨ ਇਕ ਰੋਜ਼ਾ ਕ੍ਰਿਕਟ ਮੈਚ ‘ਚ 7 ਵਿਕਟਾਂ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ‘ਚ 2-1 ਦੀ ਇਤਿਹਾਸਕ ਜਿੱਤ ਦਰਜ ਕਰ ਲਈ। ਭਾਰਤ ਨੇ ਸੀਰੀਜ਼ ਦਾ ਪਹਿਲਾ ਮੈਚ ਹਾਰਨ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਅਗਲੇ ਦੋ ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਂ ਕੀਤੀ। ਭਾਰਤ ਨੇ ਇਸ ਤਰ੍ਹਾਂ ਪਹਿਲੀ ਵਾਰ ਆਸਟਰੇਲੀਆ ਦੀ ਜ਼ਮੀਨ ‘ਤੇ ਦੋ ਪੱਖੀ ਵਨ ਡੇ ਸੀਰੀਜ਼ ‘ਚ ਜਿੱਤ ਹਾਸਲ ਕੀਤੀ।
ਭਾਰਤ ਅਤੇ ਆਸਟਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦੇ ਤੀਜੇ ਅਤੇ ਆਖ਼ਰੀ ਮੈਚ ‘ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ। ਆਸਟਰੇਲੀਆ ਨੇ ਬੱਲੇਬਾਜ਼ੀ ਕਰਦੇ ਹੋਏ 9 ਵਿਕਟ ਗੁਆ ਕੇ 230 ਦੌੜਾਂ ਬਣਾਈਆਂ । ਇਸ ਤਰ੍ਹਾਂ ਆਸਟਰੇਲੀਆ ਨੇ ਭਾਰਤ ਨੂੰ ਜਿੱਤ ਲਈ 231 ਦੌੜਾਂ ਦਾ ਟੀਚਾ ਦਿੱਤਾ ਹੈ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਆਸਟਰੇਲੀਆ ‘ਚ ਪਹਿਲੀ ਵਾਰ ਕੋਈ ਵਨ ਡੇ ਸੀਰੀਜ਼ ਜਿੱਤਣ ਦਾ ਕਾਰਨਾਮਾ ਕੀਤਾ।

